You are here

ਨਿੱਤ ਦਿਨ ਆਮ ਜਨ ਜੀਵਨ ਵੱਲ ਵਧ ਰਿਹੈ ਜ਼ਿਲਾ ਲੁਧਿਆਣਾ

(ਫੋਟੋ:- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ )

ਵੱਡੀ ਗਿਣਤੀ ਵਿੱਚ ਸਨਅਤਾਂ ਚੱਲਣ ਨਾਲ ਲੱਖਾਂ ਲੋਕ ਮੁੜ ਕੰਮ ਨਾਲ ਜੁੜੇ-ਡਿਪਟੀ ਕਮਿਸ਼ਨਰ

ਲੁਧਿਆਣਾ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਵਿੱਚ 17 ਮਈ, 2020 ਤੋਂ ਕਰਫਿਊ ਖ਼ਤਮ ਹੋਣ ਨਾਲ ਸਨਅਤਾਂ ਅਤੇ ਹੋਰ ਕਾਰੋਬਾਰਾਂ ਨੂੰ ਚਲਾਉਣ ਲਈ ਵੀ ਖੁੱਲ ਮਿਲ ਗਈ ਹੈ, ਜਿਸ ਨਾਲ ਜ਼ਿਲਾ ਲੁਧਿਆਣਾ ਵਿੱਚ ਜਨ ਜੀਵਨ ਆਮ ਵਾਂਗ ਹੋਣ ਲੱਗਾ ਹੈ। ਦੱਸਣਯੋਗ ਹੈ ਕਿ ਹੁਣ ਸਾਰੀਆਂ ਘਰੇਲੂ ਲੋੜਾਂ ਦੀ ਪੂਰਤੀ ਵਾਲੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਾਊਂਟਰ ਸੇਲ ਦੀ ਆਗਿਆ ਦਿੱਤੀ ਗਈ ਹੈ, ਜਿਸ ਨਾਲ ਆਮ ਵਿਅਕਤੀ ਅਤੇ ਦੁਕਾਨਦਾਰਾਂ ਨੂੰ ਕਾਫੀ ਢਾਰਸ ਮਿਲਿਆ ਹੈ। ਇਸੇ ਤਰਾਂ, ਸਨਅਤਾਂ ਦੇ ਚੱਲਣ ਨਾਲ ਵੱਡੀ ਗਿਣਤੀ ਵਿੱਚ ਮਜ਼ਦੂਰ ਲੋਕ ਆਪਣੇ ਕੰਮਾਂ ਨਾਲ ਮੁੜ ਜੁੜ ਗਏ ਹਨ, ਜਿਸ ਨਾਲ ਸਨਅਤਕਾਰਾਂ ਅਤੇ ਹੋਰ ਧਿਰਾਂ ਨੂੰ ਆਰਥਿਕ ਤੌਰ 'ਤੇ ਕਾਫੀ ਸਹਾਰਾ ਮਿਲਿਆ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੰਨਟੇਨਮੈਂਟ ਜ਼ੋਨਾਂ ਤੋਂ ਬਿਨਾ ਬਾਕੀ ਸਾਰੇ ਖੇਤਰਾਂ ਵਿੱਚ ਘਰੇਲੂ ਜ਼ਰੂਰੀ ਵਸਤਾਂ ਵੇਚਣ, ਬਿਜਲਈ ਪੱਖੇ, ਏਅਰ ਕੂਲਰ, ਏ. ਸੀ. ਰਿਪੇਅਰ, ਵਾਹਨ ਰਿਪੇਅਰ, ਸਪੇਅਰ ਪਾਰਟਸ, ਕਿਤਾਬਾਂ ਸ਼ਟੇਸ਼ਨਰੀ, ਇਲੈਕਟ੍ਰੀਸ਼ਨ ਸਰਵਿਸ, ਇਲੈਕਟਰੀਕਲ ਅਤੇ ਸੈਨੀਟਰੀ ਵਸਤਾਂ ਦੀ ਸਪਲਾਈ, ਉਸਾਰੀ ਮਟੀਰੀਅਲ, ਇੱਟਾਂ, ਰੇਤਾ, ਪਲਾਈਵੁੱਡ, ਟਿੰਬਰ, ਗਲਾਸ, ਆਈ. ਟੀ. ਰਿਪੇਅਰ, ਇੰਨਵਰਟਰ ਸਪਲਾਈ, ਪਲੰਬਰ ਸਰਵਿਸ, ਲੱਕੜ, ਹਾਰਡਵੇਅਰ, ਪੇਂਟ ਆਦਿ ਦਾ ਕਾਰੋਬਾਰ ਕਰਨ ਲਈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਆਗਿਆ ਦਿੱਤੀ ਗਈ ਹੈ। ਇਥੋਂ ਤੱਕ ਕਿ ਸ਼ਰਾਬ ਦੇ ਠੇਕੇ ਵੀ ਸ਼ਾਮ 6 ਵਜੇ ਤੱਕ ਖੁੱਲ ਸਕਦੇ ਹਨ। ਰੈਸਟਰਾਂ ਵੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਮ ਡਲਿਵਰੀ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸਨਅਤੀ ਸ਼ਹਿਰ ਵਜੋਂ ਜਾਣੇ ਜਾਂਦੇ ਲੁਧਿਆਣਾ ਵਿੱਚ 95 ਹਜ਼ਾਰ ਦੇ ਕਰੀਬ ਲਘੂ, ਮੱਧਮ ਅਤੇ ਦਰਮਿਆਨੇ ਉਦਯੋਗ ਹਨ, ਜਿਸ ਨਾਲ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਇਹ ਲੋਕ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸੰਬੰਧ ਰੱਖਦੇ ਹਨ। ਲੰਮਾ ਸਮਾਂ ਲੌਕਡਾਊਨ ਰਹਿਣ ਕਾਰਨ ਇਹ ਲੋਕ ਕੰਮਾਂ ਤੋਂ ਵਿਹਲੇ ਹੋ ਗਏ ਸਨ, ਜਿਸ ਕਾਰਨ ਇਨਾਂ ਨੂੰ ਕਾਫੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਨਾ ਪਿਆ। ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ 50 ਹਜ਼ਾਰ ਫੈਕਟਰੀਆਂ  ਮੁੜ ਚੱਲ ਪਈਆਂ ਹਨ। ਜਿਸ ਕਾਰਨ ਲੱਖਾਂ ਮਜਦੂਰ ਆਪਣੇ ਕੰਮਾਂ 'ਤੇ ਵਾਪਸ ਪਰਤ ਆਏ ਹਨ। ਡਿਪਟੀ ਡਾਇਰੈਕਟਰ ਫੈਕਟਰੀਜ਼ ਸ੍ਰ. ਸੁਖਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਉਨਾਂ ਦੇ ਵਿਭਾਗ ਨਾਲ 5-6 ਲੱਖ ਕਾਮੇ ਰਜਿਸਟਰਡ ਹਨ। ਫੈਕਟਰੀਆਂ ਮੁੜ ਸ਼ੁਰੂ ਹੋਣ ਨਾਲ ਹੁਣ ਕਰੀਬ 3.5 ਲੱਖ ਕਾਮੇ ਮੁੜ ਕੰਮਾਂ 'ਤੇ ਆ ਗਏ ਹਨ ਅਤੇ ਉਨਾਂ ਦੀ ਰੋਜ਼ੀ ਰੋਟੀ ਮੁੜ ਚੱਲ ਪਈ ਹੈ। ਡਿਪਟੀ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਤੋਂ 8 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਸੂਬਿਆਂ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਸੀ। ਇਹ ਇੱਕ ਚੰਗੀ ਖ਼ਬਰ ਹੈ ਕਿ ਹੁਣ ਸਨਅਤਾਂ ਮੁੜ ਸ਼ੁਰੂ ਹੋਣ ਨਾਲ ਉਨਾਂ ਨੇ ਵਾਪਸ ਜਾਣ ਦਾ ਆਪਣਾ ਮਨ ਬਦਲ ਦਿੱਤਾ ਹੈ। ਉਨਾਂ ਕਿਹਾ ਕਿ 5 ਮਈ, 2020 ਤੋਂ 1200 ਯਾਤਰੀ ਪ੍ਰਤੀ ਰੇਲ ਆਪਣੇ ਸੂਬਿਆਂ ਨੂੰ ਜਾ ਰਹੇ ਹਨ, ਜਦਕਿ ਹੁਣ ਇਹ ਸਮਰੱਥਾ 1600 ਕੀਤੀ ਗਈ ਹੈ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਦਾ ਹਰ ਅਧਿਕਾਰੀ/ਕਰਮਚਾਰੀ, ਗੈਰ ਸਰਕਾਰੀ ਸੰਗਠਨ ਅਤੇ ਹੋਰ ਧਿਰਾਂ ਇਸ ਮੁਸ਼ਕਿਲ ਘੜੀ ਵਿੱਚ ਲਗਾਤਾਰ ਲੋਕ ਹਿੱਤ ਵਿੱਚ ਕੰਮ ਕਰ ਰਹੇ ਹਨ। ਜ਼ਿਲਾ ਪ੍ਰਸਾਸ਼ਨ ਦੇ ਸਥਿਤੀ ਪੂਰੀ ਤਰਾਂ ਕੰਟਰੋਲ ਵਿੱਚ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਾਲੇ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਯਕੀਨੀ ਬਣਾਉਣ। ਬਹੁਤ ਜਿਆਦਾ ਲੋੜ ਵੇਲੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਤਾਂ ਜੋ ਪੰਜਾਬ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ।