ਕਰਾਚੀ , ਜੁਲਾਈ 2020-(ਏਜੰਸੀ ) ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ 200 ਸਾਲ ਪੁਰਾਣੇ ਗੁਰਦੁਆਰੇ ਨੂੰ ਹੁਣ ਸਿੱਖ ਭਾਈਚਾਰੇ ਸੌਂਪ ਦਿੱਤਾ ਗਿਆ ਹੈ। ਇਹ ਗੁਰਦੁਆਰਾ ਬੀਤੇ ਕਰੀਬ 70 ਸਾਲ ਤੋਂ ਸਰਕਾਰ ਦੇ ਕਬਜ਼ੇ ਵਿਚ ਸੀ ਅਤੇ ਉੱਥੇ ਇਕ ਹਾਈ ਸਕੂਲ ਚੱਲ ਰਿਹਾ ਸੀ। ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪਿੱਛੋਂ ਸਰਕਾਰ ਨੇ ਕੁਝ ਮਹੀਨੇ ਪਹਿਲੇ ਗੁਰਦੁਆਰੇ ਦੀ ਇਮਾਰਤ ਨੂੰ ਖ਼ਾਲੀ ਕਰਵਾਇਆ, ਉਸ ਦੀ ਮੁਰੰਮਤ ਕਰਵਾਈ ਅਤੇ ਹੁਣ ਉਸ ਨੂੰ ਸਿੱਖ ਭਾਈਚਾਰੇ ਨੂੰ ਸੌਂਪ ਦਿੱਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਕੁਏਟਾ ਸ਼ਹਿਰ ਵਿਚ ਮਸਜਿਦ ਰੋਡ 'ਤੇ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਨੂੰ ਪਾਠ-ਪੂਜਾ ਅਤੇ ਧਾਰਮਿਕ ਸਮਾਗਮਾਂ ਲਈ ਸਿੱਖ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ। ਬਲੋਚਿਸਤਾਨ ਦੇ ਮੁੱਖ ਮੰਤਰੀ ਦੇੇ ਘੱਟ ਗਿਣਤੀ ਮਾਮਲਿਆਂ ਦੇ ਸਲਾਹਕਾਰ ਅਤੇ ਰਾਜ ਵਿਧਾਨ ਸਭਾ ਦੇ ਸਕੱਤਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਗੁਰਦੁਆਰੇ ਨੂੰ ਤਿਆਰ ਕਰਵਾ ਕੇ ਸਿੱਖ ਭਾਈਚਾਰੇ ਨੂੰ ਸੌਂਪਿਆ ਗਿਆ ਹੈ। ਕੁਮਾਰ ਨੇ ਦੱਸਿਆ ਕਿ 14 ਹਜ਼ਾਰ ਵਰਗ ਫੁੱਟ ਖੇਤਰਫਲ ਵਿਚ ਬਣੀ ਗੁਰਦੁਆਰੇ ਦੀ ਇਮਾਰਤ ਦਾ ਬਾਜ਼ਾਰ ਮੁੱਲ ਅਰਬਾਂ ਰੁਪਏ ਹੈ ਪ੍ਰੰਤੂ ਬਲੋਿੋਚਸਤਾਨ ਸਰਕਾਰ ਨੇ ਸਿੱਖ ਭਾਈਚਾਰੇ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਗੁਰਦੁਆਰੇ ਦੀ ਇਮਾਰਤ ਉਨ੍ਹਾਂ ਨੂੰ ਦੇਣ ਵਿਚ ਸੰਕੋਚ ਨਹੀਂ ਕੀਤਾ। ਜਿਨ੍ਹਾਂ ਕੁੜੀਆਂ ਦੀ ਪੜ੍ਹਾਈ ਇਸ ਵਿਚ ਚੱਲ ਰਹੇ ਸਕੂਲ ਵਿਚ ਹੁੰਦੀ ਸੀ ਉਨ੍ਹਾਂ ਦਾ ਦਾਖ਼ਲਾ ਨੇੜਲੇ ਸਕੂਲਾਂ ਵਿਚ ਕਰਵਾ ਦਿੱਤਾ ਗਿਆ ਹੈ। ਬਲੋੋਚਿਸਤਾਨ ਦੇ ਸਿੱਖ ਭਾਈਚਾਰੇ ਦੇ ਉੱਘੇ ਆਗੂ ਜਸਬੀਰ ਸਿੰਘ ਨੇ ਕਿਹਾ ਕਿ ਗੁਰਦੁਆਰੇ ਨੂੰ ਤਿਆਰ ਕਰਵਾ ਕੇ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਸੌਂਪਣਾ, ਤੋਹਫ਼ਾ ਦੇਣ ਵਰਗਾ ਹੈ। ਬਲੋੋਚਿਸਤਾਨ ਵਿਚ ਰਹਿਣ ਵਾਲੇ ਕਰੀਬ ਦੋ ਹਜ਼ਾਰ ਸਿੱਖ ਪਰਿਵਾਰਾਂ ਲਈ ਇਸ ਪ੍ਰਾਚੀਨ ਗੁਰਦੁਆਰੇ ਦਾ ਬਹੁਤ ਜ਼ਿਆਦਾ ਮਹੱਤਵ ਹੈ। ਇਸ ਤੋਂ ਪਹਿਲੇ 2019 ਵਿਚ ਸੂਬਾ ਸਰਕਾਰ ਨੇ 200 ਸਾਲ ਪੁਰਾਣੇ ਇਕ ਮੰਦਰ ਨੂੰ ਹਿੰਦੂ ਭਾਈਚਾਰੇ ਨੂੰ ਸੌਂਪਿਆ ਸੀ।