You are here

ਭਾਰਤ 'ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 80 ਹਜ਼ਾਰ ਨੇੜੇ, ਮਹਾਰਾਸ਼ਟਰ 'ਚ 24 ਘੰਟਿਆਂ 'ਚ 1602 ਨਵੇਂ ਮਾਮਲੇ

 

ਨਵੀਂ ਦਿੱਲੀ, ਮਈ 2020 -( ਏਜੰਸੀ)- ਭਾਰਤ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 80 ਹਜ਼ਾਰ ਦੇ ਨੇੜੇ ਪੁੱਜ ਗਈ ਹੈ। ਦੇਸ਼ 'ਚ ਇਸ ਸਮੇਂ 79,333 ਮਰੀਜ਼ ਹਨ। ਹੁਣ ਤਕ 2564 ਲੋਕਾਂ ਦੀ ਜਾਨ ਜਾ ਚੁੱਕੀ, ਜਦਕਿ 26,675 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਮਹਾਰਾਸ਼ਟਰ ਤੇ ਗੁਜਰਾਤ 'ਚ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ 'ਚ 1602 ਨਵੇਂ ਮਾਮਲੇ ਸਾਹਮਣੇ ਆਏ। ਕੁਲ 44 ਮਰੀਜ਼ਾਂ ਦੀ ਮੌਤ ਹੋਈ। ਫਿਲਹਾਲ ਇਥੇ 27,524 ਮਰੀਜ਼ ਇਨਫੈਕਟਿਡ ਹਨ। ਇਸੇ ਤਰ੍ਹਾਂ ਗੁਜਰਾਤ 'ਚ 324 ਨਵੇਂ ਮਾਮਲੇ ਸਾਹਮਣੇ ਆਏ। 20 ਮਰੀਜ਼ਾਂ ਦੀ ਮੌਤ ਹੋਈ। ਇਥੇ ਫਿਲਹਾਲ 9542 ਮਰੀਜ਼ ਹਨ। ਹਰੇਕ ਤਰ੍ਹਾਂ ਦੀਆਂ ਪਾਬੰਦੀਆਂ, ਇੰਤਜ਼ਾਮਾਂ ਤੇ ਜਾਂਚ-ਪੜਤਾਲ ਦੇ ਬਾਵਜੂਦ ਇਨ੍ਹਾਂ ਸੂਬਿਆਂ 'ਚ ਇਨਫੈਕਸ਼ਨ ਦੇ ਮਾਮਲੇ ਰੁਕ ਨਹੀਂ ਰਹੇ ਹਨ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 78,003 ਲੋਕ ਇਨਫੈਕਟਿਡ ਹਨ ਤੇ 2549 ਲੋਕਾਂ ਦੀ ਮੌਤ ਹੋਈ ਹੈ। ਕਰੀਬ 26 ਹਜ਼ਾਰ ਲੋਕ ਹਾਲੇ ਤਕ ਸਿਹਤਮੰਦ ਵੀ ਹੋਏ ਹਨ। ਇਨ੍ਹਾਂ ਅੰਕੜਿਆਂ 'ਚ ਬੁੱਧਵਾਰ ਸਵੇਰੇ ਤੋਂ ਵੀਰਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜਿਆਂ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਹਾਸਲ ਕਰਦੀਆਂ ਹਨ। ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਬੁੱਧਵਾਰ ਨੂੰ ਪੂਰੇ ਦੇਸ਼ 'ਚ 3,771 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 77,903 ਹੋ ਗਈ।