ਜਗਰਾਓਂ/ਲੁਧਿਆਣਾ,ਮਾਰਚ 2020-( ਮਨਜਿੰਦਰ ਗਿੱਲ )-
ਜਗਰਾਓਂ ਵਿਖੇ ਕੋਰੋਨਾ ਵਾਇਰਸ ਦਾ ਕਹਿਰ ਹੈਂਡ ਸੈਨੀਟਾਈਜ਼ਰ ਅਤੇ ਮਾਸਕ ਵੇਚਣ ਵਾਲੇ ਦੁਕਾਨਦਾਰਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਦੋਵਾਂ ਦੀ ਕਾਲਾ ਬਾਜ਼ਾਰੀ ਰਾਹੀ ਦੁਕਾਨਦਾਰ 400 ਗੁਣਾ ਵੱਧ ਰੇਟ ਵਸੂਲ ਕੇ ਮੋਟਾ ਮੁਨਾਫਾ ਕਮਾ ਰਹੇ ਹਨ। ਇਕ ਹੋਲਸੇਲਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਮਾਸਕ ਅਤੇ ਸੈਨੀਟਾਈਜ਼ਰ ਦੀ ਵੱਡੀ ਕਾਲਾ ਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ। ਇਸ ਚਰਚਿਤ ਹੋਲਸੇਲਰ ਕੈਮਿਸਟ ਦੁਕਾਨਦਾਰ ਦੀ ਉਚੀ ਪਹੁੰਚ ਦੇ ਬਾਵਜੂਦ ਪ੍ਰਸ਼ਾਸਨ ਨੇ ਕਾਰਵਾਈ ਲਈ ਕਮਰ ਕਸੀ। ਜਗਰਾਓਂ ਦੇ ਕਈ ਕੈਮਿਸਟ ਦੁਕਾਨਦਾਰਾਂ ਦੀ ਇਸ ਅੰਨੀ ਲੁੱਟ ਦੀ ਲੋਕਾਂ ਵੱਲੋਂ ਜਦੋਂ ਸ਼ਿਕਾਇਤਾਂ ਕੀਤੀਆਂ ਗਈਆਂ ਤਾਂ ਐੱਸ ਡੀ ਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਨਾਇਬ ਤਹਿਸੀਲਦਾਰ ਵਿਕਾਸ ਦੀਪ ਖੁਦ ਚੈਕਿੰਗ ਲਈ ਸੜਕਾਂ 'ਤੇ ਉਤਰ ਆਏ, ਜਿਸ 'ਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਵੀ ਜਾ ਪੁੱਜੇ। ਉਨ੍ਹਾਂ ਸਥਾਨਕ ਝਾਂਸੀ ਚੌਂਕ, ਰਾਏਕੋਟ ਰੋਡ ਅਤੇ ਰੇਲਵੇ ਰੋਡ ਸਮੇਤ ਹੋਰ ਬਾਜ਼ਾਰਾਂ ਵਿਚ ਕੈਮਿਸਟ ਦੀਆਂ ਦੁਕਾਨਾਂ 'ਤੇ ਚੈਕਿੰਗ ਕੀਤੀ। ਇਸ ਦੌਰਾਨ ਸਥਾਨਕ ਰੇਲਵੇ ਰੋਡ 'ਤੇ ਇਕ ਹੋਲਸੇਲਰ ਵੱਲੋਂ ਸ਼ਰੇਆਮ ਲੋਕਾਂ ਨੂੰ ਮਾਸਕ ਅਤੇ ਹੈਂਡ ਸੈਨੀਟਾਈਜਰ ਕਈ ਗੁਣਾ ਵੱਧ ਵੇਚਣ ਦਾ ਮਾਮਲਾ ਸਾਹਮਣੇ ਆਇਆ, ਜਿਸ 'ਤੇ ਐੱਸ ਡੀ ਐੱਮ ਅਤੇ ਤਹਿਸੀਲਦਾਰ ਉਕਤ ਦੁਕਾਨਦਾਰ ਦਾ ਸਾਰਾ ਰਿਕਾਰਡ ਫਰੋਲਿਆ ਅਤੇ ਕਾਲਾ ਬਾਜ਼ਾਰੀ ਦਾ ਮਾਮਲਾ ਸਾਹਮਣੇ ਆਉਣ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰਿਕਾਰਡ ਵੀ ਆਪਣੇ ਮੋਬਾਈਲ ਵਿਚ ਕੈਦ ਕਰ ਲਿਆ। ਸੂਤਰਾਂ ਅਨੁਸਾਰ ਉਕਤ ਦੁਕਾਨਦਾਰ ਜੋ ਕਿ ਹੋਲਸੇਲਰ ਹੈ, ਉਹ ਰੇਟਲਰਾਂ ਨੂੰ ਹੀ ਕਈ ਸੋ ਗੁਣਾਂ ਵੱਧ ਰੇਟ ਤੇ ਮਾਸਕ ਅਤੇ ਹੈਂਡ ਸੈਨੀਟਾਈਜਰ ਸਪਲਾਈ ਕਰ ਰਿਹਾ ਸੀ, ਜਿਸ ਕਰਕੇ ਛੋਟੇ ਕੇਮਿਸਟ ਦੁਕਾਨਦਾਰ ਉਸ ਨੂੰ ਹੋਰ ਮਹਿੰਗੇ ਭਾਅ ਵੇਚਣ ਲਈ ਮਜ਼ਬੂਰ ਸਨ। ਪ੍ਰਸ਼ਾਸਨ ਦੀ ਅੱਜ ਦੀ ਛਾਪਾਮਾਰੀ ਨੇ ਕਾਲਾ ਬਾਜ਼ਾਰ ਵਾਲਿਆਂ ਨੂੰ ਭਾਜੜਾਂ ਪਾ ਦਿੱਤੀਆਂ। ਐੱਸ ਡੀ ਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਕਤ ਮਾਮਲੇ ਵਿਚ ਜਾਂਚ ਤਹਿਸੀਲਦਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਕਤ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
150 ਵਾਲੇ ਸੈਨੀਟਾਈਜ਼ਰ ਦੇ ਵਸੂਲੇ ਜਾ ਰਹੇ 290
ਅੱਜ ਦੀ ਚੈਕਿੰਗ ਦੌਰਾਨ ਇੱਕ ਹੋਲਸੇਲਰ ਵੱਲੋਂ 150 ਰੁਪਏ ਵਾਲਾ ਸੈਨੀਟਾਈਜ਼ਰ ਸ਼ਰੇਆਮ 290 ਰੁਪਏ ਦਾ ਵੇਚਿਆ ਜਾ ਰਿਹਾ ਸੀ। ਇਹੀ ਨਹੀਂ 10 ਰੁਪਏ ਵਾਲੇ ਮਾਸਕ ਦੇ 40 ਰੁਪਏ ਵਸੂਲ ਕੇ ਅੰਨੀ ਲੁੱਟ ਕੀਤੀ ਜਾ ਰਹੀ ਸੀ। ਇਸ ਤੇ ਕਾਰਵਾਈ ਦੇ ਨਾਲ ਨਾਲ ਮੌਕੇ 'ਤੇ ਐਸਡੀਐਮ ਡਾ. ਢਿੱਲੋਂ ਅਤੇ ਕੌਸ਼ਿਕ ਨੇ ਉਕਤ ਦੁਕਾਨਦਾਰ ਦੇ ਬਾਹਰ ਰੇਟ ਲਿਸਟ ਲਗਵਾਈ।
ਜਦੋਂ 'ਸਾਬ੍ਹ' ਤੋਂ ਕੀਤੀ ਕਾਲਾਬਾਜ਼ਾਰੀ
ਅੱਜ ਦੀ ਚੈਕਿੰਗ ਮੁਹਿੰਮ ਦੌਰਾਨ ਤਹਿਸੀਲਦਾਰ ਮਨਮੋਹਨ ਕੌਸ਼ਿਕ ਜਿਉਂ ਹੀ ਸਥਾਨਕ ਰੇਲਵੇ ਰੋਡ 'ਤੇ ਚਰਚਿਤ ਹੋਲਸੇਲਰ ਦੁਕਾਨਦਾਰ ਦੇ ਸਟਾਫ਼ ਤੋਂ ਸੈਨੀਟਾਈਜ਼ਰ ਮੰਗਿਆ ਤਾਂ ਉਨ੍ਹਾਂ ਤੋਂ ਸਟਾਫ਼ ਵੱਲੋਂ ਦੱੁਗਣਾ ਭਾਅ ਮੰਗਿਆ ਤਾਂ ਉਹ ਵੀ ਹੈਰਾਨ ਹੋ ਗਏ । ਇਸ ਤੇ ਉਨ੍ਹਾਂ ਆਪਣੀ ਪਹਿਚਾਣ ਦੱਸਦਿਆਂ ਚੈਕਿੰਗ ਸ਼ੁਰੂ ਕਰ ਦਿੱਤੀ। ਕਈ ਘੰਟੇ ਚੱਲੀ ਇਸ ਚੈਕਿੰਗ ਦੌਰਾਨ ਵੱਡੀ ਕਾਲਾ ਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ।
'ਸਾਬ੍ਹਾਂ' ਦੀ ਚੈਕਿੰਗ, ਲੋਕਾਂ ਦੀਆਂ ਮੌਜਾਂ
ਐੱਸ ਡੀ ਐੱਮ, ਤਹਿਸੀਲਦਾਰ ਅਤੇ ਐਸ ਐਚ ਓ ਦੀ ਚੈਕਿੰਗ ਦੌਰਾਨ ਮੈਡੀਕਲ ਸਟੋਰਾਂ 'ਤੇ ਮਾਸਕ ਅਤੇ ਸੈਨੀਟਾਈਜਰ ਖ੍ਰੀਦਣ ਆਉਂਦੇ ਗਾਹਕਾਂ ਦੀ ਕੁਝ ਸਮੇਂ ਲਈ ਮੌਜਾਂ ਲੱਗ ਗਈਆਂ। ਕਿਉਂਕਿ ਟੀਮ ਤੋਂ ਡਰਦਿਆਂ ਇਨ੍ਹਾਂ ਦੁਕਾਨਦਾਰਾਂ ਵੱਲੋਂ ਤੈਅ ਕੀਮਤ ਹੀ ਵਸੂਲਣੀ ਪਈ।