ਅਜਨਾਲਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਨੇੜਲੇ ਪਿੰਡ ਦੁਧਰਾਏ 'ਚ ਦੋ ਲਾਈਨਮੈਨਾਂ ਨੇ ਬਿਜਲੀ ਦੇ ਟਰਾਂਸਫਾਰਮਰ 'ਤੇ ਖ਼ੁਦ ਚੜ੍ਹ ਕੇ ਕੰਮ ਕਰਨ ਦੀ ਬਜਾਏ ਕਿਸਾਨ ਨੂੰ ਚੜ੍ਹਾ ਦਿੱਤਾ, ਜਿਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧ 'ਚ ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਦੋਹਾਂ ਲਾਈਨਮੈਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਰੰਟ ਲੱਗਣ ਨਾਲ ਮਰਨ ਵਾਲੇ ਕਿਸਾਨ ਦੀ ਪਛਾਣ ਪਿੰਡ ਦੁਧਰਾਏ ਵਾਸੀ ਅੰਗ੍ਰੇਜ਼ ਸਿੰਘ (40 ਸਾਲ) ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਦੇ ਪਿਤਾ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅੰਗ੍ਰੇਜ਼ ਸਿੰਘ ਖੇਤੀਬਾੜੀ ਕਰਦਾ ਸੀ। ਸੋਮਵਾਰ ਨੂੰ ਸ਼ਾਮ ਪਿੰਡ ਦੇ ਟਰਾਂਸਫਾਰਮਰ 'ਚ ਨੁਕਸ ਪੈਣ 'ਤੇ ਲਾਈਨਮੈਨ ਪਿੰਡ ਜੌਂਸ ਵਾਸੀ ਬਲਜੀਤ ਸਿੰਘ ਤੇ ਪਿੰਡ ਝੰਜੋਟੀ ਵਾਸੀ ਗੁਰਦੇਵ ਸਿੰਘ ਨੇ ਫੋਨ ਕਰ ਕੇ ਉਸ ਦੇ ਲੜਕੇ ਨੂੰ ਘਰੋਂ ਬੁਲਾਇਆ ਤੇ ਬਿਨਾਂ ਪਰਮਿਟ ਲਏ ਬਿਜਲੀ ਦਾ ਕੰਮ ਕਰਨ ਲਈ ਟਰਾਂਸਫਾਰਮ 'ਤੇ ਚੜ੍ਹਾ ਦਿੱਤਾ। ਜਿਉਂ ਹੀ ਉਹ ਟਰਾਂਸਫਾਰਮਰ 'ਤੇ ਚੜਿ੍ਆ, ਉਸ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਾ ਤੇ ਉਹ ਹੇਠਾਂ ਡਿੱਗ ਪਿਆ।
ਇਸ 'ਤੇ ਦੋਵੇਂ ਮੁਲਾਜ਼ਮ ਮੌਕੇ ਤੋਂ ਭੱਜ ਗਏ ਤੇ ਆਲ਼ੇ-ਦੁਆਲ਼ੇ ਦੇ ਲੋਕਾਂ ਨੇ ਅੰਗ੍ਰੇਜ਼ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਰਾਜਾਸਾਂਸੀ ਥਾਣੇ ਅਧੀਨ ਆਉਂਦੀ ਪੁਲਿਸ ਚੌਕੀ ਕੁੱਕੜਾਂਵਾਲਾ ਦੇ ਇੰਚਾਰਜ ਆਗਿਆਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿ੍ਤਕ ਦੀ ਲਾਸ਼ ਦਾ ਸਿਵਲ ਹਸਪਤਾਲ ਅਜਨਾਲਾ 'ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।