You are here

ਸਿੱਖ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਘਰ ਹੋਵੇਗਾ ਨਿਲਾਮ, ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ

ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)- ਸਿੱਖ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪਿ੍ਰੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ 'ਲਿਟਲ ਬੋਲਟਨਸ ਹਾਊਸ' ਨਿਵਾਸ ਹੁਣ ਨਿਲਾਮ ਹੋਣ ਜਾ ਰਿਹਾ ਹੈ। ਇਸ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ।

19ਵੀਂ ਸਦੀ 'ਚ ਸਿੱਖ ਸਾਮਰਾਜ ਦੇ ਪਤਨ ਪਿੱਛੋਂ ਇਸ 'ਤੇ ਬਿ੍ਟਿਸ਼ ਸਾਮਰਾਜ ਦਾ ਕਬਜ਼ਾ ਹੋ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ। ਮਹਾਰਾਜਾ ਦਲੀਪ ਸਿੰਘ ਦਾ ਪੁੱਤਰ ਪਿ੍ਰੰਸ ਵਿਕਟਰ 1866 ਈਸਵੀ ਵਿਚ ਲੰਡਨ ਵਿਚ ਪੈਦਾ ਹੋਇਆ ਤੇ ਉਸ ਦੀ ਪੂਰੀ ਨਿਗਰਾਨੀ ਮਹਾਰਾਣੀ ਵਿਕਟੋਰੀਆ ਨੇ ਕੀਤੀ। ਬਾਅਦ ਵਿਚ ਲੇਡੀ ਐਨੀ ਕੋਵੈਂਟਰੀ ਨਾਲ ਵਿਆਹ ਪਿੱਛੋਂ ਵਿਕਟਰ ਨੂੰ ਇਹ ਘਰ ਸਰਕਾਰ ਵੱਲੋਂ ਰਹਿਣ ਲਈ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਇਸ ਘਰ ਵਿਚ ਵਿਕਟਰ ਦੇ ਰਹਿਣ ਲਈ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਸੀ। ਈਸਟ ਇੰਡੀਆ ਕੰਪਨੀ ਜੋ ਭਾਰਤ 'ਤੇ ਰਾਜ ਕਰ ਰਹੀ ਸੀ ਨੇ ਇਹ ਘਰ ਟੋਕਨ ਮਨੀ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨੂੰ ਦਿੱਤਾ ਸੀ।

ਜ਼ਿਕਰਯੋਗ ਹੈ ਕਿ 1849 ਵਿਚ ਦੂਜੇ ਐਂਗਲੋ-ਸਿੱਖ ਯੁੱਧ ਵਿਚ ਸਿੱਖ ਫ਼ੌਜ ਦੀ ਹਾਰ ਪਿੱਛੋਂ ਮੌਜੂਦਾ ਅੰਗਰੇਜ਼ ਸਰਕਾਰ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ ਸੀ। ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਦਾ ਵੱਡਾ ਪੁੱਤਰ ਸੀ। ਇਸ ਤੋਂ ਇਲਾਵਾ ਮਹਾਰਾਣੀ ਬੰਬਾ ਦੀ ਇਕ ਧੀ ਸੋਫੀਆ ਦਲੀਪ ਸਿੰਘ ਵੀ ਸੀ ਜੋਕਿ ਬਿ੍ਟਿਸ਼ ਇਤਿਹਾਸ ਵਿਚ ਅੌਰਤ ਅਧਿਕਾਰਾਂ ਦੀ ਰਖਿਅਕ ਵਜੋਂ ਜਾਣੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪਿ੍ਰੰਸ ਵਿਕਟਰ ਅਲਬਰਟ ਨੇ ਪਹਿਲੀ ਸੰਸਾਰ ਜੰਗ ਸਮੇਂ ਆਪਣੇ ਆਖਰੀ ਸਾਲ ਮੋਨਾਕੋ ਵਿਚ ਗੁਜ਼ਾਰੇ ਜਿੱਥੇ 1918 ਵਿਚ 51 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਵਿਧਵਾ ਐਨੀ 1956 ਤਕ ਇਸ 'ਲਿਟਲ ਬੋਲਟਨ ਹਾਊਸ' ਵਿਚ ਰਹੀ ਜਿਥੇ 82 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।