ਕਪੂਰਥਲਾ, ਅਪ੍ਰੈਲ - (ਹਰਜੀਤ ਸਿੰਘ ਵਿਰਕ)-
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਜਿਨਾਂ ਖਾਤਾ ਧਾਰਕਾਂ ਦੇ ਬੈਂਕ ਖਾਤਿਆਂ ਵਿਚ 500 ਰੁਪਏ ਦੀ ਕਿਸ਼ਤ ਜਮਾਂ ਹੋ ਗਈ ਹੈ, ਉਹ ਆਪਣੇ ਨਜ਼ਦੀਕੀ ਡਾਕ ਘਰ ਤੋਂ ਵੀ ਆਧਾਰ ਇਨਏਬਲਡ ਭੁਗਤਾਨ ਸਿਸਟਮ (ਏ. ਈ. ਪੀ. ਐਸ) ਜ਼ਰੀਏ ਉਕਤ ਰਾਸ਼ੀ ਕਢਵਾ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਇਸ ਜ਼ਿਲੇ ਦੇ ਬੈਂਕਾਂ ਵਿਚ ਇਸ ਸਬੰਧੀ ਲੋਕਾਂ ਦੀ ਭੀੜ ਦੇ ਮੱਦੇਨਜ਼ਰ ਇਹ ਫ਼ੈਸਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਬੈਂਕਾਂ ਕੇਵਲ ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਿਰਧਾਰਤ ਕੀਤੇ ਸਮੇਂ ਅਨੁਸਾਰ ਹੀ ਖੁੱਲ ਰਹੀਆਂ ਹਨ, ਜਿਸ ਦੌਰਾਨ ਲੋਕਾਂ ਦੀ ਭੀੜ ਲੱਗ ਰਹੀ ਹੈ ਜਦਕਿ ਡਾਕ ਘਰ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ ਰਹੇ ਹਨ। ਉਨਾਂ ਸਬੰਧਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਰਾਸ਼ੀ ਆਪਣੇ ਨਜ਼ਦੀਕੀ ਡਾਕ ਘਰਾਂ ਵਿਚੋਂ ਕਢਵਾਉਣ ਨੂੰ ਤਰਜੀਹ ਦੇਣ, ਤਾਂ ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਸਾਵਧਾਨੀਆਂ ਵਰਤਣ ਵਿਚ ਕਿਸੇ ਕੋਤਾਹੀ ਤੋਂ ਬਚਿਆ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਚੀਫ ਐਲ. ਡੀ. ਐਮ ਸ੍ਰੀ ਦਰਸ਼ਨ ਲਾਲ ਭੱਲਾ, ਸੁਪਰਡੈਂਟ ਪੋਸਟ ਆਫਿਸਿਜ਼ ਕਪੂਰਥਲਾ ਡਵੀਜ਼ਨ ਸ੍ਰੀ ਦੇਸੂ ਰਾਮ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ ਅਤੇ ਡੀ. ਐਸ. ਪੀ ਸ. ਸੰਦੀਪ ਸਿੰਘ ਮੰਡ ਹਾਜ਼ਰ ਸਨ।
ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।