You are here

ਬਲਾਕ ਦੋਰਾਹਾ ਦੇ ਹਰੇਕ ਪਿੰਡ ਵਿੱਚ ਲੱਗੇਗਾ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ

ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 2.97 ਕਰੋੜ ਰੁਪਏ ਮਨਜੂਰ

ਦੋਰਾਹਾ,  ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- )-ਗਿੱਲੇ ਅਤੇ ਸੁੱਕੇ ਕੂੜੇ ਦੇ ਸੁਚਾਰੂ ਅਤੇ ਸਹੀ ਪ੍ਰਬੰਧਨ ਵਿੱਚ ਕੀਤੇ ਜਾ ਰਹੇ ਲਾਮਿਸਾਲ ਕੰਮ ਨੂੰ ਮਾਨਤਾ ਦਿੰਦਿਆਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਲਾਕ ਦੋਰਾਹਾ ਨੂੰ ਇਸ ਖੇਤਰ ਵਿਚ ਮਾਡਲ ਬਲਾਕ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ। ਬਲਾਕ ਦੇ ਹਰੇਕ ਪਿੰਡ ਵਿੱਚ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਸਥਾਪਿਤ ਕਰਨ ਲਈ ਵਿਭਾਗ ਵਲੋਂ 2.97 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਇਸ ਸਬੰਧੀ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਪਾਇਲ ਦੇ ਵਿਧਾਇਕ ਸ੍ਰ ਲਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਮਗਨਰੇਗਾ ਅਤੇ ਪੰਚਾਇਤ ਫੰਡਾਂ ਨਾਲ ਇਹ ਪ੍ਰੋਜੈਕਟ ਬਲਾਕ ਦੇ 13 ਪਿੰਡਾਂ ਵਿਚ ਲਾਗੂ ਕੀਤਾ ਗਿਆ ਹੈ। 7 ਪਿੰਡਾਂ ਵਿਚ ਇਹ ਪਲਾਂਟ ਬਹੁਤ ਵਧੀਆ ਤਰੀਕੇ ਨਾਲ ਚਲ ਰਹੇ ਹਨ ਜਦਕਿ ਬਾਕੀ 6 ਪਿੰਡਾਂ ਵਿਚ ਵੀ ਜਲਦੀ ਕੰਮ ਸ਼ੁਰੂ ਹੋ ਜਾਵੇਗਾ।ਇਸ ਤੋਂ ਇਲਾਵਾ ਬਲਾਕ ਦੇ ਸਾਰੇ ਪਿੰਡਾਂ ਵਿਚ ਇਹ ਕੰਮ 15 ਦਿਨਾਂ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇਗਾ। ਲੱਖਾ ਨੇ ਦੱਸਿਆ ਕਿ ਬਲਾਕ ਦੋਰਾਹਾ ਸੂਬੇ ਦਾ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ ਦਾ ਪਹਿਲਾ ਅਜਿਹਾ ਬਲਾਕ ਹੈ, ਜਿਸ ਦੀ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਚੋਣ ਹੋਈ ਹੈ। ਇਸ ਪ੍ਰੋਜੈਕਟ ਰਾਹੀਂ ਗਿੱਲੇ ਕੂੜੇ ਤੋਂ ਔਰਗੈਨਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਖਾਦ ਨੂੰ ਵੇਚ ਕੇ ਪੰਚਾਇਤਾਂ ਨੂੰ ਆਮਦਨ ਹੋਣ ਦੇ ਨਾਲ ਨਾਲ ਪਿੰਡਾਂ ਵਿਚ ਰੋਜ਼ਗਾਰ ਦੇ ਮੌਕੇ ਵੱਧ ਰਹੇ ਹਨ। ਇਹ ਖਾਦ ਛੋਟੇ ਕਿਸਾਨਾਂ ਨੂੰ ਮੁਫ਼ਤ ਵੀ ਦਿੱਤੀ ਜਾ ਰਹੀ ਹੈ। ਇਹ ਖਾਦ ਵਣ ਅਤੇ ਬਾਗਬਾਨੀ ਵਿਭਾਗ ਨੂੰ ਵੀ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਰਾਹੀਂ ਪੈਕੇਟ ਬਣਾ ਕੇ ਵੇਚਣ ਦੀ ਵੀ ਤਜਵੀਜ਼ ਹੈ। ਇਸ ਮੌਕੇ ਹਾਜ਼ਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਵਦੀਪ ਕੌਰ ਨੇ ਦੱਸਿਆ ਕਿ ਇਹ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਵਾਨਿਤ ਹੈ। ਉਹਨਾਂ ਕਿਹਾ ਕਿ ਲਿਸ ਪ੍ਰੋਜੈਕਟ ਰਾਹੀਂ ਪਿੰਡਾਂ ਵਿਚ ਨਾਰੀ ਸਸ਼ਕਤੀਕਰਨ ਦਾ ਵਾਧਾ ਹੋ ਰਿਹਾ ਹੈ। ਉਕਤ 13 ਪਿੰਡਾਂ ਵਿਚ ਦਾਉਮਾਜਰਾ, ਅਲੂਣਾ ਤੋਲਾ, ਲੰਢਾ, ਭਰਥਲਾ ਰੰਧਾਵਾ, ਚੰਨਕੋਈਆਂ ਖੁਰਦ, ਘਲੋਟੀ, ਅਫ਼ਜ਼ੁੱਲਾਪੁਰ, ਰੌਣੀ, ਕੋਟਲਾ ਅਫਗਾਨਾ, ਘਣਗਸ, ਮਾਂਹਪੁਰ, ਮਾਜਰੀ ਅਤੇ ਫਿਰੋਜ਼ਪੁਰ ਸ਼ਾਮਿਲ ਹਨ। ਇਸ ਮੌਕੇ ਬਲਾਕ ਸੰਮਤੀ ਚੇਅਰਪਰਸਨ ਸ਼ਿਵਦੀਪ ਕੌਰ ਦਾਊਮਾਜਰਾ, ਉਪ ਚੇਅਰਮੈਨ ਸੁਖਦੇਵ ਸਿੰਘ ਬੁਆਣੀ, ਜਸਵੀਰ ਸਿੰਘ ਦਾਊਮਾਜਰਾ, ਬਲਾਕ ਕਾਂਗਰਸ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਅਤੇ ਹੋਰ ਹਾਜ਼ਰ ਸਨ। ਇਸ ਉਪਰੰਤ ਪਿੰਡ ਲੰਢਾ ਵਿਖੇ ਮੀਡੀਆ ਨੁਮਾਇੰਦਿਆਂ ਨੂੰ ਇਹ ਪ੍ਰੋਜੈਕਟ ਵੀ ਦਿਖਾਇਆ ਗਿਆ।