ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦੇ ਬਾਜ਼ਾਰ ਵਿੱਚ ਕਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਕਰੋਨਾ ਮਹਾਂਮਾਰੀ ਲਈ ਸਿਵਲ ਹਸਪਤਾਲ ਮਹਿਲ ਕਲਾਂ ਦੇ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ ਐਮ ਓ ਮਹਿਲ ਕਲਾਂ ਡਾ ਹਰਜਿੰਦਰ ਸਿੰਘ ਨੇ ਬੱਸ ਅੱਡਾ ਮਹਿਲ ਕਲਾਂ ਦੇ ਸਾਰੇ ਦੁਕਾਨਦਾਰਾਂ ਨੂੰ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਕਿ ਦੁਕਾਨਦਾਰ ਆਪਣਾ ਕਰੋਨਾ ਵਾਇਰਸ ਦਾ ਟੈਸਟ ਕਰਵਾਉਣ,ਜਿਸ ਤੋਂ ਬਾਅਦ ਕੁੱਝ ਦੁਕਾਨਦਾਰਾਂ ਦੇ 2 ਜੁਲਾਈ ਨੂੰ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ ਛੀਨੀਵਾਲ ਰੋਡ 'ਤੇ ਸਥਿਤ ਪੰਜਾਬ ਕੰਪਿਊਟਰਾਈਜ਼ਡ ਲੈਬਾਰਟਰੀ ਦਾ ਸੰਚਾਲਕ ਰਮੇਸ਼ ਕੁਮਾਰ ਸਿੰਗਲਾ ਅਤੇ ਇਸੇ ਲੈਬਾਰਟਰੀ ਦੇ ਬਿਲਕੁੱਲ ਨਾਲ ਲੱਗਦੀ ਸੋਨੀ ਟੈਲੀਕਾਮ ਦਾ ਮਾਲਕ ਰਣਜੀਤ ਸਿੰਘ ਸੋਨੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ।ਇਸ ਤੋਂ ਇਲਾਵਾ ਬਲਾਕ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਦੀ ਇੱਕ 40 ਸਾਲਾ ਔਰਤ ਬੀਬੀ ਨਾਜਰਾ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰੋਨਾ ਪੀੜਤ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਹੋਰ ਲੋਕਾਂ ਦੀ ਸ਼ਨਾਖਤ ਕਰਕੇ ਸੈਂਪਲ ਭਰੇ ਜਾਣਗੇ। ਡਾ ਸਿਮਰਨਜੀਤ ਸਿੰਘ ਨੇ ਮਹਿਲ ਕਲਾਂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਛਲੇ ਪੰਜ ਦਿਨਾਂ ਤੋਂ ਪੰਜਾਬ ਲੈਬਾਰਟਰੀ 'ਚ ਟੈਸਟ ਕਰਵਾਉਣ ਵਾਲੇ ਆਪਣੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਣ। ਦੂਜੇ ਪਾਸੇ ਬੱਸ ਸਟੈਂਡ ਮਹਿਲ ਕਲਾਂ ਦੇ ਦੁਕਾਨਦਾਰਾਂ ਨੇ ਸਾਵਧਾਨੀ ਦੇ ਤੌਰ 'ਤੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਦੀ ਸੁਰੱਖਿਆ ਲਈ 5 ਜੁਲਾਈ ਤੋਂ 9 ਜੁਲਾਈ ਤੱਕ ਸਾਰੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।