ਲੰਡਨ, ਜੁਲਾਈ 2020-(ਏਜੰਸੀ ) ਬਰਤਾਨੀਆ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕ ਆਪਣੀ ਅਬਾਦੀ ਦੀ ਸਹੀ ਜਾਣਕਾਰੀ ਲਈ ਛੇਤੀ ਹੀ ਮੁਹਿੰਮ ਛੇੜਨਗੇ। ਇਹ ਨਿੱਜੀ ਤੌਰ 'ਤੇ ਕਰਵਾਈ ਜਾਣ ਵਾਲੀ ਪਹਿਲੀ ਮਰਦਮਸ਼ੁਮਾਰੀ ਹੋਵੇਗੀ। ਬਰਤਾਨੀਆ 'ਚ ਭਾਰਤੀ ਭਾਈਚਾਰੇ ਦੇ ਲੋਕ 1916 ਤੋਂ ਰਹਿ ਰਹੇ ਹਨ ਤੇ ਮੌਜੂਦਾ ਸਮੇਂ 'ਚ ਇਨ੍ਹਾਂ ਦੀ ਗਿਣਤੀ ਕਰੀਬ 15 ਲੱਖ ਮੰਨੀ ਜਾਂਦੀ ਹੈ। ਮਰਦਮਸ਼ੁਮਾਰੀ ਦਾ ਇਹ ਕੰਮ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਆਨਲਾਈਨ ਹੋਵੇਗਾ। ਇਹ ਕਾਰਜ ਇਸ ਸਾਲ ਦੇ ਅੰਤ 'ਚ ਹੋਵੇਗਾ ਤੇ ਇਸ ਨੂੰ ਭਾਰਤੀ ਭਾਈਚਾਰੇ ਲਈ 2020 ਦੀ ਪ੍ਰਾਪਤੀ ਦੇ ਤੌਰ 'ਤੇ ਜਾਣਿਆ ਜਾਵੇਗਾ। ਬਰਤਾਨੀਆ 'ਚ ਇੰਡੀਆ ਲੀਗ ਦੇ ਚੇਅਰਮੈਨ ਤੇ ਮੀਡੀਆ ਨਾਲ ਜੁੜੇ ਸੀਬੀ ਪਟੇਲ ਮੁਤਾਬਕ ਹੁਣ ਦੇ ਦਹਾਕਿਆਂ 'ਚ ਬਰਤਾਨਵੀ-ਭਾਰਤੀ ਭਾਈਚਾਰੇ 'ਚ ਕਾਫ਼ੀ ਬਦਲਾਅ ਆਇਆ ਹੈ। ਅਬਾਦੀ ਦਾ ਸਹੀ ਅੰਕੜਾ ਸਾਹਮਣੇ ਆਉਣ 'ਤੇ ਸਾਨੂੰ ਕਈ ਮਾਅਨਿਆਂ 'ਚ ਲਾਭ ਹੋਵੇਗਾ। ਇਸ ਦੇ ਆਧਾਰ 'ਤੇ ਅਸੀਂ ਆਪਣੇ ਹਿੱਤ ਦੀ ਗੱਲ ਸਰਕਾਰ ਜਾਂ ਹੋਰ ਸਰਕਾਰੀ ਤੇ ਨਿੱਜੀ ਸੰਸਥਾਵਾਂ ਨਾਲ ਕਰ ਸਕਾਂਗੇ। ਉਨ੍ਹਾਂ ਨੂੰ ਆਪਣੇ ਬਾਰੇ ਸਹੀ ਜਾਣਕਾਰੀ ਦੇ ਸਕਾਂਗੇ। ਆਪਸੀ ਸਬੰਧਾਂ ਲਈ ਇਹ ਅੰਕੜੇ ਕਾਫ਼ੀ ਕਾਰਗਰ ਸਾਬਿਤ ਹੋਣਗੇ। ਇੰਡੀਆ ਲੀਗ ਦਹਾਕਿਆਂ ਤੋਂ ਬਰਤਾਨੀਆ 'ਚ ਰਹਿ ਰਹੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਭਾਰਤੀਆਂ ਲਈ ਕੰਮ ਕਰ ਰਹੀ ਹੈ, ਉਨ੍ਹਾਂ ਨੂੰ ਸਨਮਾਨਿਤ ਕਰ ਰਹੀ ਹੈ। ਇੰਡੀਆ ਲੀਗ ਦੇ ਸਲਾਹਕਾਰ ਤੇ ਸੰਸਦ ਮੈਂਬਰ ਸੰਦੀਪ ਵਰਮਾ ਮੁਤਾਬਕ ਕੋਵਿਡ ਮਹਾਮਾਰੀ ਦੌਰਾਨ ਸਾਨੂੰ ਸਹੀ ਅੰਕੜਿਆਂ ਦੀ ਸ਼ਿੱਦਤ ਨਾਲ ਜ਼ਰੂਰਤ ਮਹਿਸੂਸ ਹੋਈ ਹੈ। ਉਦੋਂ ਸਾਨੂੰ ਸਿਹਤ ਖੇਤਰ ਤੇ ਸਮਾਜਿਕ ਖੇਤਰ 'ਚ ਗ਼ੈਰ ਬਰਾਬਰੀ ਦਾ ਅਹਿਸਾਸ ਹੋਇਆ। ਇਹ ਅਹਿਸਾਸ ਸਿਆਹਫਾਮ, ਏਸ਼ੀਅਨ ਤੇ ਹੋਰ ਘੱਟ ਗਿਣਤੀ ਭਾਈਚਾਰੇ 'ਚ ਮਹਿਸੂਸ ਕੀਤਾ ਗਿਆ। ਅਬਾਦੀ ਤੇ ਲੋਕਾਂ ਦੀ ਸਥਿਤੀ ਦੇ ਸਹੀ ਅੰਕੜਿਆਂ ਦੇ ਸਾਹਮਣੇ ਆਉਣ 'ਤੇ ਅਸੀਂ ਆਪਣੇ ਸਮਾਜ 'ਚ ਫੈਲੀ ਵੰਨ ਸੁਵੰਨਤਾ ਬਾਰੇ ਜਾਣਕਾਰੀ ਮਿਲੇਗੀ ਤੇ ਅਸੀਂ ਬਰਤਾਨੀਆ 'ਚ ਰਹਿਣ ਵਾਲੇ ਭਾਰਤੀਆਂ ਦੀ ਜ਼ਿੰਦਗੀ ਬਿਹਤਰ ਬਣਾ ਸਕਾਂਗੇ।