You are here

ਕੋਰੋਨਾ ਤੋਂ ਬਚਾਅ ਲਈ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵੱਲੋਂ ਅਣਥੱਕ ਮਿਹਨਤ-ਡਾ. ਜਸਮੀਤ ਬਾਵਾ   

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)- ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਅਣਥੱਕ ਮਿਹਨਤ ਕੀਤੀ ਜਾ ਰਹੀ ਅਤੇ ਸਿਹਤ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜ਼ਿਲ੍ਹੇ ਵਿੱਚ ਆਮ ਲੋਕਾਂ ਦੀ ਸਿਹਤ ਸੰਭਾਲ ਕੀਤੀ ਜਾਵੇ । ਡਾ: ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਇਸ ਸਮੇਂ ਪੂਰਾ ਸੰਸਾਰ ਕਰੋਨਾ ਵਾਇਰਸ ਤੋਂ ਪੀੜਤ ਹੈ ਅਤੇ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਸਿਹਤ ਵਿਭਾਗ ਦੁਆਰਾ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਕਿ ਇਸ ਵਾਇਰਸ ਤੋਂ ਲੋਕਾਂ ਦਾ ਬਚਾਅ ਹੋ ਸਕੇ । ਉਹਨਾਂ ਨੇ ਆਪਣੇ ਅਧੀਂਨ ਕੰਮ ਕਰ ਰਹੇ ਡਾਕਟਰ, ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੀ ਸ਼ਲਾਘਾ ਕਰਦੇ ਹੋਏ ਕਿ ਜ਼ਿਲ੍ਹੇ ਅਧੀਂਨ ਸਿਹਤ ਵਿਭਾਗ ਦੇ ਸਾਰੇ ਕਰਮਚਾਰੀ ਆਪਣੀ ਡਿਊਟੀ ਕਰ ਰਹੇ ਹਨ ਅਤੇ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਘਬਰਾਹਟ ਨਹੀਂ ਹੈ ਅਤੇ ਉਹ ਆਪਣੀ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹਨ । ਮੈਡੀਕਲ ਸਟਾਫ ਆਪਣੀਆਂ ਸੇਵਾਵਾਂ ਹਸਪਤਾਲਾਂ ਵਿੱਚ ਦੇ ਰਹੇ ਹਨ ਅਤੇ ਹਰ ਉਪਰਾਲਾ ਕਰ ਰਹੇ ਹਨ ਕਿ ਸ਼ੱਕੀ ਮਰੀਜ਼ਾਂ ਦੀ ਜਾਂਚ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਕੋਵਿਡ ੧੯ ਲਾਗ ਨਾਲ ਸਬੰਧਤ ਮਰੀਜ਼ਾ ਦੀ ਪਹਿਚਾਣ ਕਰਦੇ ਹੋਏ ਉਸ ਦਾ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਕੀਤੀ ਜਾ ਸਕੇ ਤਾਂ ਕਿ ਪੀੜਤ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਨਾ ਹੋਵੇ । ਸ਼ੱਕੀਆਂ ਦੀ ਪਹਿਚਾਣ ਲਈ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਡਾਕਟਰ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਹੈਲਥ ਵਰਕਰ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਹਨਾਂ ਨੂੰ ਉਹਨਾਂ ਦੇ ਇਲਾਕੇ ਵੰਡੇ ਗਏ ਹਨ । ਉਪਰੋਕਤ ਟੀਮਾਂ ਨੂੰ ਆਸ਼ਾ ਵਰਕਰ, ਏ ਐਨ ਐਮ ਜਾਂ ਪਿੰਡ ਵਿੱਚੋਂ ਆਮ ਲੋਕਾਂ ਦੁਆਰਾ ਸੂਚਨਾਂ ਮਿਲਣ ਤੇ ਤੁਰੰਤ ਪਹੁੰਚ ਕੀਤੀ ਜਾਦੀ ਹੈ ਅਤੇ ਸ਼ੱਕੀ ਮਰੀਜ਼ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਮੌਕੇ ਇਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਆਮ ਲੋਕਾਂ ਵਿੱਚ ਬਹੁਤ ਘਬਰਾਹਟ ਪਾਈ ਜਾ ਰਹੀ ਜਿਸ ਕਾਰਨ ਉਹ ਆਮ ਜੁਕਾਮ, ਬੁਖਾਰ ਹੋਣ ਜਾਂ ਖਾਂਸੀ ਹੋਣ ਕਾਰਨ ਹੀ ਘਬਰਾਹਟ ਵਿੱਚ ਆ ਜਾਂਦੇ ਹਨ । ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਜੁਕਾਮ ਹੈ ਤਾਂ ਉਹ ਆਪਣਾ ਮੂੰਹ ਰੁਮਾਲ ਨਾਲ ਢੱਕ ਕੇ ਰੱਖੇ ਅਤੇ ਰੁਮਾਲ ਨੂੰ ਬਹੁਤ ਗਰਮ ਪਾਣੀ ਵਿੱਚ ਡਿਟਰਜੈਂਟ ਪਾ ਕੇ ਅਲੱਗ ਧੋ ਲਿਆ ਜਾਵੇ । ਇਕੱਲੀ ਖਾਂਸੀ ਜਾਂ ਬੁਖਾਰ ਹੋਣ ਤੇ ਘਬਰਾਉਣ ਦੀ ਜਰੂਰਤ ਨਹੀ ਹੈ । ਜੇਕਰ ਕਿਸੇ ਨੂੰ ਤੇਜ਼ ਬੁਖਾਰ,ਸੁੱਕੀ ਖਾਸੀ, ਜੁਕਾਮ ਅਤੇ ਬਦਨ ਦਰਦ ਹੋ ਰਿਹਾ ਹੈ ਤਾਂ ਅਜਿਹੀ ਸੂਰਤ ਵਿੱਚ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ । ਉਹਨਾਂ ਨੇ ਦੱਸਿਆ ਕਿ ਕੋਵਿਡ ੧੯ ਤੋਂ ਲਾਗ ਦੇ ਬਚਾਅ ਲਈ ਆਪਣਾ ਦਫਤਰ ਵੀ ਟ੍ਰੇਨਿੰਗ ਹਾਲ ਵਿੱਚ ਤਬਦੀਲ ਕਰ ਲਿਆ ਹੈ ਤਾਂ ਕਿ ਮੀਟਿੰਗ ਕਰਨ ਸਮੇਂ ਜਰੂਰੀ ਦੂਰੀ ਦਾ ਧਿਆਨ ਰੱਖਿਆ ਜਾ ਸਕੇ ਅਤੇ ਕਿਸੇ ਨੂੰ ਵੀ ਲਾਗ ਦੇ ਡਰ ਦੀ ਸਮੱਸਿਆ ਨਾ ਰਹੇ । ਇਸ ਦੇ ਇਲਾਵਾ ਬਾਹਰ ਸੈਨੇਟਾਈਜ਼ਰ ਦੀ ਵੀ ਸੁਵਿਧਾ ਰੱਖੀ ਗਈ ਹੈ ਤਾਂ ਕਿ ਆਉਣ ਵਾਲੇ ਆਪਣੇ ਹੱਥਾਂ ਦੀ ਸਾਫ ਸਫਾਈ ਰੱਖ ਸਕਣ । ਉਹਨਾਂ ਨੇ ਅਪੀਲ ਕੀਤੀ ਕਿ ਬਹੁਤ ਜ਼ਿਆਦਾ ਜਰੂਰੀ ਹੋਣ ਤੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ । ਇਸ ਸਮੇਂ ਹਰ ਇਕ ਦਾ ਫਰਜ ਬਣਦਾ ਹੈ ਕਿ ਵਾਇਰਸ ਨਾਲ ਲੜੀ ਜਾ ਰਹੀ ਲੜਾਈ ਵਿੱਚ ਆਪਣਾ ਯੋਗਦਾਨ ਪਾਵੇ ਅਤੇ ਜੋ ਘਰ ਵਿੱਚ ਬੈਠਾ ਹੈ ਉਹ ਵੀ ਇਸ ਲੜਾਈ ਵਿੱਚ ਆਪਣਾ ਓਨਾਂ ਹੀ ਯੋਗਦਾਨ ਦੇ ਰਿਹਾ ਹੈ ਜਿਨ੍ਹਾਂ ਇਕ ਡਾਕਟਰ ਸਿਹਤ ਕਰਮੀ ਅਤੇ ਡਿਊਟੀ ਦੇ ਰਿਹਾ ਸਿਪਾਹੀ । ਸੋ ਆਪਣਾ ਫਰਜ਼ ਪਛਾਣੋ ਅਤੇ ਬਿਨ੍ਹਾਂ ਕਿਸੇ ਜਰੂਰੀ ਕੰਮ ਦੇ ਘਰ ਤੋਂ ਬਾਹਰ ਨਾ ਜਾਓ । ਇਕ ਦੂਜੇ ਤੋਂ ਲੌੜੀਦੀ ਦੂਰੀ ਅਤੇ ਹੱਥਾਂ ਦੀ ਸਾਫ ਸਫਾਈ ਰੱਖਣ ਨਾਲ ਹੀ ਇਹ ਲੜਾਈ ਜਿੱਤੀ ਜਾ ਸਕਦੀ ਹੈ ।