You are here

ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਤਹਿਤ ਫੀਸ ਮੁਆਫੀ ਦਾ ਲਾਭ ਲੈਣ ਵਿਦਿਆਰਥੀ-ਡਿਪਟੀ ਕਮਿਸ਼ਨਰ

ਸਰਕਾਰੀ ਬਹੁ ਤਕਨੀਕੀ ਕਾਲਜ ਰਿਸ਼ੀ ਨਗਰ ਵਿਖੇ ਦਾਖ਼ਲੇ ਸ਼ੁਰੂ

ਲੁਧਿਆਣਾ,ਜੂਨ 2020 -( ਹਰਵਿੰਦਰ ਸਿੰਘ ਸੱਗੂ  )-ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਵਜ਼ੀਫਾ ਯੋਜਨਾ' ਤਹਿਤ ਪਹਿਲੇ ਅਤੇ ਦੂਸਰੇ ਸਾਲ ਦੇ ਸਿੱਧੇ ਦਾਖਲੇ ਦੀ ਫੀਸ ਮੁਆਫ ਕਰਨ ਦਾ ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਕਾਫੀ ਲਾਭ ਹੋ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਨੇ ਕੀਤਾ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਮਿਆਰੀ ਅਤੇ ਸਸਤੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਮਿਸ਼ਨ ਫਤਹਿ ਤਹਿਤ 'ਮੁੱਖ ਮੰਤਰੀ ਵਜ਼ੀਫਾ ਯੋਜਨਾ' ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਦਾ ਲਾਭ ਸੂਬੇ ਦੇ ਸਾਰੇ ਸਰਕਾਰੀ ਪੌਲੀਟੈਕਨਿਕ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਉਨਾਂ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦੇ ਅਧੀਨ ਪੰਜਾਬ ਦੇ ਲੜਕੀਆਂ ਅਤੇ ਲੜਕਿਆਂ ਦੀ ਦਸਵੀਂ ਜਮਾਤ ਵਿੱਚ ਪ੍ਰਾਪਤ ਕੀਤੇ ਅੰਕਾਂ ਅਨੁਸਾਰ ਟਿਊਸ਼ਨ ਫੀਸ ਮੁਆਫ ਕੀਤੀ ਜਾਂਦੀ ਹੈ।ਉਨਾਂ ਦੱਸਿਆ ਕਿ 60 ਤੋਂ 70 ਫੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਦੀ 70 ਫੀਸਦੀ ਫੀਸ ਮੁਆਫ ਹੋਵੇਗੀ, 70 ਤੋਂ 80 ਵਾਲਿਆਂ ਦੀ 80 ਫੀਸਦੀ, 80 ਤੋਂ 90 ਵਾਲਿਆਂ ਦੀ 90 ਫੀਸਦੀ ਅਤੇ 90 ਤੋਂ 100 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਦੀ ਪੂਰੀ ਫੀਸ ਮੁਆਫ ਹੋਵੇਗੀ। ਉਨਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਸਰਕਾਰੀ ਬਹੁ ਤਕਨੀਕੀ ਕਾਲਜ ਰਿਸ਼ੀ ਨਗਰ ਜੋ ਕਿ ਲੜਕੀਆਂ ਦਾ ਜ਼ਿਲੇ ਭਰ ਵਿੱਚ ਇਕੋ ਕਾਲਜ ਹੈ, ਇਸ ਲਈ ਤਕਨੀਕੀ ਸਿੱਖਿਆ ਦੀ ਪੜਾਈ ਕਰਨ ਲਈ ਇਸਦਾ ਦਿਹਾਤੀ ਅਤੇ ਸ਼ਹਿਰੀ ਲੜਕੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।ਇਸ ਸਮੇਂ ਦਾਖਲੇ ਦੀ ਰਜਿਸਟਰੇਸ਼ਨ ਚੱਲ ਰਹੀ ਹੈ। ਲੌਕਡਾਊਨ ਦੇ ਚੱਲਦਿਆਂ ਇਸ ਸਮੇਂ ਦਾਖ਼ਲੇ ਦੀ ਪ੍ਰਕਿਰਿਆ ਅਨੁਸਾਰ www.gpcgldh.ac.in   'ਤੇ ਦਾਖ਼ਲਾ ਫਾਰਮ ਉਪਲਬਧ ਹੈ। ਉਨਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦਾ ਤਕਨੀਕੀ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਦਾ ਸੁਪਨਾ ਪੂਰਾ ਹੋਵੇਗਾ।