ਵਿਜੈਵਾੜਾ, ਅਗਸਤ 2020 -(ਏਜੰਸੀ)- ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੇ ਕੋਵਿਡ-19 ਕੇਅਰ ਸੈਂਟਰ ਵਿੱਚ ਬਦਲੇ ਗਏ ਹੋਟਲ ਵਿਚ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ। ਕ੍ਰਿਸ਼ਨਾ ਦੇ ਜ਼ਿਲ੍ਹਾ ਕੁਲੈਕਟਰ ਐੱਮਡੀ ਇਮਤਿਆਜ਼ ਨੇ ਕਿਹਾ, “ਅਸੀਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ। ਇਕ ਨਿੱਜੀ ਹਸਪਤਾਲ ਇਸ ਹੋਟਲ ਦੀ ਵਰਤੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕਰਦਾ ਹੈ ਤੇ ਇਸ ਨੂੰ ਅੱਜ ਸਵੇਰੇ ਅੱਗ ਲੱਗੀ। ਬਚਾਅ ਮੁਹਿੰਮ ਚੱਲ ਰਹੀ ਹੈ।” ਵਿਜੇਵਾੜਾ ਪੁਲੀਸ ਕਮਿਸ਼ਨਰ ਬੀ. ਸ੍ਰੀਨਿਵਾਸੁਲੂ ਨੇ ਦੱਸਿਆ ਕਿ 20 ਮਰੀਜ਼ਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਹੈ।
ਹੋਟਲ ਵਿੱਚ 40 ਜਣੇ ਸਨ ਤੇ 30 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਤੇ ਉਥੇ ਹਸਪਤਾਲ ਦੇ ਦਸ ਕਰਮਚਾਰੀ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਫਿਲਹਾਲ ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ ਤੇ ਅੱਗ ਲੱਗਣ ਬਾਅਦ ਉਥੇ ਭਗਦੜ ਮੱਚ ਗਈ ਸੀ। ਰਾਜ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਦੇ ਨਾਲ ਸਰਕਾਰ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।