ਤਰਨ ਤਾਰਨ- ਇਲਾਕੇ ਦੇ ਪਿੰਡ ਆਸਲ ਉਤਾੜ ਦੇ ਵਾਸੀ ਦੀ ਪ੍ਰੀਤਮ ਸਿੰਘ ਦੀ ਲੜਕੀ ਨਾਲ ਉਸ ਦੇ ਇੰਗਲੈਂਡ ਰਹਿੰਦੇ ਪਤੀ ਵਲੋਂ ਡੁਪਲੀਕੇਟ ਪਾਸਪੋਰਟ ਬਣਾਉਣ ਮੌਕੇ ਆਪਣੀ ਪਤਨੀ ਦਾ ਨਾਮ ਨਾ ਦਰਜ ਕਰਨ ਬਾਰੇ ਕੀਤੀ ਸ਼ਿਕਾਇਤ ’ਤੇ ਖੇਮਕਰਨ ਪੁਲੀਸ ਵਲੋਂ ਮੁਲਜ਼ਮ ਖ਼ਿਲਾਫ਼ ਦਫ਼ਾ 12 (1) ਬੀ-ਪਾਸਪੋਸਟ ਐਕਟ ਦੀ ਦਫ਼ਾ-1967, 420 ਫੌਜਦਾਰੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ| ਏਐਸਆਈ ਦੇਸ ਰਾਜ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਵਰਿਆਮ ਸਿੰਘ ਵਾਸੀ ਮਾਛੀਕੇ (ਹੁਣ ਲੰਡਨ-ਇੰਗਲੈਂਡ) ਦੇ ਤੌਰ ’ਤੇ ਕੀਤੀ ਗਈ ਹੈ| ਪੀੜਤ ਔਰਤ ਬਲਵਿੰਦਰ ਕੌਰ ਨੇ ਇਸ ਬਾਰੇ ਸੂਬੇ ਦੇ ਐਨਆਰਆਈ ਕਮਿਸ਼ਨ ਚੰਡੀਗੜ੍ਹ ਦੇ ਦਫਤਰ ਸ਼ਿਕਾਇਤ ਕੀਤੀ ਸੀ| ਔਰਤ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਇੰਗਲੈਂਡ ਸਥਿਤੀ ਭਾਰਤੀ ਹਾਈ ਕਮਿਸ਼ਨ ਕੋਲੋਂ 11 ਅਗਸਤ 2017 ਨੂੰ ਡੁਪਲੀਕੇਟ ਪਾਸਪੋਰਟ ਜਾਰੀ ਕਰਾਇਆ ਹੈ, ਜਿਸ ਵਿਚ ਉਸ ਨੇ ਤੱਥਾਂ ਨਾਲ ਛੇੜਛਾੜ ਕਰਦਿਆਂ ਆਪਣੀ ਪਤਨੀ ਦਾ ਨਾਂ ਦਰਜ ਕਰਨ ਦੀ ਥਾਂ ’ਤੇ ਉਸ ਖਾਨੇ ਵਿਚ ਐਨਏ (ਲਾਗੂ ਨਹੀਂ ਹੁੰਦਾ) ਲਿਖਿਆ ਹੈ, ਜਿਸ ਨਾਲ ਉਸ ਵਲੋਂ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ| ਐਨਆਰਐਨ ਕਮਿਸ਼ਨ ਦੀ ਹਦਾਇਤ ’ਤੇ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ।