ਚੰਡੀਗੜ੍ਹ,ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਕੋਰੋਨਾ ਸੰਕਟ ਕਾਰਨ ਬੱਸਾਂ ਨੂੰ ਯਾਤਰੀ ਨਹੀਂ ਮਿਲ ਰਹੇ। ਉਤੋਂ ਡੀਜ਼ਲ ਦੇ ਰੇਟ 'ਚ ਕਰੀਬ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਵਧਦੇ ਘਾਟੇ ਨੂੰ ਦੇਖਦਿਆਂ ਟਰਾਂਸਪੋਰਟ ਵਿਭਾਗ ਨੇ ਬੱਸ ਕਿਰਾਏ 'ਚ 10 ਤੋਂ 12 ਫੀਸਦੀ ਤਕ ਵਾਧਾ ਕਰਨ ਦੀ ਯੋਜਨਾ ਬਣਾਈ ਹੈ। ਮੁੱਖ ਮੰਤਰੀ ਨੇ ਗ਼ੈਰ-ਰਸਮੀ ਤੌਰ 'ਤੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਟਰਾਂਸਪੋਰਟ ਵਿਭਾਗ ਨੂੰ ਆਮ ਦਿਨਾਂ 'ਚ ਜਿੱਥੇ ਇਕ ਦਿਨ 'ਚ 1.50 ਕਰੋੜ ਰੁਪਏ ਤਕ ਮਾਲੀਆ ਆਉਂਦਾ ਸੀ, ਉਹ ਕੋਰੋਨਾ ਸੰਕਟ ਕਾਰਨ ਘੱਟ ਕੇ ਸਿਰਫ਼ 10 ਲੱਖ ਰੁਪਏ ਦੇ ਕਰੀਬ ਰਹਿ ਗਿਆ ਹੈ। ਸਰਕਾਰੀ ਬੱਸਾਂ ਨਿਰਧਾਰਤ ਪੁਆਇੰਟ ਤੋਂ ਦੂਜੇ ਪੁਆਇੰਟ ਤਕ ਹੀ ਦੌੜ ਰਹੀਆਂ ਹਨ। ਇਨ੍ਹਾਂ ਨੂੰ ਮਾਮੂਲੀ ਸਵਾਰੀਆਂ ਹੀ ਮਿਲ ਰਹੀਆਂ ਹਨ। ਪੰਜਾਬ ਸਰਕਾਰ ਨੇ 50 ਫੀਸਦੀ ਯਾਤਰੀਆਂ ਨਾਲ ਬੱਸਾਂ ਚਲਾਉਣ ਦੀ ਛੋਟ ਦਿੱਤੀ ਹੈ। ਨਿੱਜੀ ਬੱਸ ਆਪ੍ਰੇਟਰ ਸਰਕਾਰ ਤੋਂ ਕਿਰਾਇਆ ਦੁੱਗਣਾ ਕਰਨ ਦੀ ਮੰਗ ਕਰ ਰਹੇ ਸਨ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਉਨ੍ਹਾਂ ਦੀ ਇਸ ਮੰਗ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖਿਆ ਸੀ। ਕਿਰਾਇਆ ਦੁੱਗਣਾ ਕਰਨ ਵਾਲੀ ਤਜਵੀਜ਼ ਤਾਂ ਕੈਪਟਨ ਨੇ ਰੱਦ ਕਰ ਦਿੱਤੀ ਸੀ। ਟਰਾਂਸਪੋਰਟ ਮੰਤਰੀ ਹੁਣ ਫਿਰ ਤਜਵੀਜ਼ ਪੇਸ਼ ਕਰਨਗੇ। ਮੰਤਰੀ ਨੇ ਕਿਹਾ ਕਿ ਤਜਵੀਜ਼ 'ਤੇ ਆਖਰੀ ਫੈਸਲਾ ਸੀਐੱਮ ਹੀ ਕਰਨਗੇ। ਕਿਰਾਏ 'ਚ 14 ਤੋਂ 16 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋ ਸਕਦਾ ਹੈ। ਜੋ ਕੇ ਆਉਂਦੇ ਦਿਨਾਂ ਵਿੱਚ ਹਰੇਕ ਦੀ ਜੇਬ ਤੇ ਪਾਵੇਗਾ ਬੋਜ਼।