ਨਵੀਂ ਦਿੱਲੀ, ਮਾਰਚ 2020
ਸਰਕਾਰ ਨੇ ਅੱਜ ਲੋਕ ਸਭਾ ਵਿੱਚ ਇਕ ਲਿਖਤੀ ਜਵਾਬ ਵਿੱਚ ਮੰਨਿਆ ਕਿ ਵਿਦੇਸ਼ ਗਏ 276 ਦੇ ਕਰੀਬ ਭਾਰਤੀ ਕਰੋਨਾਵਾਇਰਸ ਦੀ ਮਾਰ ਹੇਠ ਹਨ। ਇਨ੍ਹਾਂ ਵਿੱਚੋਂ 255 ਭਾਰਤੀ ਨਾਗਰਿਕ ਇਰਾਨ ਜਦੋਂਕਿ 12 ਯੂਏਈ ਤੇ ਪੰਜ ਇਟਲੀ ਵਿੱਚ ਹਨ। ਹਾਂਗ ਕਾਂਗ, ਕੁਵੈਤ, ਰਵਾਂਡਾ ਤੇ ਸ੍ਰੀਲੰਕਾ ਵਿੱਚ ਇਕ ਇਕ ਭਾਰਤੀ ਨਾਗਰਿਕ ਮਹਾਮਾਰੀ ਦੀ ਲਾਗ ਨਾਲ ਪੀੜਤ ਹੈ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਇਕ ਵੱਖਰੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਯੂਏਈ ਵਿੱਚ ਅੱਠ ਭਾਰਤੀ ਨਾਗਰਿਕਾਂ ਨੂੰ ਆਇਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਸਰਕਾਰ ਕੋਲ ਮੌਜੂਦ ਜਾਣਕਾਰੀ ਮੁਤਾਬਕ ਇਰਾਨ ਵਿੱਚ ਇਸ ਵੇਲੇ 6000 ਤੋਂ ਵੱਧ ਭਾਰਤੀ ਨਾਗਰਿਕ ਹਨ। ਮੁਰਲੀਧਰਨ ਨੇ ਕਿਹਾ ਕਿ ਇਰਾਨ ਵਿੱਚ ਮੌਜੂਦ ਭਾਰਤੀਆਂ ’ਚ 1100 ਦੇ ਕਰੀਬ ਯਾਤਰੂ ਵੀ ਹਨ, ਜੋ ਮੁੱਖ ਤੌਰ ’ਤੇ ਲੱਦਾਖ, ਜੰਮੂ ਤੇ ਕਸ਼ਮੀਰ ਅਤੇ ਮਹਾਰਾਸ਼ਟਰ ਨਾਲ ਸਬੰਧਤ ਹਨ। ਇਨ੍ਹਾਂ ਵਿੱਚ 300 ਦੇ ਕਰੀਬ ਵਿਦਿਆਰਥੀ ਮੁੱਖ ਤੌਰ ’ਤੇ ਜੰਮੂ ਕਸ਼ਮੀਰ ਤੋਂ ਹਨ। ਇਕ ਹਜ਼ਾਰ ਦੇ ਕਰੀਬ ਮਛੇਰੇ ਕੇਰਲਾ, ਤਾਮਿਲ ਨਾਡੂ ਤੇ ਗੁਜਰਾਤ ਤੋਂ ਹਨ ਜਦੋਂਕਿ ਕੁਝ ਹੋਰ ਲੋਕ ਰੋਜ਼ੀ-ਰੋਟੀ ਕਮਾਉਣ ਤੇ ਧਾਰਮਿਕ ਅਧਿਐਨ ਦੇ ਇਰਾਦੇ ਨਾਲ ਇਰਾਨ ਵਿੱਚ ਹਨ। ਕਰੋਨਾਵਾਇਰਸ ਦੇ ਮੱਦੇਨਜ਼ਰ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਤੇ ਯਤਨਾਂ ਬਾਰੇ ਪੁੱਛੇ ਜਾਣ ’ਤੇ ਮੁਰਲੀਧਰਨ ਨੇ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਛੇ ਭਾਰਤੀ ਸਿਹਤ ਅਧਿਕਾਰੀਆਂ ਦੀ ਇਕ ਟੀਮ ਇਰਾਨ ਵਿਚ ਤਾਇਨਾਤ ਕੀਤੀ ਗਈ ਹੈ, ਜੋ ਟੈਸਟਿੰਗ ਤੇ ਨਮੂਨੇ ਇਕੱਤਰ ਕਰਨ ਦਾ ਪ੍ਰਬੰਧ ਕਰੇਗੀ। ਮੰਤਰੀ ਨੇ ਕਿਹਾ ਕਿ ਹੁਣ ਤਕ 1706 ਨਮੂਨੇ ਲੈਣ ਮਗਰੋਂ ਪੁਣੇ ਸਥਿਤ ਐੱਨਆਈਵੀ ਵਿੱਚ ਇਨ੍ਹਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 16 ਮਾਰਚ ਤਕ 389 ਭਾਰਤੀਆਂ, ਜਿਨ੍ਹਾਂ ਵਿੱਚ 205 ਯਾਤਰੂ ਤੇ 183 ਵਿਦਿਆਰਥੀ ਹਨ, ਨੂੰ ਭਾਰਤੀ ਹਵਾਈ ਸੈਨਾ ਤੇ ਇਰਾਨੀ ਏਅਰਲਾਈਨਾਂ ਦੀਆਂ ਵਿਸ਼ੇਸ਼ ਉਡਾਣਾਂ ਰਾਹੀਂ ਚਾਰ ਬੈਚਾਂ ਵਿੱਚ ਵਾਪਸ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਰਾਨ ਸਥਿਤ ਕੌਂਸਲੇਟ ਨੇ ਬਾਂਦਰ ਅੱਬਾਸ ਵਿੱਚ ਭਾਰਤੀ ਮਛੇਰਿਆਂ ਨਾਲ ਵੀ ਰਾਬਤਾ ਬਣਾਇਆ ਹੋਇਆ ਹੈ। ਮਛੇਰੇ ਪੂਰੀ ਤਰ੍ਹਾਂ ਸਿਹਤਯਾਬ ਹਨ ਤੇ ਉਨ੍ਹਾਂ ਕੋਲ ਖਾਣ ਪੀਣ ਤੇ ਹੋਰ ਲੋੜੀਂਦੇ ਸਮਾਨ ਦਾ ਪੂਰਾ ਪ੍ਰਬੰਧ ਹੈ।
ਇਸ ਦੌਰਾਨ ਮੁਰਲੀਧਰਨ ਨੇ ਕਿਹਾ ਕਿ ਭਾਰਤ ਨੇ ਕਰੋਨਾਵਾਇਰਸ ਦੀ ਮਾਰ ਹੇਠ ਆਏ ਚੀਨ ਨੂੰ 2.11 ਕਰੋੜ ਰੁਪਏ ਮੁੱਲ ਦੀ 15 ਟਨ ਮੈਡੀਕਲ ਸਪਲਾਈ, ਜਿਸ ਵਿੱਚ ਮਾਸਕ, ਦਸਤਾਨੇ ਤੇ ਹੋਰ ਐਮਰਜੈਂਸੀ ਮੈਡੀਕਲ ਸਾਜ਼ੋ-ਸਾਮਾਨ ਸ਼ਾਮਲ ਹੈ, ਭੇਜਿਆ ਹੈ। ਇਹ ਸਾਰਾ ਸਮਾਨ ਵੂਹਾਨ ਸਥਿਤ ਹੁਬਈ ਚੈਰਿਟੀ ਫੈਡਰੇਸ਼ਨ ਨੂੰ ਸੌਂਪਿਆ ਗਿਆ ਹੈ।