You are here

ਮੰਗਾਂ ਨੂੰ ਲੈ ਕੇ ਰੋਡਵੇਜ਼ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

ਜਗਰਾਓਂ, 28 ਮਾਰਚ (ਰਛਪਾਲ ਸਿੰਘ ਸ਼ੇਰਪੁਰੀ)। ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਭਰਵੀਂ ਗੇਟ ਰੈਲੀ ਕੀਤੀ। ਜਗਰਾਓਂ ਦੇ ਬੱਸ ਅੱਡੇ ਵਿਖੇ ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਦੀਪ ਸਿੰਘ ਮੋਤੀ, ਸੈਕਟਰੀ ਅਵਤਾਰ ਸਿੰਘ ਗਗੜਾ ਅਤੇ ਕਰਮਚਾਰੀ ਦਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਦੀ ਮੁਲਾਜ਼ਮਾਂ ਅਤੇ ਮਹਿਕਮੇ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਹੈ ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਪਾਲਸੀ ਤੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ, ਨਜਾਇਜ ਚਲ ਰਹੇ ਪਰਮਿਟ ਰੱਦ ਕੀਤੇ ਜਾਣ, ਟਾਈਮ ਟੇਬਲ ਵਿੱਚ ਸਮੇਂ ਦੀ ਇੱਕਸਾਰਤਾ ਕਰਕੇ ਰੋਡਵੇਜ ਦੀਆਂ ਸ਼ਿਫਟਾਂ ਚਾਲੂ ਕੀਤੀਆਂ ਜਾਣ ਅਤੇ ਸਿਆਸੀ ਦਖਲ ਅੰਦਾਜੀ ਬੰਦ ਕੀਤੀ ਜਾਵੇ ਆਦਿ ਮੰਗਾਂ ਤੇ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ , ਪਰ ਤਿੰਨ ਮਹੀਨੇ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਰੋਡਵੇਜ਼ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ 2004 ਤੋਂ ਭਰਤੀ ਮੁਲਾਜ਼ਮਾਂ ਤੇ ਪੁਰਾਨੀ ਪੈਨਸ਼ਨ ਲਾਗੂ ਕੀਤੀ ਜਾਵੇ, ਠੇਕੇ ਤੇ ਭਰਤੀ ਮੁਲਾਜ਼ਮ ਪੱਕੇ ਕੀਤੇ ਜਾਣ, ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲੁੱਟ ਬੰਦ ਕੀਤੀ ਜਾਵੇ, ਕਰਜਾ ਮੁਕਤ ਪਨਬੱਸਾਂ ਰੋਡਵੇਜ ਵਿੱਚ ਸ਼ਾਮਲ ਕੀਤੀਆਂ ਜਾਣ ਅਤੇ ਦਿੱਲੀ ਏਅਰਪੋਰਟ ਨੂੰ ਵੋਲਵੋ ਬੱਸਾਂ ਚਾਲੂ ਕੀਤੀਆਂ ਜਾਣ। ਇਸ ਮੋਕੇ ਪ੍ਰਧਾਨ ਬਲਜੀਤ ਸਿੰਘ ਮੋਤੀ, ਜਗਦੀਸ਼ ਸਿੰਘ ਕਾਉਂਕੇ, ਸੈਕਟਰੀ ਪਰਮਜੀਤ ਸਿੰਘ, ਧਰਮਿੰਦਰ ਸਿੰਘ ਬੱਸੀਆਂ, ਪ੍ਰਿਤਪਾਲ ਸਿੰਘ, ਬਰਜਿੰਦਰ ਸਿੰਘ, ਕੇਵਲ ਸਿੰਘ, ਮਨਿੰਦਰ ਸਿੰਘ, ਹਰਬਿੰਦਰ ਸਿੰਘ, ਗੁਰਦੀਪ ਸਿੰਘ ਹਠੂਰ ਅਤੇ ਕਰਮਚਾਰੀ ਦਲ ਨੇ ਵੀ ਰੈਲੀ ਸੰਬੋਧਨ ਕਰਦੇ ਹੋਏ ਸਰਕਾਰ ਦੀ ਲੋਕ ਮਾਰੂ ਨੀਤੀਆਂ ਖਿਲਾਫ ਟਰਾਂਸਪੋਰਟ ਮੰਤਰੀ ਦੇ ਹਲਕੇ 'ਚ ਕੀਤੇ ਜਾਣ ਵਾਲੇ ਝੰਡਾ ਮਾਰਚ 'ਚ ਮੁਲਾਜ਼ਮਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।