ਜਗਰਾਓਂ/ਲੁਧਿਆਣਾ ,ਅਪ੍ਰੈਲ 2020 -( ਜਸਮੇਲ ਗਾਲਿਬ/ਗੁਰਦੇਵ ਗਾਲਿਬ)- ਵੈਲਡਨ ਡਾਕਟਰਜ਼ ਐਂਡ ਸਟਾਫ! ਤੁਸੀਂ ਕੋਰੋਨਾ ਵਾਇਰਸ ਕੋਵਿਡ-19 ਦੇ ਖ਼ਾਤਮੇ ਦੀ ਜੰਗ ਦੇ ਹੀਰੋ ਹੋ, ਤੁਹਾਡੀ ਬਦੌਲਤ ਜਨਤਾ ਸੁਰੱਖਿਅਤ ਹੈ। ਤੁਹਾਡੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।'
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਜਗਰਾਓਂ ਸਿਵਲ ਹਸਪਤਾਲ 'ਚ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦੇ ਇਲਾਜ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਡਿਊਟੀ 'ਤੇ ਤਾਇਨਾਤ ਹਸਪਤਾਲ ਸਟਾਫ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕੀਤਾ।
ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਵੀ ਸਿਹਤ ਵਿਭਾਗ ਦੇ ਅਮਲੇ ਨੂੰ ਦੇਸ਼ ਦੇ ਰਾਖਿਆਂ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ 'ਤੇ ਸ਼ਾਬਾਸ਼ੀ। ਸ਼ਨਿਚਰਵਾਰ ਬਾਅਦ ਦੁਪਹਿਰ ਸਿਵਲ ਹਸਪਤਾਲ ਪੁੱਜੇ ਕੈਬਨਿਟ ਮੰਤਰੀ ਆਸ਼ੂ ਨੇ ਪਹਿਲਾਂ ਹਸਪਤਾਲ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਹਸਪਤਾਲ 'ਚ ਹੀ ਬਣੇ ਕੋਵਿਡ-19 ਰੋਗਾਣੂ ਮੁਕਤ ਸਟੇਸ਼ਨ 'ਚ ਦਾਖ਼ਲ ਹੋ ਕੇ ਖ਼ੁਦ ਨੂੰ ਸੈਨੇਟਾਈਜ਼ ਕੀਤਾ ਅਤੇ ਇਸ ਉਪਰੰਤ ਉਨ੍ਹਾਂ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਸਬੰਧੀ ਵੇਰਵਾ ਲੈਂਦਿਆਂ ਸਟਾਕ ਵਿਚ ਲੋੜੀਂਦੇ ਸਾਮਾਨ ਦੀ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਸਿਵਲ ਹਸਪਤਾਲ ਜਗਰਾਓਂ ਦੇ ਕੋਵਿਡ-19 ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਇਸ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਸਿਵਲ ਸਰਜਨ ਡਾ. ਰਾਜੇਸ਼ ਬੱਗਾ, ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
'ਸਾਬ੍ਹ 20 ਮਿੰਟ ਤੋਂ ਸਾਡੇ ਮਰੀਜ਼ ਨੂੰ ਚੈੱਕ ਤਕ ਨਾ ਕੀਤਾ'
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜਦੋਂ ਹਸਪਤਾਲ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ। ਇਸੇ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਦੀ ਗੁਫ਼ਤਗੂ ਨੂੰ ਰੋਕਦਿਆਂ ਸ਼ਿਕਾਇਤ ਕੀਤੀ ਕਿ ਉਹ ਮਰੀਜ਼ ਲੈ ਕੇ ਆਏ ਹਨ। ਉਨ੍ਹਾਂ ਦੇ ਮਰੀਜ਼ ਨੂੰ 20 ਮਿੰਟ ਹੋ ਗਏ ਪਰ ਕਿਸੇ ਡਾਕਟਰ ਨੇ ਹੱਥ ਤਕ ਲਗਾ ਕੇ ਨਹੀਂ ਦੇਖਿਆ। ਇਸ 'ਤੇ ਕੈਬਨਿਟ ਮੰਤਰੀ ਨੇ ਡਾਕਟਰ ਦੇ ਉਨ੍ਹਾਂ ਨਾਲ ਹੋਣ 'ਤੇ ਖਿਮਾ ਮੰਗਦਿਆਂ ਤੁਰੰਤ ਡਾਕਟਰ ਨੂੰ ਚੈੱਕਅਪ ਲਈ ਭੇਜਿਆ।