You are here

ਮਾਣੂੰਕੇ ’ਚ ਕਿਸਾਨਾਂ ਵੱਲੋਂ ਸੰਘਰਸ਼ ਜਾਰੀ

ਜਗਰਾਉਂ/ਲੁਧਿਆਣਾ, ਜੂਨ 2020 -(ਨਛੱਤਰ ਸਿੰਘ ਸੰਧੂ/ਮਨਜਿੰਦਰ ਗਿੱਲ)-

ਥਾਣਾ ਹਠੂਰ ਦੇ ਪਿੰਡ ਮਾਣੂੰਕੇ ਦੇ ਕਿਸਾਨ ਦੀਆਂ ਦੇਹੜਕਾ ਪਿੰਡ ਨੂੰ ਜਾਂਦੇ ਰਸਤੇ ’ਤੇ ਵਾੜੇ ਵਿੱਚ ਬੰਨੀਆਂ ਬਹੁ-ਕੀਮਤੀ ਮੱਝਾਂ ਚੋਰੀ ਹੋਣ ਕਾਰਨ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਨੇ ਸੰਘਰਸ਼ ਆਰੰਭਿਆ ਹੋਇਆ ਹੈ। ਪਿੰਡ ਮਾਣੂੰਕੇ ਵਿੱਚ ਇਸ ਮਾਮਲੇ ਦੇ ਹੱਲ ਲਈ ਸਰਵ ਪਾਰਟੀ ਇਕੱਠ ਕੀਤਾ ਗਿਆ। ਇਸ ਦੌਰਾਨ ਕਾਮਰੇਡ ਹਰਦੇਵ ਸੰਧੂ ਨੇ ਪੁਲੀਸ ’ਤੇ ਦੋਸ਼ੀਆਂ ਦਾ ਪੱਖ ਪੂਰਨ ਦੇ ਦੋਸ਼ ਲਗਾਏ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੁਲੀਸ ਨੇ ਗਰੀਬ ਕਿਸਾਨ ਦੀਆਂ ਮੱਝਾਂ ਚੋਰੀ ਕਰਨ ਵਾਲੇ ਗਰੋਹ ਨੂੰ ਬੇਨਕਾਬ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜੋ ਮਾਮਲਾ ਹੱਲ ਹੋਣ ਤੱਕ ਜਾਰੀ ਰਹੇਗਾ। ਉਨ੍ਹਾਂ ਸਾਂਝੇ ਤੌਰ ’ਤੇ 29 ਜੂਨ ਨੂੰ ਡੀਐੱਸਪੀ ਰਾਏਕੋਟ ਦੇ ਦਫ਼ਤਰ ਅੱਗੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਯੂਪੀ ਵਿੱਚ ਦਿੱਲੀ ਨੇੜੇ ਚੋਰੀ ਦੀਆਂ ਮੱਝਾਂ ਉਥੋਂ ਦੀ ਪੁਲੀਸ ਵੱਲੋਂ ਦੋਸ਼ੀਆਂ ਸਮੇਤ ਫੜੇ ਜਾਣ ਅਤੇ ਉਨ੍ਹਾਂ ਵਿੱਚ ਹੀ ਕਿਸਾਨ ਦੀਆਂ ਮੱਝਾਂ ਹੋਣ ਦੀ ਗੱਲ ਵੀ ਦੁਹਰਾਈ।

ਪੁਲੀਸ ਮਾਮਲੇ ਦੀ ਜਾਚ ਕਰ ਰਹੀ ਹੈ

ਥਾਣਾ ਹਠੂਰ ਦੇ ਇੰਚਾਰਜ ਇੰਸ. ਹਰਜਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਦੀਆਂ ਮੱਝਾਂ ਚੋਰੀ ਹੋਣ ਦਾ ਬਕਾਇਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਦੇ ਵਾੜੇ ਤੋਂ ਲੈ ਕੇ ਪੂਰੇ ਪਿੰਡ ਦੇ ਬਾਹਰ ਨੂੰ ਜਾਣ ਵਾਲੇ ਰਸਤਿਆਂ ’ਤੇ ਲੱਗੇ ਕੈਮਰਿਆਂ ਦੀ ਫੁਟੇਜ਼ ਲੈਣ ਉਪਰੰਤ ਪੁਲੀਸ ਆਪਣੀ ਕਾਰਵਾਈ ’ਚ ਲੱਗੀ ਹੋਈ ਹੈ। ਜਿੱਥੇ ਚੋਰੀ ਦੀਆਂ ਮੱਝਾਂ ਫੜੀਆਂ ਗਈਆਂ ਹਨ ਥਾਣਾ ਮੁਰਾਦਨਗਰ ਦੇ ਪੁਲੀਸ ਅਧਿਕਾਰੀ ਇੰਸ. ਓਮ ਪਰਕਾਸ਼ ਨਾਲ ਗੱਲ ਵੀ ਕੀਤੀ ਗਈ ਹੈ ਪਰ ਤਰਾਸਦੀ ਇਹ ਹੈ ਕਿ ਫੜੀਆਂ ਗਈਆਂ ਮੱਝਾਂ ਫੰਡਰ ਹਨ ਜਦਿ ਕਿ ਕਿਸਾਨ ਦੀਆਂ ਮੱਝਾਂ ਸੂਣ ਵਾਲੀਆਂ ਸਨ। ਉਨ੍ਹਾਂ ਦੱਸਿਆ ਕਿ ਉਥੋਂ ਦੀ ਪੁਲੀਸ ਨੇ ਫੜੀਆਂ ਮੱਝਾਂ ਨੂੰ ਸੰਜੇ ਗਾਂਧੀ ਐਨੀਮਲ ਵੈੱਲਫੇਅਰ ਹਸਪਤਾਲ ਹਵਾਲੇ ਕਰ ਦਿੱਤਾ ਹੈ। ਪੁਲੀਸ ਆਪਣਾ ਫਰਜ਼ ਨਿਭਾਅ ਰਹੀ ਹੈ, ਜਲਦੀ ਚੋਰ ਹਿਰਾਸਤ ਵਿੱਚ ਹੋਣਗੇ।