ਸੂਬੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ 48 ਘੰਟਿਆਂ ਵਿਚ ਹੀ ਸੂਬੇ ਦੇ 13 ਜ਼ਿਲ੍ਹਿਆਂ ਵਿਚ ਇਨ੍ਹਾਂ ਦੀ ਗਿਣਤੀ ਵਿਚ 931 ਮਰੀਜ਼ ਹੋਰ ਜੁੜ ਗਏ ਹਨ। ਇਹੀ ਨਹੀਂ ਇਨ੍ਹਾਂ ਜ਼ਿਲ੍ਹਿਆਂ ਵਿਚ ਇਸ ਦੌਰਾਨ 50 ਲੋਕਾਂ ਦੀ ਮੌਤ ਵੀ ਹੋਈ ਹੈ।
ਸਰਕਾਰੀ ਅੰਕੜਿਆਂ 'ਤੇ ਨਜ਼ਰ ਦੌੜਾਈ ਜਾਏ ਤਾਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 31,206 ਤਕ ਪੁੱਜ ਚੁੱਕੀ ਹੈ। ਇਹੀ ਨਹੀਂ ਮਰਨ ਵਾਲਿਆਂ ਦਾ ਅੰਕੜਾ ਵੀ ਅੱਠ ਸੌ ਦੇ ਪਾਰ ਜਾ ਕੇ 812 ਹੋ ਗਿਆ ਹੈ। ਸੂਬੇ ਵਿਚ ਹੁਣ ਵੀ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਜ਼ਿਲ੍ਹੇ ਤੋਂ ਆ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਇੱਥੇ 417 ਲੋਕ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ ਇਨ੍ਹਾਂ ਦੋ ਦਿਨਾਂ ਵਿਚ 27 ਲੋਕਾਂ ਦੀ ਇੱਥੇ ਮੌਤ ਹੋਈ ਹੈ। ਐਤਵਾਰ ਨੂੰ ਹੀ ਇੱਥੇ 15 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ।ਅੰਮ੍ਰਿਤਸਰ ਦੇ ਏਡੀਸੀਪੀ-3 ਹਰਪਾਲ ਸਿੰਘ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਹਰਪਾਲ ਸਿੰਘ ਅੰਮ੍ਰਿਤਸਰ ਕਮਿਸ਼ਨਰੇਟ ਵਿਚ ਕਾਰਜਸ਼ੀਲ ਹਨ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਦੇਹਾਤੀ ਵਿਚ ਵੀ ਸੇਵਾਵਾਂ ਦੇ ਚੁੱਕੇ ਹਨ। ਲਾਕਡਾਊਨ ਦੇ ਦੌਰਾਨ ਵੀ ਉਹ ਫੀਲਡ ਵਿਚ ਹੀ ਰਹੇ। ਦੂਜੇ ਪਾਸੇ ਚੰਗੀ ਗੱਲ ਇਹ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਵਿਚ ਪਿਛਲੇ ਦੋ ਦਿਨਾਂ ਵਿਚ ਸਿਰਫ਼ ਤਿੰਨ ਕੇਸ ਅਤੇ ਮਾਨਸਾ ਵਿਚ ਵੀ ਨੌਂ ਕੇਸ ਹੀ ਸਾਹਮਣੇ ਆਏ ਹਨ। ਇਸੇ ਤਰ੍ਹਾਂ ਬਠਿੰਡਾ ਵਿਚ 29 ਪਾਜ਼ੇਟਿਵ ਅਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਗੁਰਦਾਸਪੁਰ ਵਿਚ ਵੀ ਦੋ ਦਿਨ ਵਿਚ 72 ਲੋਕ ਜਿੱਥੇ ਇਨਫੈਕਟਿਡ ਪਾਏ ਗਏ ਹਨ, ਉੱਥੇ ਦੋ ਲੋਕਾਂ ਦੀ ਮੌਤ ਵੀ ਹੋਈ ਹੈ।