ਡਰਬੀ/ਯੂ ਕੇ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇਕ ਅਣਪਛਾਤੇ ਵਿਅਕਤੀ ਨੇ ਡਰਬੀ 'ਚ ਗੁਰਦੁਆਰਾ ਗੁਰੂ ਅਰਜਨ ਦੇਵ 'ਚ ਸੋਮਵਾਰ ਸਵੇਰੇ ਹਮਲਾ ਕਰ ਦਿੱਤਾ ਤੇ ਗੁਰਦੁਆਰੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਹਜ਼ਾਰਾਂ ਪਾਊਂਡ ਦਾ ਨੁਕਸਾਨ ਹੋਇਆ ਹੈ। ਹਮਲੇ ਦੀ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਇਸੇ ਕਾਰਨ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਹੋ ਗਈ ਹੈ।
ਗੁਰਦੁਆਰੇ ਦੇ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਸਵੇਰੇ 6 ਵਜੇ ਇਕ ਵਿਅਕਤੀ ਗੁਰਦੁਆਰਾ ਕੰਪਲੈਕਸ 'ਚ ਦਾਖ਼ਲ ਹੋਇਆ ਤੇ ਹਜ਼ਾਰਾਂ ਪਾਊਂਡ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇਸ ਹਮਲੇ 'ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਉਸਨੇ ਕਿਹਾ ਕਿ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧ ਜਾਂ ਕਿਸੇ ਹੋਰ ਕਾਰਵਾਈ ਨਾਲ ਉਨ੍ਹਾਂ ਨੂੰ ਨਹੀਂ ਡਰਾਇਆ ਜਾ ਸਕਦਾ। ਉਹ ਪਹਿਲਾਂ ਵਾਂਗ ਸੇਵਾ ਤੇ ਸਿਮਰਨ ਜਾਰੀ ਰੱਖਣਗੇ। ਲੋਕਾਂ ਲਈ ਲੰਗਰ ਦੀ ਸੇਵਾ ਜਾਰੀ ਰਹੇਗੀ। ਸਾਰੇ ਸੇਵਾਦਾਰਾਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਬਰਤਾਨੀਆ 'ਚ ਸਰਕਾਰ ਦੀ ਯੋਜਨਾ ਦੇ ਤਹਿਤ ਗੁਰਦੁਆਰਿਆਂ ਨੂੰ ਸੁਰੱਖਿਆ ਹਥਿਆਰਾਂ ਲਈ ਫੰਡ ਦਿੱਤਾ ਜਾਂਦਾ ਹੈ ਤਾਂ ਜੋ ਨਫ਼ਰਤੀ ਅਪਰਾਧ ਵਰਗੀਆਂ ਕਾਰਵਾਈਆਂ ਨੂੰ ਰੋਕਿਆ ਜਾ ਸਕੇ, ਪਰ ਅਜਿਹੇ ਹਮਲੇ ਹਾਲੇ ਵੀ ਜਾਰੀ ਹਨ। ਕੋਰੋਨਾ ਦੇ ਚੱਲਦਿਆਂ ਇਸ ਗੁਰਦੁਆਰੇ 'ਚ ਹਰ ਰੋਜ਼ 500 ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ।