ਲੁਧਿਆਣਾ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਅਪੀਲ 'ਤੇ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਫੀਸ ਮੁਆਫ਼ ਕਰਨ ਦੀ ਮੁਹਿੰਮ ਨਿੱਤ ਦਿਨ ਸਫ਼ਲਤਾ ਵੱਲ ਵਧ ਰਹੀ ਹੈ। ਇਸ ਮੁਹਿੰਮ ਨੂੰ ਵੱਖ-ਵੱਖ ਨਿੱਜੀ ਸਕੂਲਾਂ ਵੱਲੋਂ ਲਗਾਤਾਰ ਸਹਿਯੋਗ ਮਿਲ ਰਿਹਾ ਹੈ। ਹੁਣ ਤੱਕ ਇਕੱਲੇ ਸ਼ਹਿਰ ਲੁਧਿਆਣਾ ਵਿੱਚ 2500 ਤੋਂ ਵਧੇਰੇ ਵਿਦਿਆਰਥੀਆਂ ਦੀ ਦੋ ਮਹੀਨੇ (ਅਪ੍ਰੈੱਲ ਅਤੇ ਮਈ ਮਹੀਨੇ) ਦੀ ਫੀਸ ਅਤੇ ਹੋਰ ਫੰਡ ਮੁਆਫ਼ ਕਰਾਈ ਜਾ ਚੁੱਕੀ ਹੈ। ਅੱਜ ਇੱਕ ਹੋਰ ਨਿੱਜੀ ਸਕੂਲ ਰੈੱਡ ਰੋਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਆਪਣੇ ਸਾਰੇ 550 ਵਿਦਿਆਰਥੀਆਂ ਦੀ ਦੋ ਮਹੀਨੇ ਦੀ ਫੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਥੇ ਹੀ ਬੱਸ ਨਹੀਂ, ਸਕੂਲ ਨੇ ਸਾਰੇ ਵਿਦਿਆਰਥੀਆਂ ਦੀ ਸਾਲਾਨਾ ਦਾਖ਼ਲਾ ਫੀਸ ਅਤੇ ਹੋਰ ਫੰਡ ਵੀ ਸਾਰਾ ਸਾਲ ਲਈ ਮੁਆਫ਼ ਕਰ ਦਿੱਤੇ ਹਨ। ਸਕੂਲ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਹਿ' ਅਤੇ ਚੇਅਰਮੈਨ ਸ੍ਰ. ਬਿੰਦਰਾ ਦੀ ਅਪੀਲ 'ਤੇ ਕੀਤਾ ਹੈ। ਇਸ ਸੰਬੰਧੀ ਸਹਿਮਤੀ ਪੱਤਰ ਸ੍ਰ. ਬਿੰਦਰਾ ਨੂੰ ਉਨਾਂ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਦਫ਼ਤਰ ਵਿਖੇ ਸੌਂਪਿਆ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੀ ਸ੍ਰ. ਬਿੰਦਰਾ ਦੀ ਅਪੀਲ 'ਤੇ ਢੰਡਾਰੀ ਖੁਰਦ ਸਥਿਤ ਗਿਆਨ ਨਿਕੇਤਨ ਪਬਲਿਕ ਸਕੂਲ ਅਤੇ ਰੈੱਡ ਰੋਜ਼ ਮਾਡਲ ਪਬਲਿਕ ਸਕੂਲ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਵੀ ਵਿਦਿਆਰਥੀਆਂ ਦੀ ਫੀਸ ਮੁਆਫ਼ ਕੀਤੀ ਸੀ> ਬਿੰਦਰਾ ਨੇ ਇਨਾਂ ਸਕੂਲਾਂ ਵਿੱਚ ਜਿਆਦਾਤਰ ਵਿਦਿਆਰਥੀ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਪੜ•ਦੇ ਹਨ। ਉਨਾਂ ਕਿਹਾ ਕਿ ਕੋਵਿਡ 19 ਕਾਰਨ ਲਗਾਏ ਗਏ ਕਰਫਿਊ/ਲੌਕਡਾਊਨ ਕਾਰਨ ਸਭ ਤੋਂ ਵਧੇਰੇ ਨੁਕਸਾਨ ਕਿਰਤੀ ਜਮਾਤ ਨੂੰ ਪਿਆ ਹੈ। ਇਸ ਸਥਿਤੀ ਵਿੱਚ ਇਹ ਪਰਿਵਾਰ ਆਪਣੇ ਬੱਚਿਆਂ ਨੂੰ ਸਕੂਲ ਭੇਜਣੋਂ ਨਾ ਹਟ ਜਾਣ, ਇਸ ਲਈ ਹੀ ਸਕੂਲ ਪ੍ਰਬੰਧਕਾਂ ਨੂੰ ਫੀਸ ਮੁਆਫ਼ ਕਰਨ ਦੀ ਅਪੀਲ ਕੀਤੀ ਗਈ ਸੀ, ਜੋ ਕਿ ਮੰਨ ਲਈ ਗਈ ਹੈ। ਸ੍ਰ. ਬਿੰਦਰਾ ਨੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਉਹ ਸਕੂਲ ਦੀ ਹਰ ਸੰਭਵ ਸਹਾਇਤਾ ਕਰਦੇ ਰਹਿਣਗੇ। ਉਨਾਂ ਹੋਰਨਾਂ ਵੱਡੇ ਨਿੱਜੀ ਸਕੂਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਸ਼ਕਿਲ ਘੜੀ ਵਿੱਚ ਵਿਦਿਆਰਥੀਆਂ ਦੀ ਫੀਸ ਮੁਆਫ਼ ਕਰਨ। ਅੱਜ ਦੇ ਦੌਰ ਵਿੱਚ ਮੱਧਮ ਵਰਗ ਆਰਥਿਕ ਪੱਖੋਂ ਕਾਫੀ ਡਾਵਾਂਡੋਲ ਹੈ। ਇਸ ਕਰਕੇ ਨਿੱਜੀ ਸਕੂਲਾਂ ਨੂੰ ਅਜਿਹੇ ਮਾਪਿਆਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਸ ਮੌਕੇ ਉਨ•ਾਂ ਕਈ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ।