You are here

ਕਾਰ-ਸੇਵਾ ਦੇ ਨਾਂਅ ‘ਤੇ ਵਿਰਾਸਤੀ ਘਾਣ ਦੇ ਵਰਤਾਰੇ ਨੂੰ ਰੋਕਣ ਦਾ ਵੇਲਾ...

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਓਢੀ ਨੂੰ ‘ਕਾਰ ਸੇਵਾ’ ਦੇ ਨਾਂਅ ‘ਤੇ ਢਾਹੁਣ ਦੀ ਕਾਰਵਾਈ ਸਾਡੀ ਵਿਰਾਸਤ, ਇਤਿਹਾਸ ਅਤੇ ਸਾਡੇ ਪੁਰਖਿਆਂ ਦੀਆਂ ਯਾਦਾਂ ‘ਤੇ ਅਸਹਿ ਤੇ ਅਕਹਿ ਹਮਲਾ ਹੈ। ਕਾਰ ਸੇਵਾ ਦਾ ਸੰਕਲਪ ਬੁਨਿਆਦੀ ਤੌਰ ‘ਤੇ ਤਾਂ ਬਹੁਤ ਪਵਿੱਤਰ, ਨਿਸ਼ਕਾਮ ਅਤੇ ਨਿਰਮਲ ਸੀ ਪਰ ਪਿਛਲੇ ਕੁਝ ਸਮੇਂ ਤੋਂ ਕਾਰ ਸੇਵਾ ਸੰਪਰਦਾਵਾਂ ‘ਤੇ ਕਾਬਜ਼ ਹੋਏ ਸਿੱਖੀ ਜਜ਼ਬੇ ਅਤੇ ਗੁਰਮਤਿ ਦੇ ਅਨੁਭਵੀ ਗਿਆਨ ਤੋਂ ਸੱਖਣੇ ਤੇ ਵਪਾਰੀ ਬਿਰਤੀ ਵਾਲੇ ਲੋਕਾਂ ਵਲੋਂ ਜਿਸ ਤਰ੍ਹਾਂ ਕਾਰ ਸੇਵਾ ਦੇ ਨਾਂਅ ‘ਤੇ ਸਾਡੇ ਗੁਰ-ਇਿਤਹਾਸ ਅਤੇ ਸਿੱਖ ਇਤਿਹਾਸ ਦੀਆਂ ਅਨਮੋਲ ਯਾਦਾਂ ਨੂੰ ਢਹਿਢੇਰੀ ਕੀਤਾ ਗਿਆ ਹੈ, ਉਸ ਵਰਤਾਰੇ ਨੇ ਕਾਰ ਸੇਵਾ ਦੀ ਰਵਾਇਤ ਨੂੰ ਬਦਨਾਮ ਅਤੇ ਸ਼ੱਕੀ ਬਣਾ ਦਿੱਤਾ ਹੈ। ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਦਾ ਪੁਰਾਤਨ ਘਰ ਅਤੇ ਚੁੱਲ੍ਹਾ, ਚਮਕੌਰ ਦੀ ਕੱਚੀ ਗੜ੍ਹੀ, ਅਨੰਦਪੁਰ ਸਾਹਿਬ ਵਿਖੇ ਪੁਰਾਤਨ ਇਿਤਹਾਸਕ ਅਸਥਾਨਾਂ ਦੇ ਬਚੇ-ਖੁਚੇ ਅਵਸ਼ੇਸ਼ਾਂ ਨੂੰ ਵੀ ਸੰਗਮਰਮਰੀ ਇਮਾਰਤਾਂ ਹੇਠ ਮਲੀਆਮੇਟ ਕਰਨ ਸਮੇਤ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੁਝ ਬਹੁਤ ਮਹੱਤਵਪੂਰਨ ਇਤਿਹਾਸਕ ਤੇ ਵਿਰਾਸਤੀ ਯਾਦਗਾਰਾਂ ਨੂੰ ਨਵੀਨੀਕਰਨ ਦੀ ਮਾਰ ਹੇਠ ਮਿਟਾਉਣ ਤੋਂ ਇਲਾਵਾ ਬਹੁਤ ਸਾਰੇ ਇਿਤਹਾਸਕ ਗੁਰਦੁਆਰਿਆਂ ਦੇ ‘ਦਰਬਾਰ ਸਾਹਿਬ’ ਵੱਡੇ ਕਰਨ ਦੀ ਆੜ ਹੇਠ ਪੁਰਾਤਨ ‘ਦਰਬਾਰ ਸਾਹਿਬ’ ਢਾਹੁਣੇ ਆਦਿ ਸਾਡੇ ਵਿਰਾਸਤੀ ਤੇ ਇਿਤਹਾਸਕ ਤੌਰ ‘ਤੇ ਬਹੁਤ ਵੱਡੇ ਅਤੇ ਕਦੇ ਨਾ ਪੂਰੇ ਕਰ ਸਕਣ ਵਾਲੇ ਨੁਕਸਾਨ ਹੋ ਚੁੱਕੇ ਹਨ। ਹੁਣ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਖ਼ਾਲਸਾ ਰਾਜ ਵੇਲੇ ਦੀ ਬਣੀ ਤਕਰੀਬਨ 200 ਸਾਲ ਪੁਰਾਣੀ ਦਰਸ਼ਨੀ ਡਿਓਢੀ ਨੂੰ ਸ਼ਨਿੱਚਰਵਾਰ ਦੀ ਰਾਤ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਵਲੋਂ ਢਾਹੁਣ ਦੀ ਅਸਹਿਣਯੋਗ ਕਾਰਵਾਈ ਨੇ ਸਮੁੱਚੀ ਸਿੱਖ ਕੌਮ ਨੂੰ ਆਪਣੀ ਵਿਰਾਸਤ ਤੇ ਇਤਿਹਾਸਕ ਗੁਰਧਾਮਾਂ ਦੀ ਪੁਰਾਤਨਤਾ ਨੂੰ ਮਿਟਾਉਣ ਦੇ ਸੰਗੀਨ ਸਾਜ਼ਿਸ਼ੀ ਵਰਤਾਰੇ ਪ੍ਰਤੀ ਸੁਚੇਤ ਤੇ ਚਿੰਤਤ ਕਰ ਦਿੱਤਾ ਹੈ। 

ਥੋੜ੍ਹਾ ਜਿਹਾ ਧੀਰਜ ਦੇਣ ਵਾਲੀ ਗੱਲ ਇਹ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਭਾਵਨਾਵਾਂ ਸਮਝਦਿਆਂ ਕਾਰ ਸੇਵਾ ਦੇ ਨਾਂਅ ‘ਤੇ ਸਿੱਖ ਵਿਰਾਸਤ ਦਾ ਘਾਣ ਕਰਨ ਦੇ ਵਰਤਾਰੇ ਪ੍ਰਤੀ ਗੰਭੀਰ ਰੁਖ ਅਖਤਿਆਰ ਗਿਆ ਕੀਤਾ ਹੈ। ਜਗਤਾਰ ਸਿੰਘ ਕਾਰ ਸੇਵਾ ਵਾਲੇ ਤੋਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਹਨ। ਅਸੀਂ ਆਸ ਕਰਦੇ ਹਾਂ ਕਿ ਬਾਬਾ ਜਗਤਾਰ ਸਿੰਘ ਖ਼ਿਲਾਫ਼ ਅਪਰਾਧਿਕ ਮਾਮਲਾ ਵੀ ਪੁਲਿਸ ਕੋਲ ਦਰਜ ਹੋਣਾ ਚਾਹੀਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਨੂੰ ਬੱਜਰ ਗੁਨਾਹ ਦੇ ਦੋਸ਼ ‘ਚ ਪੰਥ ਵਿਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਗੁਰਧਾਮਾਂ ਦੀ ਸੇਵਾ-ਸੰਭਾਲ ਗੁਰਮਤਿ ਅਨੁਸਾਰੀ ਪ੍ਰਬੰਧਾਂ ਅਨੁਸਾਰ ਕਰਨ ਲਈ ਹੋਇਆ ਸੀ। ਸਾਡੇ ਇਤਿਹਾਸਕ ਗੁਰ-ਅਸਥਾਨਾਂ ਅਤੇ ਵਿਰਾਸਤ ਦੀ ਪੁਰਾਤਨਤਾ ਨੂੰ ਸੁਰੱਖਿਅਤ ਰੱਖਣਾ ਵੀ ਇਸ ਦੇ ਵਿਧਾਨਕ ਫਰਜ਼ਾਂ ਵਿਚੋਂ ਪ੍ਰਮੁੱਖ ਹੈ। ਪਿਛਲੇ ਸਮਿਆਂ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਅਸਥਾਨਾਂ ਵਿਖੇ ਸਮੇਂ ਦੀ ਲੋੜ ਅਨੁਸਾਰ ਨਵੀਆਂ ਉਸਾਰੀਆਂ ਕਾਰ ਸੇਵਾ ਵਾਲੇ ਬਾਬਿਆਂ ਤੋਂ ਕਰਵਾਈਆਂ ਜਾਂਦੀਆਂ ਰਹੀਆਂ। ਇਸੇ ਦੌਰਾਨ ਬਹੁਤ ਸਾਰੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਅਣਗਹਿਲੀ ਜਾਂ ਵਿਰਾਸਤ ਦੀ ਅਹਿਮੀਅਤ ਤੋਂ ਅਨਜਾਣ ਹੋਣ ਕਰਕੇ ਸਾਡੇ ਗੁਰ-ਇਤਿਹਾਸ ਨਾਲ ਸਬੰਧਤ ਬਹੁਤ ਸਾਰੀਆਂ ਅਨਮੋਲ ਨਿਸ਼ਾਨੀਆਂ ਨੂੰ ਮਿਟਾ ਦਿੱਤਾ ਗਿਆ, ਜੋ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਭਾਵਨਾਤਮਕ ਤੌਰ ‘ਤੇ ਆਪਣੇ ਪੁਰਖਿਆਂ ਦੀਆਂ ਯਾਦਾਂ ਨਾਲ ਜੋੜਨ ਵਾਲੀਆਂ ਸਨ। ਨਵੀਨੀਕਰਨ ਅਤੇ ਸੁੰਦਰੀਕਰਨ ਦਾ ਸਾਡੇ ਗੁਰਧਾਮਾਂ ਦੇ ਪ੍ਰਬੰਧਕਾਂ ਅਤੇ ਕਾਰ-ਸੇਵਾ ਵਾਲੇ ਬਾਬਿਆਂ ‘ਤੇ ਐਸਾ ਭੂਤ ਸਵਾਰ ਰਿਹਾ ਹੈ ਕਿ ਦੋ-ਚਾਰ ਸਾਲ ਬਾਅਦ ਹੀ ਤੁਸੀਂ ਕਿਸੇ ਇਤਿਹਾਸਕ ਗੁਰਧਾਮ ਦੇ ਦਰਸ਼ਨਾਂ ਲਈ ਜਾਵੋ ਤਾਂ ਉਥੇ ਸਾਰਾ ਨਕਸ਼ਾ ਹੀ ਬਦਲਿਆ ਹੋਇਆ ਨਜ਼ਰ ਆਵੇਗਾ। ਆਪਣੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਕੇ ਗੁਰੂ-ਕਾਲ ਜਾਂ ਸਿੱਖ ਇਤਿਹਾਸ ਦੀਆਂ ਸਦੀਆਂ ਪੁਰਾਣੀਆਂ ਯਾਦਾਂ ਜਾਂ ਪ੍ਰੇਰਨਾ ਦਾ ਅਹਿਸਾਸ ਹੋਣਾ ਤੇ ਦੂਰ ਦੀ ਗੱਲ, ਤੁਹਾਨੂੰ  ਪਿਛਲੀ ਯਾਤਰਾ ਦੀਆਂ ਯਾਦਾਂ ਵੀ ਨਹੀਂ ਲੱਭਣਗੀਆਂ। 

ਸਾਡੇ ਬਹੁਤੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੇ ਦਰਬਾਰ ਤੇ ਹੋਰ ਇਮਾਰਤਾਂ ਮਿਸਲ ਰਾਜ ਜਾਂ ਸ਼ੇਰ-ਏ-ਪੰਜਾਬ ਦੇ ਖ਼ਾਲਸਾ ਰਾਜ ਵੇਲੇ ਦੀਆਂ ਬਣੀਆਂ ਹਨ। ਗੁਰਦੁਆਰਾ ਪ੍ਰਬੰਧਕਾਂ ਅਤੇ ਕਾਰ-ਸੇਵਾ ਸੰਪਰਦਾਵਾਂ ਵਲੋੰ ਗੁਰਮਤਿ ਵਿਚਲੇ ਸਤਿਸੰਗਤ ਦੇ ਰੂਹਾਨੀ ਅਹਿਸਾਸ ਤੇ ਸੰਕਲਪ ਤੋਂ ਅਨਜਾਣ ਹੋਣ ਕਰਕੇ ਗੁਰਦੁਆਰਿਆਂ ਦੇ ਦਰਬਾਰਾਂ ਦੀਆਂ ਪੁਰਾਤਨ ਤੇ ਵਿਰਾਸਤੀ ਇਮਾਰਤਾਂ ਨੂੰ ਬੇਹੱਦ ਮਜ਼ਬੂਤ ਤੇ ਸੁਰੱਖਿਅਤ ਹੋਣ ਦੇ ਬਾਵਜੂਦ ਢਾਹ ਕੇ ਵੱਡੇ-ਵੱਡੇ ਸੰਗਮਰਮਰੀ ਦਰਬਾਰ ਉਸਾਰ ਦਿੱਤੇ ਗਏ। ਇਸੇ ਸੰਦਰਭ ‘ਚ ਇਕ ਘਟਨਾ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਕੁਝ ਸਾਲ ਪਹਿਲਾਂ ਇਕ ਸਿੱਖ ਵਿਦਵਾਨ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਤਾਂ ਉਸ ਨੇ ਉਥੇ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਤਨ ਤੇ ਛੋਟੇ-ਛੋਟੇ ਦਰਬਾਰਾਂ ਦੀਆਂ ਇਮਾਰਤਾਂ ਵੇਖ ਕੇ ਉਥੋਂ ਦੇ ਕਿਸੇ ਪ੍ਰਬੰਧਕ ਨੂੰ ਪੁੱਛਿਆ ਕਿ ਸਾਡੇ ਪੰਜਾਬ ‘ਚ ਤਾਂ ਸਮੇਂ ਦੇ ਲਿਹਾਜ਼ ਨਾਲ ਸੰਗਤ ਦੀ ਆਮਦ ਨੂੰ ਵੇਖਦਿਆਂ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਤਨ ਦਰਬਾਰ ਸਾਹਿਬ ਢਾਹ ਕੇ ਵੱਡੇ-ਵੱਡੇ ਦਰਬਾਰ ਉਸਾਰ ਦਿੱਤੇ ਗਏ ਹਨ ਪਰ ਤੁਹਾਡੇ ਇੱਥੇ ਸਾਰੇ ਗੁਰਦੁਆਰਿਆਂ ਦੇ ਦਰਬਾਰ ਸਾਹਿਬ ਪੁਰਾਤਨ ਅਤੇ ਨਿੱਕੇ-ਨਿੱਕੇ ਹੀ ਹਨ, ਅਜਿਹਾ ਕਿਉਂ? ਤਾਂ ਉਸ ਪ੍ਰਬੰਧਕ ਨੇ ਜਵਾਬ ਦਿੱਤਾ ਕਿ ਦਰਬਾਰ ਸਾਹਿਬ ਵਿਚ ਬੈਠ ਕੇ ਕੀਰਤਨ ਜਾਂ ਗੁਰਬਾਣੀ ਸੁਣਨ ਵਾਲੀ ਸਤਿਸੰਗਤ ਦੀ ਗਿਣਤੀ ਤਾਂ ਏਨੀ ਕੁ ਹੀ ਹੁੰਦੀ ਹੈ, ਜਿੰਨੇ ਕੁ ਸਰੀਰ ਇਨ੍ਹਾਂ ਪੁਰਾਤਨ ਗੁਰਦੁਆਰਿਆਂ  ਦੇ ਦਰਬਾਰ ਵਿਚ ਬੈਠ ਸਕਦੇ ਹਨ। ਵਾਕਈ ਸਤਿਸੰਗਤ ਦੇ ਇਸ ਗੋਹਜ ਤੇ ਵਾਸਤਵੀ ਅਹਿਸਾਸ ਨੂੰ ਸਾਡੇ ਅਜੋਕੇ ਗੁਰਦੁਆਰਾ ਪ੍ਰਬੰਧਕਾਂ ਤੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਮਹਿਸੂਸ ਕਰਨ ਦੀ ਲੋੜ ਹੈ, ਤਾਂ ਜੋ ਜਿਹੜੇ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਤਨ ਦਰਬਾਰ ਸਾਡੇ ਕੋਲ ਸਾਡੇ ਗੁਰੂ ਸਾਹਿਬਾਨ ਅਤੇ ਸਿੱਖ ਰਾਜ ਕਾਇਮ ਕਰਨ ਵਾਲੇ ਪੁਰਖਿਆਂ ਦੀਆਂ ਯਾਦਾਂ ਦੇ ਰੂਪ ਵਿਚ ਅਜੇ ਬਚੇ ਹਨ, ਉਹ ਵੀ ਕਿਤੇ ਵੱਡੇ-ਵੱਡੇ ਸੰਗਮਰਮਰੀ ਦਰਬਾਰ ਉਸਾਰਨ ਦੀ ਹੋੜ ਦੀ ਭੇਟ ਨਾ ਚੜ੍ਹ ਜਾਣ। 

ਅੱਜ ਜਦੋਂ ਤਰਨਤਾਰਨ ਦੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਗੁੰਬਦ ਦੀ ਸ਼ਹਾਦਤ ਨਾਲ ਕੌਮ ਜਾਗੀ ਹੈ ਤਾਂ ਇਸ ਨੂੰ ਚਿੰਤਨ ਤੋਂ ਚਾਨਣ ਵੱਲ ਜਾਣ ਲਈ ਜ਼ਰੀਆ ਬਣਾਇਆ ਜਾਵੇ। ਮੈਂ ਇਹ ਗੱਲ ਵੀ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਜੇਕਰ ਤਰਨਤਾਰਨ ਦੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ’ਤੇ ਕਾਰ-ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵਲੋਂ ਕੀਤੇ ਗੈਰ-ਜ਼ਿੰਮੇਵਾਰਾਨਾ ਤੇ ਅਸਹਿ ਹਮਲੇ ‘ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਗੰਭੀਰ ਰੁਖ਼ ਅਖਤਿਆਰ ਕੀਤਾ ਹੈ ਅਤੇ ਹੋਰ ਨੁਕਸਾਨ ਹੋਣੋਂ ਬਚ ਗਿਆ ਤਾਂ ਅਜਿਹਾ ਇਸ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮੀ ਬਿਰਤੀ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਗੁਰਮਤਿ ਦੇ ਇਤਿਹਾਸਕ, ਵਿਰਾਸਤੀ ਅਤੇ ਅਧਿਆਤਮਕ ਸੰਕਲਪਾਂ ਪ੍ਰਤੀ ਸੋਝੀ ਸਦਕਾ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਦਰਸ਼ਨੀ ਡਿਓਢੀ ਢਾਹੁਣ ਦੀ ਕਾਰਵਾਈ ਲਈ ਕਾਰ ਸੇਵਾ ਵਾਲੇ ਜਗਤਾਰ ਸਿੰਘ ਦੇ ਬਰਾਬਰ ਸ਼੍ਰੋਮਣੀ ਕਮੇਟੀ ਨੂੰ ਇਕ ਮਤੇ ਦੀ ਨਕਲ ਦੇ ਹਵਾਲੇ ਨਾਲ ਦੋਸ਼ੀ ਠਹਿਰਾ ਰਹੇ ਹਨ ਕਿ 12-07-2018 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓਢੀ ਨੂੰ ਢਾਹੁਣ ਦੀ ਆਗਿਆ ਦਿੱਤੀ ਗਈ ਹੈ ਜਦੋਂਕਿ ਇਕ ਜ਼ਿੰਮੇਵਾਰ ਤੇ ਪੇਸ਼ੇਵਰ ਪੱਤਰਕਾਰ ਹੋਣ ਨਾਤੇ ਜੋ ਮੈਂ ਖੋਜਬੀਨ ਕੀਤੀ ਉਸ ਅਨੁਸਾਰ ਇਸ ਦਰਸ਼ਨੀ ਡਿਓੜੀ ਦੀ ਕਾਰ ਸੇਵਾ ਦੀ ਆਰੰਭਤਾ ਵੇਲੇ 14 ਸਤੰਬਰ 2018 ਨੂੰ ਸੰਗਤਾਂ ਵੱਲੋਂ ਵੱਡੇ ਪੱਧਰ ‘ਤੇ ਇਤਰਾਜ਼ ਉਠਾਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ’ਤੇ ਰੋਕ ਲਗਾ ਦਿੱਤੀ ਸੀ ਅਤੇ 18 ਅਕਤੂਬਰ 2018 ਨੂੰ ਹੋਈ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿਚ ਮਤਾ ਨੰ: 765 ਰਾਹੀਂ ਇਸ ਕਾਰ ਸੇਵਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਦਰਸ਼ਨੀ ਡਿਓਢੀ ਦਾ ਗੁੰਬਦ ਢਾਹੇ ਜਾਣ ਦੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਬਾਬਾ ਜਗਤਾਰ ਸਿੰਘ ਤੋਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਨੂੰ ਬੀਤੀ ਸ਼ਨਿੱਚਰਵਾਰ ਦੀ ਰਾਤ ਨੂੰ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਦਰਸ਼ਨੀ ਡਿਓਢੀ ਦੇ ਗੁੰਬਦ ਨੂੰ ਢਾਹੇ ਜਾਣ ਦੀ ਕਾਰਵਾਈ ਦੀ ਤੁਰੰਤ ਸੂਚਨਾ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਨਾ ਦੇਣ ਕਾਰਨ ਮੁਅੱਤਲ ਕਰਕੇ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ। ਸੋ, ਸਾਨੂੰ ਸਾਰਿਆਂ ਨੂੰ ਕਿਸੇ ਵੀ ਸੰਵੇਦਨਸ਼ੀਲ ਪੰਥਕ ਮੁੱਦੇ ‘ਤੇ ਬਿਨਾਂ ਸੱਚਾਈ ਦੀ ਤਹਿ ਤੱਕ ਜਾਣ ਅਤੇ ਸਮੇਂ ਤੋਂ ਪਹਿਲਾਂ ਹੀ ਜਜ਼ਬਾਤੀ ਅਤੇ ਸਿਆਸੀ ਤੌਰ ‘ਤੇ ਕੋਈ ਸਿੱਟਾ ਕੱਢਣ ਦੀ ਸੋਚ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੀ ਸੋਚ ਅਕਸਰ ਗੰਭੀਰ ਤੇ ਸੰਵੇਦਨਸ਼ੀਲ ਪੰਥਕ ਮੁੱਦਿਆਂ ਦੀ ਸੰਜੀਦਗੀ ਤੇ ਗੰਭੀਰਤਾ ਨੂੰ ਖ਼ਤਮ ਕਰਕੇ ਮੁੱਦਿਆਂ ਨੂੰ ਕੋਈ ਹੋਰ ਹੀ ਰੂਪ-ਰੰਗਤ ਦੇ ਦਿੰਦੀ ਹੈ ਤੇ ਪੰਥ ਦੀ ਮਾਨਸਿਕਤਾ ‘ਚ ਸਮੂਹਿਕ ਇਕ-ਰਾਇ ਬਣਨ ਦੀ ਬਜਾਇ, ਪੰਥ ਦੇ ਵਿਚਾਰ ਸਿਆਸੀ ਤੇ ਧੜਿਆਂ ਦੀ ਸੋਚ ਵਿਚ ਵੰਡੇ ਜਾਂਦੇ ਹਨ। ਇਸ ਤਰ੍ਹਾਂ ਸਾਡੀ ਕਿਸੇ ਵੱਡੇ ਤੋਂ ਵੱਡੇ ਪੰਥਕ ਮੁੱਦੇ ਦੀ ਚਿੰਤਾ ਵੀ ਪਾਣੀ ਦੇ ਬੁਲਬੁਲੇ ਵਰਗੀ ਵਕਤੀ ਹੋ ਨਿਬੜਦੀ ਹੈ।