You are here

8 ਜੂਨ ਤੋਂ ਕਈ ਸੂਬਿਆਂ 'ਚ ਖੁੱਲ੍ਹਣਗੇ ਮਾਲ, ਹੋਟਲ, ਰੈਸਟੋਰੈਂਟ ਤੇ ਧਰਮ ਅਸਥਾਨ

ਹਰੇਕ ਦੇ ਲਈ ਮਾਸਕ ਜ਼ਰੂਰੀ ,ਨਾ ਪਹਿਨਣ ਤੇ ਹੋਵੇਗਾ ਜੁਰਮਾਨਾ

ਨਵੀਂ ਦਿੱਲੀ , ਜੂਨ 2020 -(ਏਜੰਸੀ)-ਸਰਕਾਰ ਵੱਲੋਂ ਅਨਲਾਕ-1 ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸੋਮਵਾਰ ਤੋਂ ਕਈ ਸੂਬਿਆਂ ਵਿਚ ਮਾਲ, ਹੋਟਲ-ਰੈਸਟੋਰੈਂਟਾਂ ਤੇ ਧਾਰਮਿਕ ਅਸਥਾਨਾਂ ਦੇ ਬੂਹੇ ਖੁੱਲ੍ਹ ਜਾਣਗੇ। ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਚੌਕਸੀ ਨਾਲ ਜਨਜੀਵਨ ਆਮ ਵਾਂਗ ਕਰਨ ਲਈ ਸਾਰੇ ਸੂਬਿਆਂ ਨੇ ਸਥਾਨਕ ਹਾਲਾਤ ਦੇ ਹਿਸਾਬ ਨਾਲ ਇਸ ਸਬੰਧੀ ਸਟੈਂਟਰਡ ਆਪ੍ਰੇਟਿੰਗ ਪ੍ਰੋਸੀਜਰ (ਐੱਸਓਪੀ) ਜਾਰੀ ਕੀਤੇ ਹਨ। ਇਨ੍ਹਾਂ ਵਿਚ ਮਾਲ, ਹੋਟਲ-ਰੈਸਟੋਰੈਂਟ ਤੇ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਲਈ ਕੁਝ ਸ਼ਰਤਾਂ ਨੂੰ ਲਾਜ਼ਮੀ ਕੀਤਾ ਗਿਆ ਹੈ। ਕੁਝ ਸੂਬਿਆਂ 'ਚ ਮੰਦਰ, ਮਸਜਿਦ ਤੇ ਚਰਚ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੀਆਂ ਇਕਾਈਆਂ ਨੇ ਫਿਲਹਾਲ ਸਬੰਧਿਤ ਧਾਰਮਿਕ ਅਸਥਾਨਾਂ ਦੇ ਤਾਲੇ ਨਾ ਖੋਲ੍ਹਣ ਦਾ ਐਲਾਨ ਕੀਤਾ ਹੈ।

ਕੇਂਦਰ ਸਰਕਾਰ ਨੇ ਦੇਸ਼-ਪੱਧਰੀ ਲਾਕਡਾਊਨ ਦਾ ਚੌਥਾ ਪੜਾਅ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ 30 ਮਈ ਨੂੰ ਦੇਸ਼ ਵਿਚ ਅਨਲਾਕ-1 ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਵਿਚ ਕਿਹਾ ਗਿਆ ਸੀ ਕਿ ਪਹਿਲੇ ਪੜਾਅ ਵਿਚ ਅੱਠ ਜੂਨ ਤੋਂ ਮਾਲ, ਹੋਟਲ, ਰੈਸਟੋਰੈਂਟ ਤੇ ਧਾਰਮਿਕ ਅਸਾਥਾਨ ਖੋਲ੍ਹਣ ਦੀ ਪ੍ਰਵਾਨਗੀ ਹੋਵੇਗੀ। ਹਾਲਾਂਕਿ ਸੂਬਿਆਂ ਨੂੰ ਸਥਾਨਕ ਹਾਲਾਤ ਅਨੁਸਾਰ ਇਸ ਸਬੰਧੀ ਫ਼ੈਸਲਾ ਲੈਣ ਦੀ ਛੋਟ ਦਿੱਤੀ ਗਈ ਹੈ। ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਤੋਂ ਹੀ ਸੂਬਿਆਂ ਨੇ ਵੀ ਇਸ ਦਿਸ਼ਾ ਵਿਚ ਤਿਆਰੀ ਸ਼ੁਰੂ ਕਰ ਦਿੱਤੀ। ਮਾਲ ਤੇ ਹੋਟਲ-ਰੈਸਟੋਰੈਂਟ ਨੂੰ ਲੈ ਕੇ ਲਗਪਗ ਸਾਰੇ ਸੂਬੇ ਕੇਂਦਰ ਵੱਲੋਂ ਤੈਅ ਸ਼ਰਤਾਂ ਦੇ ਹਿਸਾਬ ਨਾਲ ਛੋਟ ਦੇ ਰਹੇ ਹਨ। ਇਸ ਤਹਿਤ ਸਰੀਰਕ ਦੂਰੀ ਤੇ ਸਾਫ਼-ਸਫ਼ਾਈ ਦੀ ਪਾਲਣਾ ਸਾਰਿਆਂ ਲਈ ਲਾਜ਼ਮੀ ਕੀਤੀ ਗਈ ਹੈ। ਮਾਲ 'ਚ ਆਉਣ-ਜਾਣ ਦੇ ਰਸਤੇ 'ਤੇ ਥਰਮਲ ਸਕਰੀਨਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ।

ਕਰਨਾਟਕ 'ਚ ਮੰਦਰ ਤੇ ਮਸਜਿਦ ਸੋਮਵਾਰ ਤੋਂ ਖੁੱਲ੍ਹ ਜਾਣਗੇ ਜਦਕਿ ਚਰਚ 13 ਤਰੀਕ ਤੋਂ ਖੁੱਲ੍ਹਣਗੇ। ਸੂਬਾ ਸਰਕਾਰ ਨੇ ਧਾਰਮਿਕ ਅਸਥਾਨਾਂ ਨੂੰ ਸਰੀਰਕ ਦੂਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਥਰਮਲ ਸਕਰੀਨਿੰਗ ਤੇ ਸਾਰਿਆਂ ਲਈ ਮਾਸਕ ਪਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ। 10 ਸਾਲ ਤੋਂ ਘੱਟ ਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਧਾਰਮਿਕ ਅਸਥਾਨਾਂ 'ਤੇ ਆਉਣ ਦੀ ਆਗਿਆ ਨਹੀਂ ਹੋਵੇਗੀ। ਗੁਜਰਾਤ ਵਿਚ ਵੱਖ-ਵੱਖ ਸਮੇਂ ਪ੍ਰਰਾਥਰਨਾ ਕਰਨ ਤੇ ਭਗਤਾਂ ਲਈ ਟੋਕਨ ਵਿਵਸਥਾ ਦੀ ਗੱਲ ਕਹੀ ਗਈ ਹੈ। ਸੋਮਨਾਥ ਮੰਦਰ ਵਿਚ ਗਿਰ ਸੋਮਨਾਥ ਜ਼ਿਲ੍ਹੇ ਦੇ ਲੋਕ ਸੋਮਵਾਰ ਤੋਂ ਹੀ ਦਰਸ਼ਨਾਂ ਲਈ ਆ ਸਕਣਗੇ। ਉਧਰ ਹੋਰਨਾਂ ਜ਼ਿਲਿ੍ਹਆਂ ਦੇ ਲੋਕਾਂ ਨੂੰ ਪਹਿਲਾਂ ਆਨਲਾਈਨ ਅਰਜ਼ੀ ਦੇਣੀ ਪਵੇਗੀ। ਆਰਤੀ ਸਿਰਫ਼ ਪੁਜਾਰੀ ਹੀ ਕਰਨਗੇ। ਇਸ ਵਿਚ ਭਗਤ ਸ਼ਾਮਲ ਨਹੀਂ ਹੋਣਗੇ। ਰਜਿਸਟ੍ਰੇਸ਼ਨ ਦੀ ਸ਼ੁਰੂਆਤ 12 ਜੂਨ ਤੋਂ ਹੋਵੇਗੀ। ਅੰਬਾ ਜੀ ਮੰਦਰ ਨੂੰ ਭਗਤਾਂ ਲਈ 12 ਜੂਨ ਤੋਂ ਖੋਲਿ੍ਹਆ ਜਾਵੇਗਾ। ਮਸਜਿਦ ਤੇ ਚਰਚ ਵੀ ਇਸੇ ਤਰ੍ਹਾਂ ਦੀ ਤਿਆਰੀ ਹੈ। ਅਹਿਮਦਾਬਾਦ ਦੀ ਪ੍ਰਸਿੱਧ ਜਾਮਾ ਮਸਜਿਦ ਵਿਚ ਸ਼ੁੱਕਰਵਾਰ ਦੀ ਨਮਾਜ਼ ਲਈ ਵੱਖ-ਵੱਖ ਸਮੇਂ ਪ੍ਰਵਾਨਗੀ ਮਿਲੇਗੀ ਤਾਂ ਜੋ ਇੱਕੋ ਵੇਲੇ ਜ਼ਿਆਦਾ ਲੋਕ ਇਕੱਠੇ ਨਾ ਹੋਣ। ਤੇਲੰਗਾਨਾ, ਕੇਰਲ ਤੇ ਹੋਰਨਾਂ ਸੂਬਿਆਂ ਨੇ ਵੀ ਇਸੇ ਤਰ੍ਹਾਂ ਦੀ ਤਿਆਰੀ ਕੀਤੀ ਹੈ। ਗੋਆ ਵਿਚ ਸੋਮਵਾਰ ਤੋਂ ਮਾਲ ਖੁੱਲ੍ਹ ਜਾਣਗੇ ਪਰ ਫਿਲਹਾਲ ਹੋਟਲਾਂ ਤੇ ਰੈਸਟੋਰੈਂਟਾਂ ਬਾਰੇ ਫ਼ੈਸਲਾ ਨਹੀਂ ਹੋਇਆ। ਇੱਥੇ ਮੰਦਰ, ਮਸਜਿਦ ਤੇ ਚਰਚ ਦਾ ਸੰਚਾਲਨ ਕਰਨ ਵਾਲੀਆਂ ਸੰਸਥਾਵਾਂ ਨੇ ਫਿਲਹਾਲ ਧਾਰਮਿਕ ਅਸਥਾਨ ਨਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਨਾਗਾਲੈਂਡ ਨੇ ਫਿਲਹਾਲ ਹੋਟਲ ਤੇ ਧਰਮ ਅਸਥਾਨ ਨਾ ਖੋਲ੍ਹਣ ਦੀ ਗੱਲ ਕਹੀ ਹੈ।

ਇਤਿਹਾਸਕ ਵਿਰਾਸਤਾਂ ਦਾ ਹੋ ਸਕੇਗਾ ਦੀਦਾਰ

ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਅਧੀਨ ਆਉਣ ਵਾਲੀਆਂ 3,691 ਧਰੋਹਰਾਂ ਨੂੰ ਸੈਲਾਨੀਆਂ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿਚ 17 ਮਾਰਚ ਤੋਂ ਲੋਕਾਂ ਦੇ ਆਉਣ 'ਤੇ ਰੋਕ ਲੱਗੀ ਹੋਈ ਹੈ। ਕੇਂਦਰ ਸਰਕਾਰ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਦਾ ਸੰਚਾਲਨ ਹੋ ਸਕੇਗਾ। ਸਾਰਿਆਂ ਲਈ ਈ-ਟਿਕਟ ਤੇ ਮਾਸਕ ਲਾਜ਼ਮੀ ਹੋਣਗੇ।