ਨਵੀਂ ਦਿੱਲੀ, ਦਿੱਲੀ ਦੀ ਭਾਜਪਾ ਇਕਾਈ ਵੱਲੋਂ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਗਈ ਹੈ ਤੇ ਉਸ ਵਿੱਚ ਅਜਿਹੇ ਇਸ਼ਤਿਹਾਰਾਂ ਨੂੰ ਝੂਠੇ ਕਰਾਰ ਦਿੱਤਾ ਗਿਆ ਹੈ। ਦਿੱਲੀ ਭਾਜਪਾ ਦੇ ਮੀਤ ਪ੍ਰਧਾਨ ਜੈ ਪ੍ਰਕਾਸ਼ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ‘ਆਪ’ ਨੇ ਦਿੱਲੀ ਵਿੱਚ ਥਾਂ-ਥਾਂ ਬੋਰਡ ਲਾਏ ਹੋਏ ਹਨ ਜਿਨ੍ਹਾਂ ਉਪਰ ਜੋ ਵਾਅਦੇ ਦਰਸਾਏ ਗਏ ਹਨ, ਉਹ ਝੂਠੇ ਹਨ ਤੇ ਭਰਮਾਊ ਹਨ ਜੋ ਚੋਣ ਜ਼ਾਬਤੇ ਦੀ ਉਲੰਘਣਾ ਹਨ। ਦਰਅਸਲ ‘ਆਪ’ ਵੱਲੋਂ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਮੁੱਖ ਵਾਅਦਾ ਕੀਤਾ ਜਾ ਰਿਹਾ ਹੈ ਤੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ‘ਆਪ’ ਨੂੰ ਜਿਤਾਉਣ ਤਾਂ ਜੋ ਰਾਜਧਾਨੀ ਨੂੰ ਪੂਰਨ ਰਾਜ (ਐਨਡੀਐਮਸੀ ਖੇਤਰ ਛੱਡ ਕੇ) ਦਾ ਦਰਜਾ ਦਿਵਾਇਆ ਜਾ ਸਕੇ। ਇਸ ਦਰਜੇ ਦੀ ਪ੍ਰਾਪਤੀ ਮਗਰੋਂ ਦਿੱਲੀ ਸਰਕਾਰ ਹਰੇਕ ਲਈ ਘਰ ਦੇ ਸਕਦੀ ਹੈ ਤੇ ਦਿੱਲੀ ਦੇ ਵਿਦਿਆਰਥੀਆਂ ਦੇ ਕਾਲਜਾਂ ਵਿੱਚ ਦਾਖ਼ਲੇ ਸੌਖੇ ਹੋ ਸਕਣਗੇ। ਇਹ ਮੰਗ ਕਦੇ ਭਾਜਪਾ ਦੇ ਆਗੂ ਵਿਜੈ ਗੋਇਲ ਵੀ ਕਰ ਚੁੱਕੇ ਹਨ ਤੇ ਭਾਜਪਾ ਸਮੇਤ ਕਾਂਗਰਸ ਵੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਚੁੱਕੀ ਹੈ। ‘ਆਪ’ ਵੱਲੋਂ ਕਿਹਾ ਗਿਆ ਹੈ ਕਿ ਇਹ ਸਾਰੇ ਵਾਅਦੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲਣ ਮਗਰੋਂ ਹੀ ਪੂਰੇ ਕੀਤੇ ਜਾ ਸਕਦੇ ਹਨ। ਭਾਜਪਾ ਆਗੂ ਨੇ ਕਿਹਾ ਕਿ ਦਿੱਲੀ ਕੇਂਦਰ ਅਧੀਨ ਆਉਂਦਾ ਹੋਣ ਕਰਕੇ ਮੁੱਖ ਮੰਤਰੀ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ। ਉਧਰ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾਂ ਹੀ ਝੂਠੇ ਵਾਅਦੇ ਕੀਤੇ ਹਨ ਤੇ 15 ਲੱਖ ਰੁਪਏ ਦੇਣ, ਹਰ ਸਾਲ 2 ਕਰੋੜ ਨੌਕਰੀਆਂ ਦੇਣ ਤੇ ਹੋਰ ਵਾਅਦੇ ਕੀਤੇ ਜੋ ਪੂਰੇ ਨਹੀਂ ਕੀਤੇ ਜਾ ਸਕੇ। ਵਿਧਾਇਕ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ 2015 ਦੇ ਚੋਣ ਮਨੋਰਥ ਪੱਤਰ ਦੇ ਮੁੱਖ ਵਾਅਦੇ ਪੂਰੇ ਕੀਤੇ ਹਨ ਤੇ ਅੱਗੋਂ ਵੀ ਪ੍ਰਕਿਰਿਆ ਜਾਰੀ ਹੈ।