ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਜਨੇਤਪੁਰਾ ਵਿਖੇ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਾਰ ਕੋਲ ਬਣੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ ਚੁਕਵਾਉਣ ਲਈ ਗ੍ਰਾਮ ਪੰਚਾਇਤ ਤੇ ਸਫਾਈ ਗਰੁੱਪ ਦੀ ਅਗਵਾਈ ਵਿਚ ਪਿੰਡ ਵਾਸੀਆਂ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।ਸ਼ਹੀਦ ਦੀ ਯਾਦਗਾਰ 'ਤੇ ਇੱਕਠੇ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਇੱਥੋਂ ਨਾ ਚੁੱਕਿਆ ਗਿਆ ਤਾਂ ਉਹ ਧਰਨਾ ਦੇਣ ਦੇ ਇਲਾਵਾ ਤਿੱਖ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।ਪਿੰਡ ਵਾਸੀਆਂ ਦਾ ਤਰਕ ਸੀ ਕਿ ਉਹ ਹਰ ਸਾਲ ਸ਼ਹੀਦ ਹਰਪਾਲ ਸਿੰਘ ਜੌਹਲ ਦੀ ਯਾਦਗਰ ਤੇ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਇੱਕਠੇ ਹੋ ਕੇ ਤਿਰੰਗਾਂ ਝੰਡਾ ਲਹਿਰਾਉਂਦੇ ਹਨ ਅਤੇ ਹੋਰ ਅਨੇਕਾਂ ਮੌਕਿਆਂ ਤੇ ਸ਼ਹੀਦ ਦੇ ਸਨਮਾਨ ਲਈ ਸਮਾਗਮ ਕਰਦੇ ਰਹਿੰਦੇ ਹਨ।ਸਫਾਈ ਗਰੁੱਪ ਦੇ ਅਹੁਦੇਦਾਰਾਂ ਨੇ ਇਸ ਸਮੇਂ ਕਿਹਾ ਕਿ ਆਮ ਤੋਰ 'ਤੇ ਲੋਕ ਠੇਕੇ ਤੋਂ ਸ਼ਰਾਬ ਲੈ ਕੇ ਸ਼ਹੀਦ ਦੀ ਯਾਦਗਰ ਕੋਲ ਬੈਠ ਕੇ ਪੀਣ ਲੱਗ ਜਾਂਦੇ ਹਨ ਤੇ ਗੰਦ ਪਾਉਂਦੇ ਹਨ,ਜਿਸ ਨਾਲ ਸ਼ਹੀਦ ਦਾ ਅਪਮਾਨ ਹੁੰਦਾ ਹੈ।ਇਸ ਸਮੇਂ ਇੱਕਠੇ ਹੋਏ ਲੋਕਾਂ ਨੇ ਪਲਿਸ ਚੌਕੀ ਗਾਲਿਬ ਕਲਾਂ ਵਿਖੇ ਠੇਕਾ ਚੁਕਵਾਉਣ ਦੀ ਦਰਖਾਸਤ ਦਿੱਤੀ,ਜਿਸ 'ਤੇ ਠੇਕੇਦਾਰਾਂ ਨੇ ਭਰੋਸਾ ਵਿਾਇਆ ਕਿ 31 ਮਾਰਚ ਤੱਕ ਉਕਤ ਜਗ੍ਹਾ ਤੋਂ ਠੇਕਾ ਚੁੱਕ ਲਿਆ ਜਾਵੇਗਾ ਤੇ ਦੁਬਾਰਾ ਇਸ ਥਾਂ 'ਤੇ ਠੇਕਾ ਨਹੀਂ ਖੋਲਿਆ ਜਾਵੇਗਾ।