You are here

ਕਰੋਨਾ ਪੀੜਤਾ ਨੂੰ ਇੱਕ ਖਰਬ ਡਾਲਰ ਤੱਕ ਦਾ ਹੋ ਸਕਦਾ ਹੈ ਟਰੰਪ ਦਾ ਰਾਹਤ ਪੈਕੇਜ

ਵਾਸ਼ਿੰਗਟਨ,  ਮਾਰਚ 2020 (ਏਜੰਸੀ)
ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਸ਼ਾਸਨ ਨੂੰ ਅਮਰੀਕੀਆਂ ਦੀ ਹੰਗਾਮੀ ਹਾਲਤ ਵਿੱਚ ਜਾਂਚ ਦੀ ਕਾਰਵਾਈ ਤੇਜ਼ ਕਰਨ, ਫੌਜ ਨੂੰ ਐੱਮਏਐੱਸਐੱਚ (ਮੋਬਾਈਲ ਆਰਮੀ ਸਰਜੀਕਲ ਹਸਪਤਾਲ) ਵਰਗੇ ਹਸਪਤਾਲ ਤਿਆਰ ਕਰਨ ਅਤੇ ਆਮ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰਨ ਲਈ ਆਖਿਆ ਹੈ।
ਇਸੇ ਦੌਰਾਨ ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 105 ਹੋ ਗਈ ਹੈ। ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 6,500 ਤੋਂ ਵੱਧ ਹੈ। ਅਮਰੀਕਾ ਦੇ ਦੋ ਸੂਬੇ ਨਿਊਯਾਰਕ ਦਾ ਪੂਰਬੀ ਤੱਟ ਅਤੇ ਵਾਸ਼ਿੰਗਟਨ ਦਾ ਦੱਖਣੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਦੇਸ਼ ਭਰ ਦੇ ਸਾਰੇ ਸੂਬਿਆਂ ਵਿੱਚੋਂ ਆ ਰਹੇ ਮਰੀਜ਼ਾਂ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਨਿਊ ਜਰਸੀ ਵਿੱਚ ਤਾਂ ਕਰਫਿਊ ਲਾ ਦਿੱਤਾ ਗਿਆ ਹੈ ਅਤੇ ਕਈ ਹੋਰ ਸ਼ਹਿਰਾਂ ਵਲੋਂ ਵੀ ਅਜਿਹੀ ਕਾਰਵਾਈ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਟਰੰਪ ਵਲੋਂ ਪ੍ਰਸਤਾਵਿਤ ਆਰਥਿਕ ਪੈਕੇਜ ਹੀ ਇੱਕ ਖ਼ਰਬ ਡਾਲਰ ਤੱਕ ਪਹੁੰਚ ਸਕਦਾ ਹੈ। ਏਨੀ ਵੱਡੀ ਰਕਮ ਮੰਦੀ ਤੋਂ ਬਾਅਦ ਪਹਿਲੀ ਵਾਰ ਦਿੱਤੀ ਜਾਵੇਗੀ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਦੋ ਹਫ਼ਤਿਆਂ ਦੇ ਅੰਦਰ ਜਨਤਾ ਤੱਕ ਚੈੱਕ ਪਹੁੰਚਦੇ ਕੀਤੇ ਜਾਣ ਅਤੇ ਉਨ੍ਹਾਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਪੈਕੇਜ ਦਿਨਾਂ ਵਿੱਚ ਹੀ ਲੋਕਾਂ ਤੱਕ ਪੁੱਜਦਾ ਕੀਤਾ ਜਾਵੇ। ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਮੁਲਕ ਯਕੀਨੀ ਤੌਰ ’ਤੇ ਮੰਦਹਾਲੀ ਵੱਲ ਵਧ ਰਿਹਾ ਹੈ ਅਤੇ 2008 ਦੇ ਵਿੱਤੀ ਸੰਕਟ ਦੀ ਗੂੰਜ ਸੁਣਾਈ ਦੇ ਰਹੀ ਹੈ। ਸੈਨੇਟ ਆਗੂ ਮਿੱਚ ਮੈਕਕੌਨਲ ਨੇ ਮੰਗਲਵਾਰ ਨੂੰ ਰਾਜਧਾਨੀ ਵਿੱਚ ਕਿਹਾ ਕਿ ਜਦੋਂ ਤੱਕ ਬਿਮਾਰਾਂ ਲਈ ਪੈਕੇਜ, ਹੰਗਾਮੀ ਹਾਲਤ ਵਿੱਚ ਖਾਣਾ ਅਤੇ ਮੁਫ਼ਤ ਟੈਸਟਾਂ ਸਬੰਧੀ ਬਿੱਲ ਪਾਸ ਨਹੀਂ ਹੋ ਜਾਂਦਾ, ਉਹ ਸ਼ਹਿਰ ਨਹੀਂ ਛੱਡਣਗੇ। ਅਮਰੀਕਾ ਵਿੱਚ ਲੋਕਾਂ ਨੂੰ ਇੱਕਠੇ ਹੋਣ ਤੋਂ ਰੋਕੇ ਜਾਣ ਕਾਰਨ ਬੰਦ ਪਈ ਰਾਜਧਾਨੀ ਵਿੱਚ ਬਿੱਲ ਪਾਸ ਕਰਨ ਬਾਬਤ ਸੈਨੇਟਰ ਇੱਕਠੇ ਹੋਏ।