ਖੰਨਾ/ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਕਿਹਾ ਹੈ ਕਿ ਰਾਜ ਦੇ ਸਾਰੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਸੁੰਦਰ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ 400 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਇਹ ਗੱਲ ਉਨ੍ਹਾਂ ਅੱਜ ਫੋਕਲ ਪੁਆਇੰਟ ਖੰਨਾ ਦੇ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕਹੀ। ਇਸ ਮੌਕੇ ਉਨ੍ਹਾਂ ਦੇ ਨਾਲ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ, ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ, ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ। ਇੰਡਸਟਰੀਅਲ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ, ਖੰਨਾ ਵੱਲੋਂ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਖੰਨਾ ਦਾ ਫੋਕਲ ਪੁਆਇੰਟ ਖਸਤਾ ਹਾਲਤ ਵਿਚ ਸੀ। ਉਨ੍ਹਾਂ ਕਿਹਾ ਕਿ ਸਨਅੱਤਕਾਰਾਂ ਦੀ ਇਹ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਸੀ ਕਿ ਫੋਕਲ ਪੁਆਇੰਟ ਖੰਨਾ ਦੇੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਖੰਨਾ ਦੇ ਬੁਨਿਆਦੀ ਢਾਂਚੇ, ਜਿਵੇਂ ਕਿ ਸੜਕਾਂ, ਸਟ੍ਰੀਟ ਲਾਈਟਾਂ, ਸੀਵਰੇਜ ਆਦਿ ਨੂੰ 10.65 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੇ ਹਿੱਸੇ 2.65 ਕਰੋੜ ਰੁਪਏ (ਪ੍ਰਾਜੈਕਟ ਦੀ ਕੁਲ ਲਾਗਤ ਵਿਚੋਂ) ਦਾ ਭੁਗਤਾਨ ਵੀ ਪੀਐਸਆਈਈਸੀ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ ਖੰਨਾ ਅਜਿਹਾ ਪਹਿਲਾ ਸਥਾਨ ਹੈ ਜਿਥੇ ਇਹ ਕੰਮ ਸ਼ੁਰੂ ਹੋਇਆ ਹੈ ਅਤੇ ਜਲਦੀ ਹੀ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਸਨਅਤੀ ਅਤੇ ਕਾਰੋਬਾਰੀ ਕੇਂਦਰ ਵਜੋਂ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਦਯੋਗ ਸਾਡੀ ਆਰਥਿਕਤਾ ਲਈ ਰੀੜ ਦੀ ਹੱਡੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਤਕਰੀਬਨ 2.55 ਲੱਖ ਉਦਯੋਗ ਹਨ, ਜਿਨ੍ਹਾਂ ਵਿਚੋਂ 2.32 ਲੱਖ ਉਦਯੋਗਾਂ ਨੂੰ ਤਾਲਾਬੰਦੀ ਦੌਰਾਨ ਚਲਾਉਣ ਦੀ ਛੋਟ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਇਹ ਸਾਰੇ ਉਦਯੋਗ ਸਰਕਾਰੀ ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕਰ ਰਹੇ ਹਨ ਅਤੇ ਇਸੇ ਕਰਕੇ ਉਦਯੋਗਾਂ ਵੱਲੋਂ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਖਰੀਦ ਸੀਜ਼ਨ ਦੌਰਾਨ ਵੀ, ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਸਨ ਕਿ ਮੰਡੀਆਂ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਤੋਂ ਕੋਈ ਹੋਰ ਕੋਵਿਡ 19 ਦਾ ਸ਼ਿਕਾਰ ਨਾ ਬਣ ਜਾਵੇ। ਉਨ੍ਹਾਂ ਦੱਸਿਆ ਕਿ 27 ਲੱਖ ਦੇ ਕਰੀਬ ਕਿਸਾਨ ਕਣਕ ਦੇ ਖਰੀਦ ਸੀਜ਼ਨ ਦੌਰਾਨ ਮੰਡੀਆਂ ਵਿਚ ਜਾ ਚੁੱਕੇ ਹਨ, ਪਰ ਇਕ ਵੀ ਟੈਸਟ ਪਾਜ਼ੇਟਿਵ ਨਹੀਂ ਹੈ ਜੋ ਕਿ ਪੰਜਾਬ ਸਰਕਾਰ ਲਈ ਇਕ ਪ੍ਰਾਪਤੀ ਹੈ। ਮੰਤਰੀ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਉਹ ਪਰਵਾਸੀ ਕਾਮਿਆਂ ਨੂੰ ਲਿਆਉਣ ਲਈ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਜੋ ਕਿ ਕੰਮ ਕਰਨ ਲਈ ਆਪਣੇ ਗ੍ਰਹਿ ਰਾਜਾਂ ਤੋਂ ਵਾਪਸ ਆਉਣਾ ਚਾਹੁੰਦੇ ਹਨ ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਜ਼ਦੂਰਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਬੱਸਾਂ ਭੇਜੀਆਂ ਸਨ। ਪੀਪੀਈਜ਼ ਦੇ ਨਿਰਮਾਣ ਵਿੱਚ ਪੰਜਾਬ ਦੀ ਸਮਰੱਥਾ ਨੂੰ ਪੂਰਨ ਰੂਪ ਵਿੱਚ ਵਰਤਣ ਦੇ ਮੱਦੇਨਜ਼ਰ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਲੋੜ ਅਨੁਸਾਰ ਦੂਜੇ ਦੇਸ਼ਾਂ ਨੂੰ ਇਸ ਦੇ ਨਿਰਯਾਤ ਦੀ ਆਗਿਆ ਦੇਣ ਬਾਰੇ ਵਿਚਾਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵੇਲੇ ਰਾਜ ਵਿੱਚ ਪੀਪੀਈ ਕਿੱਟਾਂ ਅਤੇ ਮਾਸਕ ਨੂੰ ਮਨਜ਼ੂਰੀ ਦੇਣ ਵਾਲੀਆਂ 131 ਯੂਨਿਟਾਂ ਵਿੱਚੋਂ 121 ਇਕੱਲੇ ਲੁਧਿਆਣਾ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਲੋੜ ਦੀ ਇਸ ਘੜੀ ਵਿਚ ਉਦਯੋਗ ਦੀ ਸਹਾਇਤਾ ਲਈ, ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਵੀ ਲਿਖਿਆ ਹੈ ਕਿ ਉਹ ਇਕ ਹੋਰ ਕਰਜ਼ੇ ਦੀ ਬਜਾਏ, ਘੱਟੋ-ਘੱਟ ਛੇ ਮਹੀਨਿਆਂ ਲਈ ਉਦਯੋਗਪਤੀਆਂ ਦੁਆਰਾ ਲਏ ਗਏ ਮੌਜੂਦਾ ਕਰਜ਼ਿਆਂ ਦਾ ਬੈਂਕ ਵਿਆਜ ਮੁਆਫ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਦਯੋਗ ਜਗਤ ਦੇ ਲਾਭ ਲਈ 135 ਏਕੜ ਵਿਚ ਮੰਡੀ ਗੋਬਿੰਦਗੜ ਨੇੜੇ ਪਿੰਡ ਵਜ਼ੀਰਾਬਾਦ ਵਿਖੇ 1100 ਏਕੜ ਵਿਚ ਮੱਤੇਵਾੜਾ (ਲੁਧਿਆਣਾ), ਰਾਜਪੁਰਾ (ਪਟਿਆਲਾ), ਮੁਹਾਲੀ ਅਤੇ ਬਠਿੰਡਾ ਨੇੜੇ ਨਵੇਂ ਸਨਅਤੀ ਪਾਰਕ ਸਥਾਪਤ ਕੀਤੇ ਜਾ ਰਹੇ ਹਨ। ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਖੰਨਾ ਦੀਆਂ ਮੰਗਾਂ 'ਤੇ ਕੰਮ ਕਰਦਿਆਂ ਉਨ੍ਹਾਂ ਨੇ ਇਹ ਮੁੱਦਾ ਐਮਐਸਐਮਈ ਮੰਤਰੀ ਨਿਤਿਨ ਗਡਕਰੀ ਅਤੇ ਸੱਕਤਰ ਐਮਐਸਐਮਈ ਭਾਰਤ ਸਰਕਾਰ ਕੋਲ ਉਠਾਇਆ ਸੀ। "ਐਸੋਸੀਏਸ਼ਨ ਨੇ ਉਦਯੋਗਿਕ ਫੋਕਲ ਪੁਆਇੰਟ ਖੰਨਾ ਵਿਖੇ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਬੇਹੱਦ ਮਾੜੀ ਸਥਿਤੀ ਬਾਰੇ ਚਾਨਣਾ ਪਾਇਆ। ਸ੍ਰੀ ਨਿਤਿਨ ਗਡਕਰੀ ਨੇ 9 ਮਾਰਚ 2020 ਨੂੰ ਲਿਖੇ ਇੱਕ ਪੱਤਰ ਵਿੱਚ ਉਦਯੋਗਿਕ ਫੋਕਲ ਪੁਆਇੰਟ ਖੰਨਾ ਦੇ ਨਵੀਨੀਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟ ਖੰਨਾ ਨੂੰ ਐਮਐਸਐਮਈ ਮੰਤਰਾਲੇ ਦੇ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਫੰਡ ਪ੍ਰਾਪਤ ਹੋਣਗੇ। ਡਾ: ਅਮਰ ਸਿੰਘ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸਾਰੇ ਮੁੱਦੇ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਕੋਲ ਚੁੱਕੇ ਜਾਣਗੇ। ਵਿਧਾਇਕ ਸ੍ਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਖੰਨਾ ਹਲਕੇ ਦਾ ਵਿਕਾਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਨਾ ਹਲਕੇ ਦੇ ਵਿਕਾਸ ਲਈ ਮੁੱਖ ਮੰਤਰੀ ਵੱਲੋਂ 35 ਕਰੋੜ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖੰਨਾ ਵਿਚ ਸੀਵਰੇਜ ਪਾਉਣ ਲਈ 200 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਦੋਂ ਖੰਨਾ ਦੇ ਸਰਵਪੱਖੀ ਵਿਕਾਸ ਨੂੰ ਲਿਆਉਣ ਦੀ ਗੱਲ ਆਉਂਦੀ ਹੈ ਤਾਂ ਸੂਬਾ ਸਰਕਾਰ ਕੋਲ ਫੰਡਾਂ ਦੀ ਘਾਟ ਨਹੀਂ ਹੈ। ਇਸ ਮੌਕੇ ਮੌਜੂਦ ਸਨਅਤਕਾਰਾਂ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸੰਸਦ ਮੈਂਬਰ ਡਾ: ਅਮਰ ਸਿੰਘ, ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੂੰ ਇਸ ਪ੍ਰਾਜੈਕਟ ਨੂੰ ਪਹਿਲ ਦੇ ਅਧਾਰ 'ਤੇ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਮੁੱਖ ਪਤਵੰਤਿਆਂ ਵਿੱਚ ਪੀਐਸਆਈਈਸੀ ਦੇ ਐਮ.ਡੀ ਸੁਮਿਤ ਜਾਰੰਗਲ, ਪੀਐਸਆਈਈਸੀ ਦੇ ਚੀਫ ਇੰਜੀਨੀਅਰ ਆਰ.ਐਸ ਬੈਂਸ, ਜੀਐਮਡੀਆਈਸੀ (ਲੁਧਿਆਣਾ) ਸ੍ਰੀ ਮਹੇਸ਼ ਖੰਨਾ, ਡਾ ਵਾਸੂ ਬੱਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨਅਤਕਾਰ ਸ਼ਾਮਲ ਸਨ।