ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ 2 ਅਗਸਤ ਨੂੰ ਮਠਿਆਈਆਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਛੋਟ ਦਿੱਤੀ ਜਾਵੇਗੀ। 2 ਅਗਸਤ ਨੂੰ ਮਠਿਆਈ ਦੀਆਂ ਦੁਕਾਨਾਂ ਰੂਟੀਨ ਵਾਂਗ ਖੁੱਲ੍ਹਣਗੀਆਂ, ਕਿਉਂਕਿ 3 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ। ਰੱਖੜੀ ਵਾਲੇ ਦਿਨ ਮਠਿਆਈਆਂ ਦੀ ਮੰਗ ਵੱਧ ਜਾਂਦੀ ਹੈ ਜਿਸ ਨੂੰ ਦੇਖਦੇ ਹੋਏ 2 ਅਗਸਤ (ਐਤਵਾਰ) ਨੂੰ ਮੁੱਖ ਮੰਤਰੀ ਨੇ ਮਠਿਆਈ ਦੀਆਂ ਦੁਕਾਨਾਂ ਨੂੰ ਛੋਟ ਦੇ ਦਿੱਤੀ ਹੈ। ਉੱਥੇ, ਫੇਸਬੁੱਕ 'ਤੇ ਮੁੱਖ ਮੰਤਰੀ ਤੋਂ ਪੁੱਛੇ ਗਏ ਇਕ ਸਵਾਲ ਕਿ ਬੱਸਾਂ 'ਚ ਤਾਂ 52 ਸਵਾਰੀਆਂ ਬੈਠ ਕਦੀਆਂ ਹਨ ਪਰ ਸੱਤ ਸਵਾਰੀਆਂ ਬੈਠਣ ਦੀ ਸਮਰੱਥਾ ਵਾਲੀ ਐੱਸਯੂਵੀ 'ਚ ਦੋ ਵਿਅਕਤੀ ਹੀ ਬੈਠ ਸਕਦੇ ਹਨ, ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਆਰਥਿਕ ਪੱਖ ਨੂੰ ਦੇਖਦੇ ਹੋਏ ਬੱਸਾਂ ਨੂੰ ਪੂਰਨ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਹਾਲਾਂਕਿ, ਹਕੀਕਤ ਇਹ ਹੈ ਕਿ ਬੱਸਾਂ ਨੂੰ ਹਾਲੇ ਵੀ 25 ਤੋਂ 30 ਫ਼ੀਸਦੀ ਹੀ ਸਵਾਰੀਆਂ ਮਿਲ ਰਹੀਆਂ ਹਨ। ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿਯਮਾਂ 'ਚ ਸੋਧ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦੇਣਗੇ। ਉੱਥੇ, ਰੱਖੜੀ ਵਾਲੇ ਦਿਨ ਬੱਸਾਂ ਦੀ ਆਵਾਜਾਈ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਤਾਂ ਬੱਸਾਂ ਚੱਲਣਗੀਆਂ, ਪਰ ਦੂਜੇ ਸੂਬਿਆਂ 'ਚ ਬੱਸਾਂ ਜਾਣਾ ਸੰਭਵ ਨਹੀਂ ਹੈ ਕਿਉਂਕਿ ਦੂਜੇ ਸੂਬਿਆਂ ਨੇ ਇਸ 'ਤੇ ਰੋਕ ਲਾਈ ਹੋਈ ਹੈ।