ਲੁਧਿਆਣਾ, ਅਪ੍ਰੈੱਲ 2020( ਇਕਬਾਲ ਸਿੰਘ ਰਾਸੁਲਪੁਰ/ਮਨਜਿੰਦਰ ਗਿੱਲ )-ਪੰਜਾਬ ਬੈਕਵਾਰਡ ਕਲਾਸਿਜ਼ ਲੈਂਡ ਡਿਵੈੱਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ (ਬੈਕਫਿੰਕੋ) ਦੇ ਉਪ ਚੇਅਰਮੈਨ ਜਨਾਬ ਮੁਹੰਮਦ ਗੁਲਾਬ ਨੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਪ੍ਰਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਬਿਮਾਰੀ ਕਾਰਨ ਉਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨਾਂ ਦੀ ਬਾਂਹ ਫੜਨ ਲਈ ਬਿਲਕੁਲ ਤਿਆਰ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਕਿਰਤ ਕਰਨ ਲਈ ਪਹੁੰਚੇ ਸਾਰੇ ਪ੍ਰਵਾਸੀ ਮਜਦੂਰਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਹਰ ਤਰਾਂ ਦੀ ਸੰਭਵ ਸਹਾਇਤਾ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁਹੰਮਦ ਗੁਲਾਬ, ਜੋ ਕਿ ਖੁਦ ਵੀ ਬਿਹਾਰ ਰਾਜ ਨਾਲ ਸੰਬੰਧਤ ਹਨ ਅਤੇ ਕਈ ਦਹਾਕੇ ਪਹਿਲਾਂ ਪੰਜਾਬ ਦੀ ਧਰਤੀ 'ਤੇ ਮਿਹਨਤ ਕਰਨ ਲਈ ਪਹੁੰਚੇ ਸਨ, ਨੇ ਅੱਜ ਪ੍ਰਵਾਸੀ ਮਜਦੂਰਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੀ ਧਰਤੀ ਤੋਂ ਕਿਸੇ ਵੀ ਪ੍ਰਵਾਸੀ ਮਜ਼ਦੂਰ ਨੂੰ ਮਜ਼ਬੂਰ ਹੋ ਕੇ ਵਾਪਸ ਨਹੀਂ ਮੁੜਨ ਦਿੱਤਾ ਜਾਵੇਗਾ। ਪੰਜਾਬ ਦੀ ਧਰਤੀ ਨੇ ਹਮੇਸ਼ਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੀ ਮਿਹਨਤ ਦਾ ਮੁੱਲ ਮੋੜਿਆ ਹੈ। ਇਸੇ ਕਰਕੇ ਹੀ ਅੱਜ ਉਹ ਖੁਦ ਬੈਕਫਿੰਕੋ ਦੇ ਉਪ ਚੇਅਰਮੈਨ ਦੇ ਅਹੁਦੇ ਤੱਕ ਪਹੁੰਚੇ ਹਨ। ਉਨਾਂ ਕਿਹਾ ਕਿ ਲੌਕਡਾਊਨ ਦੇ ਕਾਰਨ ਦੇਸ਼ ਭਰ ਦੀ ਇੰਡਸਟਰੀ ਨੂੰ ਬੰਦ ਕੀਤਾ ਗਿਆ ਹੈ, ਜੋ ਕਿ ਹਾਲਾਤ ਸੁਧਰਨ 'ਤੇ ਮੁੜ ਸ਼ੁਰੂ ਹੋ ਜਾਵੇਗੀ। ਇਸ ਸਮੇਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ, ਖਾਣ-ਪੀਣ ਅਤੇ ਹੋਰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸ ਸਥਿਤੀ ਵਿੱਚ ਜੋ ਮਜ਼ਦੂਰ ਬੇਘਰ ਹੋ ਗਏ ਹਨ, ਉਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੇੜਲੇ ਪੁਲਿਸ ਸਟੇਸ਼ਨ ਨਾਲ ਰਾਬਤਾ ਕਰਕੇ ਸ਼ੈਲਟਰ ਹੋਮ ਵਿੱਚ ਚਲੇ ਜਾਣ। ਉਸਨੂੰ ਆਪਣੇ ਨਾਲ ਸਿਰਫ਼ ਬਿਸਤਰਾ ਅਤੇ ਆਪਣੀ ਲੋੜ ਮੁਤਾਬਿਕ ਕੱਪੜੇ ਹੀ ਲਿਜਾਣੇ ਪੈਣਗੇ। ਭੋਜਨ ਅਤੇ ਰਿਹਾਇਸ਼ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਮੁਹੰਮਦ ਗੁਲਾਬ ਨੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਪ੍ਰਵਾਸੀ ਮਜ਼ਦੂਰਾਂ ਤੱਕ ਸਿੱਧੇ ਤੌਰ 'ਤੇ ਰਾਸ਼ਨ ਮੁਹੱਈਆ ਕਰਾਉਣ ਲਈ ਉਨਾਂ ਨੂੰ ਰਾਸ਼ਨ ਸਿੱਧੇ ਤੌਰ 'ਤੇ ਦਿੱਤਾ ਜਾ ਰਿਹਾ ਹੈ, ਜੋ ਕਿ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲਾ ਲੁਧਿਆਣਾ ਵਿੱਚ ਵਿਹੜਿਆਂ/ਮਕਾਨਾਂ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਇੱਕ ਮਹੀਨੇ ਦਾ ਕਿਰਾਇਆ ਅੱਗੇ ਪਾਉਣ ਲਈ ਕਿਹਾ ਗਿਆ ਹੈ।