ਬਠਿੰਡਾ, ਮਾਰਚ ਗੁਜਰਾਤ ’ਚ ਉਜਾੜੇ ਦੀ ਵੱਟ ’ਤੇ ਬੈਠੇ ਹਜ਼ਾਰਾਂ ਪੰਜਾਬੀ ਕਿਸਾਨ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ‘ਆਸ਼ੀਰਵਾਦ ਫੇਰੀ’ ਤੋਂ ਔਖੇ ਹਨ। ਵੱਡੇ ਬਾਦਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ‘ਆਸ਼ੀਰਵਾਦ’ ਦੇਣ ਤਾਂ ਗੁਜਰਾਤ ਪੁੱਜ ਗਏ ਪਰ ਉਨ੍ਹਾਂ ਪੰਜਾਬੀ ਕਿਸਾਨਾਂ ਨੂੰ ਚੇਤੇ ਤੋਂ ਵਿਸਾਰ ਦਿੱਤਾ ਜਿਨ੍ਹਾਂ ਨੂੰ ਵਰ੍ਹਿਆਂ ਤੋਂ ਗੁਜਰਾਤ ’ਚੋਂ ‘ਆਊਟ’ ਕਰਨ ਲਈ ਗੁਜਰਾਤ ਸਰਕਾਰ ਕਾਹਲੀ ਹੈ। ਗੁਜਰਾਤ ਵਿਚ ਕਰੀਬ ਪੰਜ ਹਜ਼ਾਰ ਪੰਜਾਬੀ ਪਰਿਵਾਰ ਪੰਜ ਵਰ੍ਹਿਆਂ ਤੋਂ ਉਥੋਂ ਦੀ ਸਰਕਾਰ ਦੇ ਵਿਤਕਰੇ ਦਾ ਸ਼ਿਕਾਰ ਹਨ। ਜ਼ਿਕਰਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ 1964 ਵਿਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭੁਜ ਇਲਾਕੇ ਵਿਚ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਭੁਜ ਖ਼ਿੱਤੇ ’ਚੋਂ ਕਾਫ਼ੀ ਕਿਸਾਨ ਪਰਿਵਾਰ ਪੰਜਾਬ ਵੀ ਮੁੜ ਆਏ ਹਨ। ਗੁਜਰਾਤ ਵਿਚ ਪੰਜਾਬੀ ਕਿਸਾਨਾਂ ਦੀ ਕਰੀਬ 20 ਹਜ਼ਾਰ ਏਕੜ ਜ਼ਮੀਨ ਖ਼ਤਰੇ ਵਿਚ ਹੈ ਜਿਸ ਨੂੰ ਭੂ ਮਾਫੀਏ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬੀ ਕਿਸਾਨਾਂ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਮਿਲ ਗਈ ਸੀ ਪਰ ਸੂਬਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਜਿਥੇ ਫ਼ੈਸਲਾ ਬਕਾਇਆ ਪਿਆ ਹੈ। ਪੰਜ ਵਰ੍ਹੇ ਪਹਿਲਾਂ ਜਦੋਂ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਭਖਿਆ ਸੀ ਤਾਂ ਉਦੋਂ ਨਰਿੰਦਰ ਮੋਦੀ ਨੇ 23 ਫਰਵਰੀ 2014 ਨੂੰ ਜਗਰਾਓਂ ਵਿਖੇ ‘ਫਤਹਿ ਰੈਲੀ’ ਵਿਚ ਐਲਾਨ ਕੀਤਾ ਸੀ ਕਿ ਕੋਈ ਸਿੱਖ ਕਿਸਾਨ ਗੁਜਰਾਤ ’ਚੋਂ ਉਜੜਨ ਨਹੀਂ ਦਿੱਤਾ ਜਾਵੇਗਾ। ਪੰਜਾਬੀ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਜ਼ਿਲ੍ਹਾ ਭੁਜ ਦੇ ਪਿੰਡ ਮਾਂਡਵੀ ਦੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੁਪਰੀਮ ਕੋਰਟ ਵਿਚ ਗੁਜਰਾਤ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬੀ ਕਿਸਾਨਾਂ ਖ਼ਿਲਾਫ਼ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਵੱਡੇ ਬਾਦਲ ਨੇ ਹੁਣ ਅਮਿਤ ਸ਼ਾਹ ਨੂੰ ਆਸ਼ੀਰਵਾਦ ਤਾਂ ਦਿੱਤਾ ਹੈ ਪਰ ਉਹ ਪੰਜਾਬੀ ਕਿਸਾਨਾਂ ਦੇ ਮਸਲੇ ਭੁੱਲ ਗਏ ਹਨ। ਉਨ੍ਹਾਂ ਆਖਿਆ ਕਿ ਬਾਦਲ ਆਪਣੇ ਸਿਆਸੀ ਹਿੱਤਾਂ ਲਈ ਗੁਜਰਾਤ ਆਏ ਸਨ, ਨਾ ਕਿ ਪੰਜਾਬੀ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਲਈ। ਪਿੰਡ ਨਰੌਣਾ ਦੇ ਕਿਸਾਨ ਬਿੱਕਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਪੰਜ ਵਰ੍ਹੇ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਗਏ ਹਨ ਅਤੇ ਹੁਣ ਤਾਂ ਬਾਦਲ ਵੀ ਕਿਸਾਨਾਂ ਦਾ ਦਰਦ ਭੁੱਲ ਗਏ ਹਨ। ‘ਹੁਣ ਤਿਲ਼ਾਂ ਵਿਚ ਤੇਲ ਨਹੀਂ ਰਿਹਾ ਅਤੇ ਵੱਡੇ ਬਾਦਲ ਤਾਂ ਭਵਿੱਖ ਦੀ ਗੋਟੀ ਫਿੱਟ ਕਰਨ ਲਈ ਗੁਜਰਾਤ ਦੇ ਗੇੜੇ ਮਾਰ ਰਹੇ ਹਨ।’ ਪਿੰਡ ਜੁਰਾ ਦੇ ਕਿਸਾਨ ਸਾਧੂ ਸਿੰਘ ਅਤੇ ਚਮਕੌਰ ਸਿੰਘ ਮੁਤਾਬਕ ਗੁਜਰਾਤ ਸਰਕਾਰ ਨੇ ਪੰਜਾਬੀ ਕਿਸਾਨਾਂ ’ਤੇ ‘ਬਾਹਰਲੇ’ ਹੋਣ ਦਾ ਠੱਪਾ ਲਾ ਦਿੱਤਾ ਹੈ ਅਤੇ ਪੰਜ ਵਰ੍ਹਿਆਂ ਵਿਚ ਗੁਜਰਾਤ ਸਰਕਾਰ ਜਾਂ ਕੇਂਦਰ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਆਖਿਆ ਕਿ ਵੱਡੇ ਬਾਦਲ ਆਸ਼ੀਰਵਾਦ ਦੇਣ ਵੇਲੇ ਅਮਿਤ ਸ਼ਾਹ ਨੂੰ ਪੰਜਾਬੀ ਕਿਸਾਨਾਂ ਦਾ ਚੇਤਾ ਤਾਂ ਕਰਾਉਂਦੇ। ਕੁਠਾਰਾ ਪਿੰਡ ਵਿਚ ਬੈਠੇ ਕਿਸਾਨ ਜਸਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਨੇ ਕਿਹਾ,‘‘ਵੱਡੇ ਬਾਦਲ ਕਦੇ ਵੀ ਪੰਜਾਬੀ ਕਿਸਾਨਾਂ ਦੇ ਦੁੱਖ ਦਰਦ ਜਾਣਨ ਲਈ ਗੁਜਰਾਤ ਨਹੀਂ ਆਏ ਪਰ ਆਸ਼ੀਰਵਾਦ ਦੇਣ ਲਈ ਰਾਤੋਂ ਰਾਤ ਪੁੱਜ ਗਏ। ਚੰਗਾ ਹੁੰਦਾ, ਉਹ ਉਜਾੜੇ ਦੀ ਤਲਵਾਰ ਝੱਲ ਰਹੇ ਪੰਜਾਬੀ ਕਿਸਾਨਾਂ ਦੀ ਗੱਲ ਵੀ ਕਰਦੇ।’’ ਦੱਸਣਯੋਗ ਹੈ ਕਿ ਇਕੱਲੇ ਕੁਠਾਰਾ ਕਸਬੇ ਵਿਚ ਕਰੀਬ ਤਿੰਨ ਹਜ਼ਾਰ ਪੰਜਾਬੀ ਕਿਸਾਨ ਪਰਿਵਾਰ ਹਨ। ਇਸੇ ਤਰ੍ਹਾਂ ਨਲੀਆ ਵਿਧਾਨ ਸਭਾ ਹਲਕੇ ਵਿਚ ਵੀ ਕਾਫ਼ੀ ਪੰਜਾਬੀ ਹਨ। ਲੋਰੀਆ ਵਿਚ ਕਈ ਕਿਸਾਨ ਗੁਜਰਾਤੀ ਸਰਕਾਰ ਤੇ ਭੂ ਮਾਫੀਆ ਦਾ ਧੱਕਾ ਝੱਲ ਚੁੱਕੇ ਹਨ। ਹੁਣ ਲੋਕ ਸਭਾ ਚੋਣਾਂ ਵਿਚ ਇਹ ਕਿਸਾਨ ਮੁੜ ਸਿਆਸੀ ਤੌਰ ’ਤੇ ਸਰਗਰਮ ਹੋਏ ਹਨ।