ਪਟਿਆਲਾ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨਾਕੇ 'ਤੇ ਗਿ੍ਫ਼ਤਾਰ ਨਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਐਤਵਾਰ ਨੂੰ ਆਪਣਾ ਪੱਖ ਰੱਖਿਆ। ਆਈ ਜੀ ਪਟਿਆਲਾ ਰੇਂਜ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਬਰਨਾਲਾ ਦੇ ਬਡਬਰ 'ਚ ਗਾਣੇ ਦੀ ਸ਼ੂਟਿੰਗ ਦੌਰਾਨ ਰਾਈਫਲ ਚਲਾਉਣ ਦੇ ਮਾਮਲੇ 'ਚ ਮੂਸੇਵਾਲਾ ਨੂੰ ਪੁਲਿਸ ਪਹਿਲਾਂ ਹੀ 12 ਜੂਨ ਨੂੰ ਪੁਲਿਸ ਕੋਲ ਪੇਸ਼ ਹੋਣ ਦਾ ਨੋਟਿਸ ਜਾਰੀ ਕਰ ਚੁੱਕੀ ਹੈ। ਇਸੇ ਕਾਰਨ ਪੁਲਿਸ ਨੇ ਉਸ ਨੂੰ ਨਾਕੇ 'ਤੇ ਗਿ੍ਫ਼ਤਾਰ ਨਹੀਂ ਕੀਤਾ। ਜੇਕਰ ਉਹ ਇਸ ਦਿਨ ਹਾਜ਼ਰ ਨਹੀਂ ਹੋਵੇਗਾ, ਫਿਰ ਉਸ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ।
ਆਈ ਜੀ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਕੇਸ ਦੀ ਜਾਂਚ ਹੁਣ ਬਰਨਾਲਾ ਦੀ ਬਜਾਏ ਐੱਸਐੱਸਪੀ ਸੰਗਰੂਰ ਸੰਦੀਪ ਗਰਗ ਕਰਨਗੇ। ਉਨ੍ਹਾਂ ਕਿਹਾ ਕਿ ਨਿਯਮਾਂ ਤਹਿਤ ਹੀ ਸ਼ਨਿਚਰਵਾਰ ਨੂੰ ਉਸ ਦੀ ਗੱਡੀ 'ਤੇ ਲੱਗੀ ਕਾਲੀ ਫਿਲਮ ਦਾ ਚਲਾਨ ਕੱਟਿਆ ਗਿਆ ਹੈ। ਜੇਕਰ ਉਸ ਨੂੰ ਗਿ੍ਫ਼ਤਾਰ ਹੀ ਕਰਨਾ ਹੁੰਦਾ ਤਾਂ ਉਸੇ ਦਿਨ ਕਾਬੂ ਕਰ ਲਿਆ ਜਾਣਾ ਸੀ, ਪਰ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ 'ਚ ਹਾਈ ਕੋਰਟ 'ਚ ਪੀਆਈਐੱਲ ਪਾਉਣ ਵਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਰਵੀ ਜੋਸ਼ੀ ਨੇ ਕਿਹਾ ਕਿ ਮੂਸੇਵਾਲਾ 12 ਜੂਨ ਨੂੰ ਥਾਣੇ 'ਚ ਪੇਸ਼ ਹੋਵੇਗਾ, ਇਸ ਦੀ ਵੀ ਕੋਈ ਗਰੰਟੀ ਨਹੀਂ ਹੈ। ਉਨ੍ਹਾਂ ਮੌਕੇ 'ਤੇ ਹੀ ਐੱਸਐੱਚਓ ਕੋਤਵਾਲੀ ਨਾਭਾ ਸਰਬਜੀਤ ਸਿੰਘ ਚੀਮਾ ਤੇ ਆਈਜੀ ਜਤਿੰਦਰ ਸਿੰਘ ਔਲਖ ਨਾਲ ਫੋਨ 'ਤੇ ਗੱਲ ਕਰ ਕੇ ਦਸਤਾਵੇਜ਼ਾਂ ਦਾ ਹਵਾਲਾ ਦੇ ਕੇ ਮੂਸੇਵਾਲਾ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਵੀ ਕੀਤੀ ਸੀ, ਪਰ ਕਿਸੇ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਾਂਗੇ। ਉੱਥੇ ਐਡਵੋਕੇਟ ਦੀਕਸ਼ਿਤ ਰਾਜ ਕਪੂਰ ਨੇ ਕਿਹਾ ਕਿ ਗਾਣੇ ਦੀ ਸ਼ੂਟਿੰਗ ਦੌਰਾਨ ਗਾਇਕ ਮੂਸੇਵਾਲਾ ਵੱਲੋਂ ਫਾਇਰਿੰਗ ਕਰਨਾ ਗੰਭੀਰ ਅਪਰਾਧ ਹੈ। ਸੈਸ਼ਨ ਕੋਰਟ ਤੋਂ ਅਗਾਊਂ ਜ਼ਮਾਨ ਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਉਸ ਨੂੰ ਗਿ੍ਫ਼ਤਾਰ ਕਰਨਾ ਚਾਹੀਦਾ ਸੀ।