ਦਿੱਲੀ , ਅਕਤੂਬਰ 2020 -(ਜਨ ਸਕਤੀ ਨਿਉਜ)- ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਜੁੜੇ ਨਵੇਂ ਕਾਨੂੰਨ ਪਾਸ ਕਰਨ ਤੇ ਦੇਸ਼ ਭਰ 'ਚ ਉੱਠੇ ਵਿਦਰੋਹ ਤਹਿਤ ਪੰਜਾਬ ਦੇ ਰੋਪੜ ਇਲਾਕੇ ਨਾਲ ਸਬੰਧਤ 5 ਗੁਰਸਿੱਖ ਨੌਜਵਾਨਾਂ ਵਲੋਂ ਸੰਸਦ ਦੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਸੰਘਰਸ਼ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹੁੰਚ ਕੇ ਉਕਤ ਨੌਜਵਾਨਾਂ ਨੂੰ ਥਾਪੜਾ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਗੁਰਦੁਆਰਾ ਰਕਾਬ ਗੰਜ ਸਾਹਿਬ ਦਰਸ਼ਨ ਕਰਨ ਆਏ ਸਨ ਤੇ ਜਦੋਂ ਪਤਾ ਲੱਗਾ ਕਿ ਪੰਜਾਬ ਤੋਂ ਇਨ੍ਹਾਂ ਸਿੰਘਾਂ ਨੇ ਪਾਰਲੀਮੈਂਟ ਸਾਹਮਣੇ ਕਿਸਾਨੀ ਸੰਘਰਸ਼ ਨੂੰ ਲੈ ਕੇ ਮੋਰਚਾ ਲਗਾਇਆ ਹੈ ਤਾਂ ਇਨ੍ਹਾਂ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਿਸਾਨੀ ਦੇ ਖ਼ਿਲਾਫ਼ ਹੈ ਤੇ ਇਸ ਲਈ ਸਮੁੱਚੇ ਦੇਸ਼ ਦੇ ਕਿਸਾਨ ਸੰਘਰਸ਼ ਲੜ ਰਹੇ ਹਨ। ਇਨ੍ਹਾਂ ਸਿੰਘਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਇਨ੍ਹਾਂ ਕਾਨੂੰਨਾਂ ਦਾ ਜਾਇਜ਼ ਵਿਰੋਧ ਪਾਰਲੀਮੈਂਟ ਸਾਹਮਣੇ ਬੈਠ ਕੇ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਕਿਸਾਨਾਂ ਦੀ ਇਸ ਜਾਇਜ਼ ਨੂੰ ਮੰਗ ਨੂੰ ਮੰਨੇ ਤੇ ਕਾਨੂੰਨ ਵਾਪਸ ਲਵੇ, ਕਿਉਂਕਿ ਇਹ ਫੈਸਲਾ ਕਿਸਾਨੀ ਨੂੰ ਖ਼ਤਮ ਕਰਨ ਵਾਲਾ ਹੈ। ਅੱਜ ਹਰੇਕ ਕਿਸਾਨ ਸੜਕਾਂ 'ਤੇ ਆ ਕੇ ਇਸ ਬਿੱਲ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਤੇ ਦੇਸ਼ ਦੀ ਜਨਤਾ ਦਾ ਵੱਡੇ ਪੱਧਰ 'ਤੇ ਕਿਸਾਨੀ 'ਤੇ ਨਿਰਭਰ ਹੈ। ਸੋ ਕਿਸਾਨੀ ਸਮੇਂ ਦੀ ਮੁੱਖ ਲੋੜ ਹੈ ਜਿਸ ਨੂੰ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਸਾਡਾ ਨੌਜਵਾਨ ਆਪਣੇ ਹੱਕਾਂ ਲਈ ਅੱਗੇ ਆਇਆ ਹੈ। ਉਨ੍ਹਾਂ ਸਾਰੇ ਸਿੰਘਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੋਰਚੇ 'ਤੇ ਬੈਠੇ ਨੌਜਵਾਨਾਂ ਦੇ ਆਗੂ ਹਰਪ੍ਰੀਤ ਸਿੰਘ ਬਸੰਤ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ, ਭਾਈ ਸੁਰਿੰਦਰਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਦਿੱਲੀ, ਜਸਵੀਰ ਸਿੰਘ ਲੌਂਗੋਵਾਲ ਸਹਾਇਕ ਇੰਚਾਰਜ, ਭਾਈ ਅਵਤਾਰ ਸਿੰਘ, ਭਾਈ ਬਲਜੀਤ ਸਿੰਘ ਰਸ਼ੀਆ, ਭਾਈ ਕੁਲਵੰਤ ਸਿੰਘ, ਭਾਈ ਪ੍ਰਭ ਸਿੰਘ ਆਦਿ ਮੌਜੂਦ ਸਨ।