You are here

ਵਿੱਤੀ ਸੰਕਟ ਦੇ ਹੱਲ ਲਈ ਅਕਾਲੀ ਦਲ ਨੇ ਭੇਟਾ ਮੰਗੀ

ਚੰਡੀਗੜ੍ਹ,  ਮਾਰਚ ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਵਿੱਤੀ ਪੱਖ ਤੋਂ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਵਹੀ ਖਾਤਾ ਪੇਸ਼ ਕਰਦਿਆਂ 1 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਦੱਸਿਆ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਆਗਾਮੀ ਸੰਸਦੀ ਚੋਣਾਂ ਦੌਰਾਨ ਪ੍ਰਚਾਰ ਲਈ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਫੰਡ ਅਤੇ ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਸੀਨੀਅਰ ਅਕਾਲੀ ਨੇਤਾਵਾਂ ਨੂੰ ਫੰਡ ਦੇਣ ਲਈ ਕਿਹਾ ਗਿਆ ਹੈ। ਇਸ ਸੀਨੀਅਰ ਨੇਤਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਜਥੇਦਾਰਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹਰੇਕ ਜਨਰਲ ਸਕੱਤਰ, ਮੀਤ ਪ੍ਰਧਾਨ ਅਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵੱਲੋਂ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਵਰਕਿੰਗ ਕਮੇਟੀ ਮੈਂਬਰ 21 ਹਜ਼ਾਰ ਰੁਪਏ ਦਾ ਯੋਗਦਾਨ ਪਾਵੇਗਾ ਤੇ ਜਨਰਲ ਕੌਂਸਲ ਦੇ ਹਰ ਇੱਕ ਮੈਂਬਰ ਨੂੰ 5 ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਹੈ। ਪਾਰਟੀ ਵੱਲੋਂ ਪਹਿਲੀ ਅਪਰੈਲ ਤੋਂ ਮੈਂਬਰਸ਼ਿਪ ਦੀ ਭਰਤੀ ਵੀ ਸ਼ੁਰੂ ਕੀਤੀ ਜਾਵੇਗੀ ਤੇ ਮੈਂਬਰਸ਼ਿਪ ਰਾਹੀਂ ਵੀ ਫੰਡ ਉਪਲਬਧ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਅੱਜ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਸੰਸਦੀ ਚੋਣਾਂ ਦੌਰਾਨ ਉਮੀਦਵਾਰ ਬਣਾਉਣ ਬਾਰੇ ਸਹਿਮਤੀ ਬਣ ਗਈ ਤੇ ਉਮੀਦਵਾਰਾਂ ਦੇ ਐਲਾਨ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਧਿਕਾਰ ਦੇ ਦਿੱਤੇ ਗਏ। ਸੂਤਰਾਂ ਮੁਤਾਬਕ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਹਰਸਿਮਰਤ ਬਾਦਲ ਨੂੰ ‘ਸੁਰੱਖਿਅਤ’ ਸੰਸਦੀ ਹਲਕੇ ਤੋਂ ਚੋਣ ਲੜਾਉਣ ਸਬੰਧੀ ਵੀ ਸੀਨੀਅਰ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਨੂੰ ਸਲਾਹ ਦਿੱਤੀ ਗਈ। ਮੀਟਿੰਗ ਦੌਰਾਨ ਇਸ ਗੱਲ ’ਤੇ ਵੀ ਵਿਚਾਰ ਕੀਤਾ ਗਿਆ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਸਿਆਸੀ ਸੇਕ ਪੰਜਾਬ ਦੇ ਸੀਮਤ ਖੇਤਰ ਤੱਕ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਵੱਲੋਂ ਕੀਤੀਆਂ ਟਿੱਪਣੀਆਂ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਇਸ ਲਈ ਚੋਣ ਪ੍ਰਕਿਰਿਆ ਲੰਮੀ ਹੋਣ ਕਾਰਨ ਪਾਰਟੀ ਨੂੰ ਸਫ਼ਾਈ ਦੇਣ ਅਤੇ ਹਾਲਾਤ ਦਾ ਟਾਕਰਾ ਕਰਨ ਦਾ ਮੌਕਾ ਮਿਲ ਗਿਆ ਹੈ। ਅਕਾਲੀ ਦਲ ਨੇ ਕਾਂਗਰਸ ਖ਼ਿਲਾਫ਼ ਪ੍ਰਚਾਰ ਮਘਾਉਣ ਲਈ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੀ ਵਾਅਦਾ-ਖ਼ਿਲਾਫ਼ੀ ਵਿਰੁੱਧ ਰੋਸ ਵਜੋਂ 16 ਮਾਰਚ ਸੂਬੇ ਦੇ ਸਾਰੇ ਹਲਕਿਆਂ ਵਿਚ ‘ਵਾਅਦਾਖ਼ਿਲਾਫ਼ੀ ਦਿਵਸ’ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਵਰਕਿੰਗ ਕਮੇਟੀ ਨੇ ਇੱਕ ਮਤੇ ਵਿਚ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਲਈ ਕਾਂਗਰਸ ਸਰਕਾਰ ਵੱਲੋਂ ਬਣਾਈ ‘ਸਿਟ’ ਦਾ ਸਿਆਸੀਕਰਨ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਪਾਰਟੀ ਨੇ ਕਿਹਾ ਕਿ ‘ਸਿਟ’ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੇਸ਼ੇਵਰ ਤਰੀਕੇ ਨਾਲ ਜਾਂਚ ਦੀ ਥਾਂ ਸੱਤਾਧਾਰੀ ਧਿਰ ਦੀ ਮਰਜ਼ੀ ਅਨੁਸਾਰ ਜਾਂਚ ਦੇ ਤੱਥਾਂ ਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਏ ਵੱਡੇ ਫ਼ੈਸਲਿਆਂ ਦੀ ਵੀ ਸ਼ਲਾਘਾ ਕੀਤੀ ਗਈ।