You are here

ਸਿੱਧਵਾਂ ਕਨਾਲ ਵਾਟਰ ਫ੍ਰੰਟ ਵਸਨੀਕਾਂ ਲਈ ਬਣਿਆ ਪਿਕਨਿਕ ਸਪੋਟ

ਵੱਡੀ ਗਿਣਤੀ 'ਚ ਲੁਧਿਆਣਾ ਵਾਸੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ 'ਫਿਟੀਫਾਈ' ਸਮਾਰੋਹ 'ਚ ਸ਼ਿਰਕਤ

ਜਲਦ ਹੀ ਅਜਿਹੀਆਂ ਗਤੀਵਿਧੀਆਂ ਹਫਤਾਵਾਰੀ ਤੌਰ 'ਤੇ ਜਾਣਗੀਆਂ ਕਰਵਾਈਆਂ - ਭਾਰਤ ਭੂਸ਼ਣ ਆਸ਼ੂ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਲੁਧਿਆਣਾ ਆਪਣੀ ਵਿਲੱਖਣ ਅਤੇ ਨਵੀਨਤਾਕਾਰੀ ਪਹੁੰਚ ਅਤੇ ਜੀਵਨ ਸ਼ੈਲੀ ਲਈ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਉਪਰਾਲਾ ਕਰਦਿਆਂ ਅੱਜ ਸ਼ਹਿਰ ਵਾਸੀਆਂ ਨੂੰ ਸਿਹਤਮੰਦ ਅਤੇ ਮਨੋਰੰਜਨ ਕਰਨ ਲਈ 'ਫਿਟੀਫਾਈ - ਸਿਹਤਮੰਦ ਨਾਗਰਿਕ ਤੰਦਰੁਸਤ ਲੁਧਿਆਣਾ' ਨਾਂ ਦੇ ਸਮਾਰੋਹ ਦਾ ਆਯੋਜਨ ਪਿਕਨਿਕ ਸਪੋਟ ਵਜੋਂ ਵਿਕਸਤ ਨਵੇ ਸਿੱਧਵਾਂ ਕਨਾਲ ਵਾਟਰ ਫ੍ਰੰਟ ਵਿਖੇ ਕੀਤਾ ਗਿਆ ।

ਇਹ 'ਫਿਟੀਫਾਈ' ਜੋਕਿ ਇੱਕ ਸਮਾਜਿਕ ਮੁਹਿੰਮ ਹੈ, ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਯੋਗ ਅਗਵਾਈ ਹੇਠ ਅਤੇ ਵਸਨੀਕਾਂ ਦੇ ਸਹਿਯੋਗ ਨਾਲ ਉਲੀਕਿਆ ਗਿਆ ਤਾਂ ਜੋ ਵਸਨੀਕਾਂ ਦੀ ਮਜ਼ੇਦਾਰ ਤਰੀਕੇ ਨਾਲ ਬੋਰੀਅਤ ਘਟਾ ਕੇ ਉਨ੍ਹਾਂ ਦੇ ਜੀਵਨ ਵਿੱਚ ਤੰਦਰੁਸਤੀ ਲਿਆਈ ਜਾ ਸਕੇ. ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਅਸਤ ਕਾਰਜਕ੍ਰਮ ਅਤੇ ਸਮਾਂ-ਸੀਮਾ ਦੇ ਵਿਚਕਾਰ, ਅਕਸਰ ਲੋਕ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੇ ਹਨ, ਫਿਟੀਫਾਈ ਦਾ ਆਯੋਜਨ ਵਸਨੀਕਾਂ ਨੂੰ ਸਿਹਤਮੰਦ, ਲੰਬੀ ਜ਼ਿੰਦਗੀ ਅਤੇ ਸਿਹਤਮੰਦ ਪ੍ਰਣਾਲੀ ਦੀ ਪਾਲਣਾ ਨੂੰ ਉਤਸ਼ਾਹਤ ਕਰਨ ਲਈ ਕੀਤਾ ਗਿਆ ਹੈ।

ਸਮਾਗਮ ਮੌਕੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸਾਈਕਲਿੰਗ, ਜ਼ੁੰਬਾ, ਭੰਗੜਾ, ਯੋਗਾ, ਖੇਡਾਂ, ਮੈਜਿਕ ਸ਼ੋਅ ਸਮੇਤ ਖਿੱਚ ਦਾ ਕੇਂਦਰ ਸਨ।

ਇਸ ਸਮਾਰੋਹ ਵਿੱਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਦੀ ਪਤਨੀ ਸ੍ਰੀਮਤੀ ਮਮਤਾ ਆਸ਼ੂ ਅਤੇ ਸ੍ਰੀਮਤੀ ਪੂਨਮ ਸ਼ਰਮਾ ਤੋਂ ਇਲਾਵਾ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਕੌਂਸਲਰ ਹਰੀ ਸਿੰਘ ਬਰਾੜ, ਦਿਲਰਾਜ ਸਿੰਘ, ਰਾਸ਼ੀ ਹੇਮਰਾਜ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।ਇਸ ਪ੍ਰੋਗਰਾਮ ਨੂੰ ਲੁਧਿਆਣਾ ਦਾ ਸਭ ਤੋਂ ਰੋਮਾਂਚਕ ਅਤੇ ਅਨੌਖਾ ਪ੍ਰੋਗਰਾਮ ਐਲਾਨਿਆ ਗਿਆ ਜਿੱਥੇ ਲੋਕਾਂ ਨੇ ਨਾ ਸਿਰਫ ਸਰੀਰਕ ਕਸਰਤ ਕੀਤੀ ਬਲਕਿ ਆਪਣੇ ਮਨਪਸੰਦ ਗਾਣਿਆਂ 'ਤੇ ਭੰਗੜਾ ਵੀ ਪਾਇਆ। ਵਸਨੀਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੁਦਰਤ ਦੇ ਮੱਧ ਵਿਚ ਮੁੜ ਸੁਰਜੀਤ ਕਰਨ ਅਤੇ ਤਾਜ਼ਗੀ ਦੇਣ ਲਈ ਸਿੱਧਵਾਂ ਵਾਟਰ ਕਨਾਲ ਨੂੰ ਸੁੰਦਰ ਵਾਟਰ ਫ੍ਰੰਟ ਵਜੋਂ ਵਿਕਸਿਤ ਕੀਤਾ। ਭਾਰਤ ਭੂਸ਼ਣ ਆਸ਼ੂ ਨੇ ਇਸ ਸਮਾਗਮ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਵਸਨੀਕ ਆਪਣੇ ਬੱਚਿਆਂ ਸਮੇਤ ਸਿੱਧਵਾਂ ਕਨਾਲ ਵਾਟਰ ਫਰੰਟ ਵਿਖੇ ਪਹੁੰਚ ਕੇ ਆਨੰਦ ਮਾਣਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਬਹੁਤ ਜਲਦ ਹੀ ਅਜਿਹੇ ਸਮਾਗਮਾਂ ਨੂੰ ਹਫਤਾਵਾਰੀ ਵਿਸ਼ੇਸ਼ਤਾ ਬਣਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਜੈਕਟ ਦਾ ਦੂਜਾ ਪੜਾਅ ਪੱਖੋਵਾਲ ਰੋਡ ਤੋਂ ਸ਼ੁਰੂ ਹੋ ਕੇ ਗਿੱਲ ਰੋਡ ਤੱਕ ਬਣਾਇਆ ਜਾਵੇਗਾ, ਜਿਸਦੀ ਡਿਟੇਲਡ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਸ਼ਹਿਰ ਵਾਸੀਆਂ ਦੀ ਬਿਹਤਰੀ ਲਈ ਹੋਰ ਅਜਿਹੇ ਪ੍ਰਾਜੈਕਟ ਜਲਦ ਸ਼ੁਰੂ ਕੀਤੇ ਜਾਣਗੇ।