You are here

 ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ✍️ ਗਗਨਦੀਪ ਕੌਰ ਧਾਲੀਵਾਲ ਝਲੂਰ (ਬਰਨਾਲਾ)

5 ਸਤੰਬਰ 2022 ਅਧਿਆਪਕ ਦਿਵਸ ‘ਤੇ ਵਿਸ਼ੇਸ਼
ਸਮਾਜ ਵਿੱਚ ਅਧਿਆਪਕ ਕਿੱਤਾ ਬਹੁਤ ਸਨਮਾਨ ਯੋਗ ਹੈ। ਵਿਸ਼ਵ ਪੱਧਰ ’ਤੇ ਅਧਿਆਪਕ ਵਰਗ ਨੂੰ ਵੱਡਾ ਮਾਣ-ਸਨਮਾਨ ਤੇ ਸਤਿਕਾਰ ਮਿਲਦਾ ਹੈ। ਵਿਦਿਆਰਥੀ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ,ਨੈਤਿਕ ਕਦਰਾਂ ਕੀਮਤਾਂ ਸਿਖਾਉਣ ,ਸਹੀ ਸੇਧ ਦੇਣ ,ਕਾਮਯਾਬੀ ਦਾ ਰਾਸਤਾ ਤੇ ਮੰਜਿਲ ਦਿਖਾਉਣ ਦਾ ਕੰਮ ਇੱਕ ਸੱਚਾ ਅਧਿਆਪਕ ਹੀ ਕਰਦਾ ਹੈ।ਅਜਿਹਾ ਅਧਿਆਪਕ ਆਦਰਸ਼ ਅਧਿਆਪਕ ਹੋਣ ਦਾ ਮਾਣ ਹਾਸਿਲ ਕਰਦਾ ਹੈ।ਬਿਲਕੁਲ ਇਹ ਸਾਰੇ ਹੁਣ ਡਾ.ਰਾਧਾਕ੍ਰਿਸ਼ਨਨ ਵਿੱਚ ਮੌਜੂਦ ਸਨ। ਉਹਨਾਂ ਨੇ ਅਾਪਣੀ ਡਿਊਟੀ ਦੌਰਾਨ ਸੰਜੀਦਗੀ ਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਮਿਆਰੀ ਅਤੇ ਕਦਰਾਂ ਕੀਮਤਾਂ ’ਤੇ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ।ਆਓ ਜਾਣੀਏ ਆਦਰਸ਼ ਅਧਿਆਪਕ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਜੀ ਬਾਰੇ।ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦਾ ਜਨਮ 5 ਸਤੰਬਰ 1888 ਨੂੰ ਹੋਇਆ। ਦੱਖਣ ਭਾਰਤ ਦੇ ਤਿਰੂਤਾਣੀ ਵਿੱਚ ਡਾ.ਰਾਧਾਕ੍ਰਿਸ਼ਨਣ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ ਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤੱਮਾ ਸੀ।ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ। ਡਾ ਰਾਧਾ ਕ੍ਰਿਸ਼ਨਨ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ ।ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ । 1903 ਵਿੱਚ 16 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ।ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ। ਉਹਨਾਂ ਦਾ ਵਿਆਹ ਸਿਵਾਕਾਮੂ ਰਾਧਾਕ੍ਰਿਸ਼ਨਨ ਨਾਲ ਹੋਇਆ।ਉਹਨਾਂ ਦੇ ਘਰ
5 ਲੜਕੀਆਂ ਤੇ 1 ਲੜਕੇ ਨੇ ਜਨਮ ਲਿਆ। ਡਾ. ਰਾਧਾਕ੍ਰਿਸ਼ਨ ਦੀ ਉਮਰ ਕੇਵਲ 20 ਸਾਲ ਦੀ ਸੀ ਜਦੋਂ ਉਨ੍ਹਾਂ ਦਾ ਥੀਸਿਜ਼ ਪ੍ਰਕਾਸ਼ਿਤ ਹੋਇਆ ਸੀ।
ਰਾਧਾਕ੍ਰਿਸ਼ਨਨ ਜੀ 17 ਅਪ੍ਰੈਲ 1975 (ਉਮਰ 86) ਨੂੰ ਚੇਨੱਈ (ਭਾਰਤ ਵਿਖੇ)ਇਸ ਦੁਨੀਆਂ ਨੂੰ ਛੱਡ ਕੇ ਪਰਮਾਤਮਾ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ।ਉਹ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਡਾ. ਰਾਧਾਕ੍ਰਿਸ਼ਨਨ ਨੇ ਬਤੌਰ ਅਧਿਆਪਕ ਸਫਰ 1909 ਵਿਚ ਮਦਰਾਸ ਪ੍ਰੈਜੀਡੈਂਸੀ ਕਾਲਜ ਤੋ ਸ਼ੁਰੂ ਕੀਤਾ।ਉਨ੍ਹਾਂ ਦਾ ਜਨਮ ਦਿਨ (5 ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਉਹਨਾਂ ਦੇ ਜਨਮ ਦਿਨ ਵਾਲੇ ਦਿਨ ਅਧਿਆਪਕ ਦਿਵਸ ਇਸ ਲਈ ਮਨਾਇਆ ਜਾਂਦਾ ਹੈ।ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮਦਿਨ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਜਵਾਬ ਦਿੱਤਾ, ਮੇਰਾ ਜਨਮਦਿਨ ਮਨਾਉਣ ਦੀ ਬਜਾਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਜੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ।ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ।ਉਦੋਂ ਤੋਂ ਹੀ ਸਾਰੇ ਦੇਸ਼ ਵਿੱਚ ਡਾਕਟਰ ਰਾਧਾਕ੍ਰਿਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ।ਅਧਿਆਪਕ ਖ਼ੁਦ ਬਲ ਕੇ ਰੌਸ਼ਨੀ ਕਰਦਾ ਹੈ। ਸਰਵਪੱਲੀ ਰਾਧਾਕ੍ਰਿਸ਼ਨਨ ਜੀ ਇੱਕ ਬਿਹਤਰੀਨ ਅਧਿਆਪਕ ਸਨ। ਸਿੱਖਿਆ ਅਤੇ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ .ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਦੇਸ਼ ਦਾ ਸਰਵ ਉੱਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।
ਡਾ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 ਵਿੱਚ ਅਮਰੀਕੀ ਸਰਕਾਰ ਵੱਲੋਂ ਟੈ੍ਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਧਾਕ੍ਰਿਸ਼ਨ ਦੁਆਰਾ ਰਚੀਆਂ ਪੁਸ਼ਤਕਾਂ ਦੇ ਨਾਂ ‘ਇੰਡੀਅਨ ਫਿਲਾਸ਼ਫੀ ,ਏ ਹਿੰਦੂ ਵਿਊ ਆਫ਼ ਲਾਈਫ ,ਦਿ ਫਿਲਾਸ਼ਫੀ ਆਫ਼ ਰਵਿੰਦਰ ਨਾਥ ਟੈਗੋਰ, ਐਨ ਆਈਡਿਅਲਿਸਟ ਵਿਊ ਆਫ਼ ਲਾਈਫ, ਦਿ ਕਾਨਸੈਪਟ ਆਫ਼ ਮੈਨ, ਈਸਟਰਨ ਰਿਲੀਜ਼ਨ ਐਂਡ ਵੈਸਟਰਨ ਥੌਟ ਅਤੇ ਮਾਈ ਸਰਚ ਫਾਰ ਟਰੁੱਥ ਅਦੋ ।ਜੋ ਕਿ ਅੱਜ ਵੀ ਭਾਰਤੀ ਦਰਸ਼ਨ- ਸਾਸ਼ਤਰ ਵਿਚ ਅਹਿਮ ਸਥਾਨ ਰੱਖਦੀਆਂ ਹਨ।ਰਾਧਾਕ੍ਰਿਸ਼ਨਨ ਨਵ ਵੇਦਾਂਤ ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ ਅਦਵੈਤ ਵੇਦਾਂਤ ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰਵਿਆਖਿਆ ਕੀਤੀ।ਉਹਨਾਂ ਨੇ ਪੱਛਮੀ ਆਲੋਚਨਾ" ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ। 5 ਸਤੰਬਰ ਨੂੰ ਸਾਰੇ ਹੀ ਦੇਸ਼ ਵਿੱਚ ਅਧਿਆਪਕ ਦਿਵਸ ਦੇ ਮੌਕੇ ‘ਤੇ ਡਾਕਟਰ ਰਾਧਾ ਕ੍ਰਿਸ਼ਨਨ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਗਗਨਦੀਪ ਕੌਰ ਧਾਲੀਵਾਲ ਝਲੂਰ ਬਰਨਾਲਾ ।