15 ਅਗਸਤ ਨੂੰ ਮਨਾਈ ਜਾਵੇਗੀ "ਕਾਲ਼ੀ ਅਜ਼ਾਦੀ"- ਤਰਲੋਚਨ ਝੋਰੜਾਂ
ਜਗਰਾਉਂ, 13 ਅਗਸਤ ( ਕੌਸ਼ਲ ਮੱਲਾ ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਅਤੇ ਇਨਸਾਫ਼ਪਸੰਦ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਦਿੱਤਾ ਜਾ ਰਿਹਾ ਅਣਮਿਥੇ ਸਮੇਂ ਦਾ ਧਰਨਾ ਜਿਥੇ ਅੱਜ 143ਵੇਂ ਦਿਨ ਵੀ ਜਾਰੀ ਰਿਹਾ, ਇਸ ਸੰਘਰਸ਼ ਦੀਆਂ ਮੋਹਰੀ ਜੱਥੇਬੰਦੀਆਂ ਨੇ ਇੱਕ ਮੀਟਿੰਗ ਕਰਕੇ 15 ਅਗਸਤ ਨੂੰ 'ਕਾਲ਼ੀ ਅਜ਼ਾਦੀ ਮਨਾਉਣ ਦਾ ਫੈਸਲਾ ਸਰਬਸੰਮਤੀ ਨਾਲ਼ ਕੀਤਾ ਗਿਆ। ਪ੍ਰੇੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਆਗੂ ਕੁੰਢਾ ਸਿੰਘ ਕਾਉਂਕੇ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ 15 ਅਗਸਤ ਨੂੰ 11 ਵਜੇ ਥਾਣੇ ਮੂਹਰੇ ਇਕੱਠੇ ਹੋ ਕੇ ਧਰਨਾਕਾਰੀ ਕਿਰਤੀ ਲੋਕ "ਕਾਲ਼ੀ ਅਜ਼ਾਦੀ" ਮਨਾਉਣਗੇ ਅਤੇ ਇਸ ਗੱਲ਼ 'ਤੇ ਚਰਚਾ ਕਰਨਗੇ ਕਿ "ਕੀ ਸੱਚ-ਮੁੱਚ ਹੀ ਅਸੀਂ ਅਜ਼ਾਦ ਹਾਂ? ਕੀ ਭਗਤ, ਸਰਾਭੇ ਤੇ ਗਦਰੀ ਬਾਬਿਆਂ ਨੇ ਇਹੋ ਜਿਹੀ ਅਜ਼ਾਦੀ ਕਿਆਸੀ ਸੀ, ਜਿਹੋ ਜਿਹੀ ਅਜ਼ਾਦੀ ਅਸੀਂ ਮਾਣ ਰਹੇ ਹਾਂ? ਆਗੂਆਂ ਨੇ ਇੱਕ ਸੁਰਤਾ ਨਾਲ਼ ਕਿਹਾ ਕਿ ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਫੌਤ ਹੋ ਚੁੱਕੀ ਮ੍ਰਿਤਕ ਕੁਲਵੰਤ ਕੌਰ ਦਾ ਪਰਿਵਾਰ ਇਨਸਾਫ਼ ਲੈਣ ਲਈ ਨਾਂ ਸਿਰਫ਼ 17 ਵਰਿਆਂ ਤੋਂ ਜੰਗ ਲੜ ਰਿਹਾ ਹੈ ਸਗੋਂ ਪਿਛਲੇ 4-5 ਮਹੀਨਿਆਂ ਤੋਂ ਤਾਂ ਪੱਕਾ ਮੋਰਚਾ ਲਗਾਈ ਥਾਣੇ ਮੂਹਰੇ ਧਰਨੇ 'ਤੇ ਬੈਠਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਗੋਰੇ ਅੰਗਰੇਜ਼ ਜਾਂਦੇ ਹੋਏ, ਕਾਲ਼ੇ ਅੰਗਰੇਜ਼ਾਂ ਨੂੰ ਸੱਤਾ ਦਾ ਕਬਜ਼ਾ ਦੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਬੇਇਨਸਾਫ਼ੀ ਤੇ ਆਰਥਿਕ ਲੁੱਟ ਮਾਰ ਦੀਆਂ ਜੋ ਨੀਤੀਆਂ ਅੰਗਰੇਜ਼ੀ ਹਾਕਮ ਵਰਤਦੇ ਸੀ, ਉਹੀ ਨੀਤੀਆਂ ਅੱਜ ਕਾਲ਼ੇ ਅੰਗਰੇਜ਼ ਵਰਤ ਰਹੇ ਹਨ। ਜਿਸ ਵਿੱਚ ਸੰਘਰਸ਼ ਨੂੰ ਤਿੱਖਾ ਕਰਨ ਅਤੇ ਭਗਵੰਤ ਮਾਨ ਸਰਕਾਰ ਨੂੰ ਘੇਰਨ ਲਈ ਨਵਾਂ ਪ੍ਰੋਗਰਾਮ ਉਲੀਕਣ ਸਬੰਧੀ ਵਿਚਾਰਾਂ ਹੋਣਗੀਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਰਾਮਤੀਰਥ ਸਿੰਘ ਲੀਲ੍ਹਾ ਤੇ ਨਿਹੰਗ ਮੁਖੀ ਜੱਥੇਦਾਰ ਚੜਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਕਿਉਂ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ? ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਤਾਂ ਸੰਗੀਨ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀਆਂ ਲਈ ਹੈ, ਜੋ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਖੁੱਲੇਆਮ ਅਜ਼ਾਦੀ ਮਾਣ ਰਹੇ ਹਨ ਦੂਜੇ ਪਾਸੇ ਪੀੜ੍ਹਤ ਪਰਿਵਾਰ ਅਤੇ ਇਨਸਾਫ਼ ਪਸੰਦ ਲੋਕ ਸੜਕ "ਤੇ ਬੈਠੇ ਹਨ। ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਪ੍ਰੈਸ ਨੂੰ ਜਾਰੀ ਬਿਆਨ 'ਚ ਪੁਲਿਸ ਜੁਲਮਾਂ ਦੀ ਨਿਖੇਧੀ ਕਰਦਿਆਂ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦ ਬਲਦੇਵ ਸਿੰਘ ਫੌਜ਼ੀ, ਨਛੱਤਰ ਸਿੰਘ, ਚਰਨ ਸਿੰਘ, ਕੁਲਦੀਪ ਸਿੰਘ ਚੌਹਾਨ, ਰੂਪ ਸਿੰਘ, ਗੁਰਚਰਨ ਸਿੰਘ ਬਾਬੇਕਾ, ਠੇਕੇਦਾਰ ਅਵਤਾਰ ਸਿੰਘ ਤੇ ਬੱਬੀ ਜਗਰਾਉਂ ਹਾਜ਼ਰ ਸਨ।