ਜਗਰਾਉਂ,ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਗਰੀਨ ਮਿਸ਼ਨ ਪੰਜਾਬ ਵਲੋਂ ਅੱਜ ਇੱਥੇ ਲੋਕਾਂ ਨੂੰ 700 ਫੁੱਲਦਾਰ, ਫ਼ਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ | ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਇਕ ਮਿਸ਼ਨ ਲੈ ਕੇ ਤੁਰੀ ਇਸ ਸੰਸਥਾ ਵਲੋਂ ਜਿੱਥੇ ਲੋਕਾਂ ਨੂੰ ਦਰਖ਼ਤਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਥਾਂ-ਥਾਂ ਜਾਗਰੂਕਤਾ ਲਹਿਰ ਚਲਾਈ ਜਾ ਰਹੀ ਹੈ, ਉੱਥੇ ਕੁਝ ਸਮਾਂ ਪਹਿਲਾਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ 'ਚ ਇਕ ਸਮਾਗਮ ਕਰਕੇ ਲੋਕਾਂ ਪਾਸੋਂ ਵੱਖ-ਵੱਖ ਤਰ੍ਹਾਂ ਦੇ ਬੂਟਿਆਂ ਦੀ ਮੰਗ ਲਈ ਗਈ ਸੀ, ਜਿਸ ਤਹਿਤ ਬੁਕਿੰਗ ਅਨੁਸਾਰ ਅੱਜ ਸਬੰਧਿਤ ਲੋਕਾਂ ਨੂੰ ਬੂਟੇ ਵੰਡੇ ਗਏ | ਗਰੀਨ ਮਿਸ਼ਨ ਦੇ ਮੁੱਖ ਸੰਚਾਲਕ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਅੱਜ ਜਿਹੜੇ ਵੀ ਲੋਕਾਂ ਨੂੰ ਬੂਟੇ ਵੰਡੇ ਗਏ ਹਨ, ਹਰ ਬੂਟੇ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ ਤਾਂ ਕਿ ਉਹ ਬੂਟੇ ਦੀ ਸੰਭਾਲ ਬਾਰੇ ਸਬੰਧਿਤ ਲੋਕਾਂ ਨਾਲ ਤਾਲ-ਮੇਲ 'ਚ ਰਹਿ ਸਕਣ | ਉਨ੍ਹਾਂ ਦੱਸਿਆ ਕਿ ਅੱਜ ਉਹ ਲੋਕਾਂ ਨੂੰ ਬੂਟੇ ਦਿੱਤੇ ਗਏ ਹਨ, ਜੋ ਬੂਟਿਆਂ ਨੂੰ ਲਗਾ ਕੇ ਪਾਲਣ ਦੀ ਭਾਵਨਾ ਰੱਖਦੇ ਹਨ ਤੇ ਗਰੀਨ ਮਿਸ਼ਨ ਵਲੋਂ ਇਹ ਪ੍ਰਣ ਵੀ ਕੀਤਾ ਗਿਆ ਹੈ, ਜਿਹੜੇ ਵੀ ਬੂਟੇ ਲਗਾਏ ਗਏ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਵੀ ਲੋਕਾਂ ਨਾਲ ਜੁੜ ਕੇ ਉਹ ਕਰਦੇ ਰਹਿਣਗੇ | ਇਸ ਮੌਕੇ ਪ੍ਰੋ. ਕਰਮ ਸਿੰਘ ਸੰਧੂ ਨੇ ਕਿਹਾ ਕਿ ਸੰਸਥਾ ਵਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਸਕੂਲਾਂ, ਕਾਲਜਾਂ ਤੇ ਹੋਰ ਲੋਕਾਂ ਨਾਲ ਸਬੰਧਿਤ ਸਮਾਗਮਾਂ 'ਤੇ ਜਾ ਕੇ ਵੀ ਬੂਟਿਆਂ ਦੇ ਗੁਣਾਂ ਸਬੰਧੀ ਇਕ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਅੱਜ ਦੇ ਇਸ ਕਾਰਜ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਅਮਨਜੀਤ ਸਿੰਘ ਖਹਿਰਾ, ਸੁਖਦੀਪ ਸਿੰਘ ਮਲਕ, ਪ੍ਰਿੰਸੀਪਲ ਦਲਜੀਤ ਕੋਰ , ਹਰਨਰਾਇਣ ਸਿੰਘ, ਪਿੰ੍ਰ: ਬਲਜੀਤ ਕੌਰ, ਮਾਸਟਰ ਜਸਵੰਤ ਸਿੰਘ, ਜੋਗਿੰਦਰ ਆਜ਼ਾਦ, ਹਰਬੰਸ ਸਿੰਘ ਅਖਾੜਾ, ਮੇਜਰ ਸਿੰਘ ਛੀਨਾ, ਪਟਵਾਰੀ ਬਲਵੀਰ ਕੁਮਾਰ, ਜਸਵੀਰ ਸਿੰਘ ਵਣ ਗਾਰਡ, ਮਾਸਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ |