You are here

ਕਿਸਾਨਾਂ ਨੂੰ ਕਣਕ ਦਾ ਨਾੜ ਸਾੜਨ ਨਾਲ ਪੈਂਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ 4 ਗੀਤ ਜਾਰੀ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੇ ਸਾਂਝੇ ਤੌਰ 'ਤੇ ਤਿਆਰ

ਲੁਧਿਆਣਾ, ਮਈ 2020- ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਕਿਸਾਨਾਂ ਨੂੰ ਕਣਕ ਦਾ ਨਾੜ ਸਾੜਨ ਨਾਲ ਪੈਂਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 4 ਜਿੰਗਲ (ਛੋਟੇ ਗੀਤ) ਤਿਆਰ ਕਰਵਾਏ ਗਏ ਹਨ, ਜਿਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਰਿਲੀਜ਼ ਕੀਤਾ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਕਿਸਾਨਾਂ ਨੂੰ ਕਣਕ ਦਾ ਨਾੜ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨਾਂ ਯਤਨਾਂ ਦੇ ਸਦਕਾ ਹੀ ਪਿਛਲੇ ਦੋ ਸਾਲਾਂ ਦੌਰਾਨ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਇਨਾਂ ਮਾਮਲਿਆਂ ਵਿੱਚ ਸਾਲ ਦਰ ਸਾਲ ਕਮੀ ਆ ਰਹੀ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ। ਉਨਾਂ ਦੱਸਿਆ ਕਿ 21 ਮਈ, 2018 ਤੱਕ ਇਹ ਮਾਮਲੇ 730 ਸਨ, ਸਾਲ 2019 ਵਿੱਚ 717 ਸਨ, ਜਦਕਿ ਇਸ ਸਾਲ 21 ਮਈ ਤੱਕ ਇਹ ਮਾਮਲੇ ਘਟ ਕੇ 648 ਰਹਿ ਗਏ ਹਨ। ਉਨਂ ਕਿਹਾ ਕਿ ਇਹ ਸਭ ਸਾਰੀਆਂ ਧਿਰਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਹੀ ਸਿੱਟਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਨਿਗਰਾਨ ਇੰਜੀਨੀਅਰ ਸੰਦੀਪ ਬਹਿਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਹਿੱਤ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ। ਅੱਗ ਲਗਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋਣ ਦੇ ਨਾਲ-ਨਾਲ ਇਸ ਨਾਲ ਵਾਤਾਵਰਣ ਖ਼ਰਾਬ ਹੁੰਦਾ ਹੈ। ਇਸ ਨਾਲ ਸਾਹ ਦੀ ਬਿਮਾਰੀ ਹੋ ਸਕਦੀ ਹੈ, ਜਿਸ ਕਾਰਨ ਕੋਵਿਡ 19 ਬਿਮਾਰੀ ਦੇ ਸ਼ਿਕਾਰ ਹੋਣ ਦਾ ਵੀ ਖ਼ਤਰਾ ਬਣ ਜਾਂਦਾ ਹੈ। ਉਨਾਂ ਕਿਹਾ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਖ਼ਿਲਾਫ਼ ਪੁਲਿਸ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਾਇਕ ਡਾਇਰੈਕਟਰ (ਟੈਲੀਵਿਜ਼ਨ) ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਇਹ ਜਿੰਗਲ ਕਿਸਾਨਾਂ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਤਿਆਰ ਕਰਵਾਏ ਗਏ ਹਨ। ਇਨਾਂ ਜਿੰਗਲਾਂ ਨੂੰ ਪੰਜਾਬੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ। ਲੇਖਕ ਅਤੇ ਗੀਤ ਗਾਉਣ ਦੀ ਡਿਊਟੀ ਰਾਜਿੰਦਰ ਮਾਹਲ ਨੇ ਨਿਭਾਈ ਹੈ। ਡਾਇਲਾਗ ਹਰਮੀਤ ਸਿੰਘ ਅਤੇ ਡਾ. ਅਨਿਲ ਸ਼ਰਮਾ (ਖੁਦ) ਨੇ ਲਿਖੇ ਹਨ। ਇਨਾਂ ਗੀਤਾਂ 'ਤੇ ਅਦਾਕਾਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਹਰਜੋਬਨ ਸਿੰਘ, ਅਭਿਸ਼ੇਕ ਵਿਜ, ਸ਼ਰਨ ਔਲਖ, ਪ੍ਰਭ ਧਾਲੀਵਾਲ, ਪਲਵਿੰਦਰ ਬੱਸੀ, ਮਾਸਟਰ ਅਨਹਦ ਪ੍ਰੇਮ ਸਿੰਘ ਅਤੇ ਸੁਰਿੰਦਰ ਸਿੰਘ ਨੇ ਕੀਤੀ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਹੋਰ ਵੀ ਸਮਾਜਿਕ ਵਿਸ਼ਿਆਂ 'ਤੇ ਜਿੰਗਲ ਤਿਆਰ ਕੇਤੇ ਜਾ ਰਹੇ ਹਨ ਤਾਂ ਜੋ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ।