You are here

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ

ਡੋਨਾਲਡ ਟਰੰਪ ਦੇ ਪਹਿਲੇ ਦਿਨ ਦੀਆਂ ਗਤੀਵਿਧੀਆਂ

ਭਾਰਤ ਪਹੁੰਚ ਤੇ ਨਿਗਾ ਸੁਆਗਤ

ਖ਼ੁਦ ਲੈਣ ਗਏ ਮੋਦੀ


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਜਵਾਈ ਜਾਰੇਡ ਕੁਸ਼ਨਰ ਸਵੇਰੇ 11.37 ਵਜੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ। ਮੋਦੀ, ਜੋ ਟਰੰਪ ਦੇ ਆਉਣ ਤੋਂ ਇਕ ਘੰਟਾ ਪਹਿਲਾਂ ਹੀ ਅਹਿਮਦਾਬਾਦ ਪੁੱਜ ਗਏ ਸਨ, ਨੇ ਹਵਾਈ ਅੱਡੇ 'ਤੇ ਜਾ ਕੇ ਟਰੰਪ ਅਤੇ ਮੇਲਾਨੀਆ ਦਾ ਸਵਾਗਤ ਕੀਤਾ। ਮੋਦੀ ਨੇ ਇਸ ਮੌਕੇ ਟਰੰਪ ਨਾਲ ਜੱਫੀ ਵੀ ਪਾਈ।

22 ਕਿਲੋਮੀਟਰ ਲੰਬਾ ਰੋਡ ਸ਼ੋਅ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੱਢੇ ਗਏ 22 ਕਿਲੋਮੀਟਰ ਲੰਬੇ ਰੋਡ ਸ਼ੋਅ ਦੌਰਾਨ ਸੜਕਾਂ ਦੇ ਕਿਨਾਰੇ 'ਤੇ ਖੜ੍ਹੇ ਵੱਡੀ ਗਿਣਤੀ 'ਚ ਲੋਕ ਦੋਵਾਂ ਦੇਸ਼ਾਂ ਦੇ ਝੰਡੇ ਲਹਿਰਾ ਰਹੇ ਸਨ। ਇਸ ਰੋਡ ਸ਼ੋਅ ਨੂੰ 'ਇੰਡੀਆ ਰੋਡ ਸ਼ੋਅ' ਦਾ ਨਾਂਅ ਦਿੱਤਾ ਗਿਆ ਸੀ। ਵੱਡੀ ਗਿਣਤੀ 'ਚ ਵਿਦਿਆਰਥੀ ਵੀ ਪਹੁੰਚੇ ਸਨ। ਰੋਡ ਸ਼ੋਅ ਦੌਰਾਨ ਸਾਰੇ ਰਾਜਾਂ ਦੇ ਕਲਾਕਾਰਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਵਿਖਾਈਆਂ। ਰੂਟ 'ਤੇ ਇਕ ਨਿਯਮਿਤ ਦੂਰੀ 'ਤੇ ਹਰੇਕ ਸੂਬੇ ਲਈ ਅਲੱਗ-ਅਲੱਗ ਸਟੇਜਾਂ ਬਣਾਈਆਂ ਗਈਆਂ ਸਨ।

 

 

'ਨਮਸਤੇ ਟਰੰਪ' 'ਚ ਇਕ ਲੱਖ ਲੋਕਾਂ ਨੂੰ ਟਰੰਪ ਨੇ ਸੰਬੋਧਨ ਕੀਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਲਗਪਗ ਇਕ ਲੱਖ ਲੋਕਾਂ ਨੂੰ ਨਮਸਤੇ ਟਰੰਪ ਮੈਗਾ-ਈਵੈਂਟ ਦੌਰਾਨ ਸੰਬੋਧਨ ਕੀਤਾ, ਜੋ ਹਾਉਡੀ ਮੋਦੀ ਦੀ ਤਰਜ਼ 'ਤੇ ਹੋਇਆ ਸੀ। ਪਿਛਲੇ ਸਾਲ ਸਤੰਬਰ 'ਚ ਹਿਊਸਟਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ ਸੀ।

ਖਚਾਖ਼ਚ ਭਰਿਆ ਮੋਟੇਰਾ ਸਟੇਡੀਅਮ


'ਨਮਸਤੇ ਟਰੰਪ' ਸਮਾਰੋਹ ਦੌਰਾਨ ਨਵੇਂ ਬਣੇ ਮੋਟੇਰਾ ਕ੍ਰਿਕਟ ਸਟੇਡੀਅਮ 'ਚ ਇਕ ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਭਾਵੇਂ ਟਰੰਪ ਦਾ ਭਾਸ਼ਨ 1.30 ਵਜੇ ਸ਼ੁਰੂ ਹੋਣਾ ਸੀ ਪਰ ਲੋਕ ਸਵੇਰੇ 8 ਵਜੇ ਤੋਂ ਹੀ ਸਟੇਡੀਅਮ ਪੁੱਜਣੇ ਸ਼ੁਰੂ ਹੋ ਗਏ। ਸਟੇਡੀਅਮ 'ਚ ਹਾਜ਼ਰ ਕਈ ਲੋਕਾਂ ਨੇ ਮੋਦੀ ਅਤੇ ਟਰੰਪ ਦੀਆਂ ਤਸਵੀਰਾਂ ਵਾਲ ਮਖੌਟੇ (ਮਾਸਕ) ਪਹਿਨੇ ਹੋਏ ਸਨ। ਸਟੇਡੀਅਮ 'ਚ ਟਰੰਪ ਅਤੇ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਸਥਾਨਕ ਗੁਜਰਾਤੀ ਗਾਇਕਾਂ ਤੇ ਹਾਜ਼ਰੀਨ ਦਾ ਮਨੋਰੰਜਨ ਕੀਤਾ।

ਟਰੰਪ ਨੇ ਕੀਤਾ ਭੰਗੜੇ ਦਾ ਜ਼ਿਕਰ, 'ਸ਼ੋਅਲੇ' ਅਤੇ 'ਡੀ ਡੀ ਐਲ ਜੇ' ਦੀ ਪ੍ਰਸੰਸਾ
'ਨਮਸਤੇ ਟਰੰਪ' ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਆਪਣੀਆਂ ਦੋ ਸਭ ਤੋਂ ਵੱਧ ਹਰਮਨ ਪਿਆਰੀਆਂ ਹਿੰਦੀ ਫ਼ਿਲਮਾਂ 'ਦਿਲ ਵਾਲੇ ਦੁਲਹਨੀਆ ਲੇ ਜਾਏਂਗੇ' ਤੇ 'ਸ਼ੋਲੇ' ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਬਾਲੀਵੁੱਡ ਫ਼ਿਲਮਾਂ ਵੇਖ ਕੇ ਲੋਕ ਕਾਫ਼ੀ ਮਜ਼ਾ ਲੈਂਦੇ ਹਨ ਅਤੇ ਇਨ੍ਹਾਂ ਰਾਹੀਂ ਭਾਰਤੀ ਸੱਭਿਆਚਾਰ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਜਿਹਾ ਦੇਸ਼ ਹੈ ਜਿੱਥੇ ਸਾਲ 'ਚ ਕਰੀਬ 2000 ਫ਼ਿਲਮਾਂ ਬਣਦੀਆਂ ਹਨ। ਦੁਨੀਆ ਭਰ ਦੇ ਲੋਕ ਇਨ੍ਹਾਂ ਫ਼ਿਲਮਾਂ 'ਚ ਭੰਗੜੇ, ਸੰਗੀਤ ਅਤੇ ਨਾਚ ਦੇ ਦ੍ਰਿਸ਼ਾਂ ਨੂੰ ਪਸੰਦ ਕਰਦੇ ਹਨ।
ਸਚਿਨ ਤੇ ਵਿਰਾਟ ਕੋਹਲੀ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।

ਮੇਲਾਨੀਆ ਦੇ ਪਹਿਰਾਵੇ 'ਚ ਦਿਸੀ ਭਾਰਤੀ ਝਲਕ


ਮੇਲਾਨੀਆ ਟਰੰਪ ਦੇ ਪਹਿਰਾਵੇ 'ਚ ਭਾਰਤੀ ਝਲਕ ਵੇਖਣ ਨੂੰ ਮਿਲੀ। ਮੇਲਾਨੀਆ ਵਲੋਂ ਪਾਏ ਚਿੱਟੇ ਜੰਪਸੂਟ 'ਤੇ ਹਰੇ ਰੰਗ ਦੀ ਰੇਸ਼ਮ ਅਤੇ ਸੋਨੇ ਦੀ ਕਢਾਈ ਵਾਲੀ ਬੈਲੇਟ ਸੀ। ਇਹ ਬੈਲੇਟ ਬਨਾਰਸੀ ਬ੍ਰਾਕੇਡ ਫੈਬ੍ਰਿਕ ਦੀ ਬਣੀ ਹੈ। ਇਸ ਪੋਸ਼ਾਕ ਨੂੰ ਅਮਰੀਕੀ ਡਿਜ਼ਾਈਨਰ ਹਰਵੇ ਪੀਅਰੇ ਨੇ ਡਿਜ਼ਾਈਨ ਕੀਤਾ। ਜਦਕਿ ਟਰੰਪ ਦੀ ਬੇਟੀ ਇਵਾਂਕਾ ਨੇ ਵਨ ਪੀਸ ਡਰੈੱਸ ਪਾਈ ਹੋਈ ਸੀ। ਲਾਲ ਫ਼ਲੋਰਲ ਪ੍ਰਿੰਟ ਵਾਲੀ ਡਰੈੱਸ ਦੇ ਨਾਲ ਖੁੱਲ੍ਹੇ ਛੱਡੇ ਵਾਲ੍ਹਾਂ 'ਚ ਇਵਾਂਕਾ ਕਾਫ਼ੀ ਸੁੰਦਰ ਨਜ਼ਰ ਆ ਰਹੀ ਸੀ। ਇਵਾਂਕਾ ਟਰੰਪ ਦੱਖਣੀ ਅਮਰੀਕਾ ਦੇ ਦੌਰੇ ਦੌਰਾਨ ਵੀ ਇਹ ਡਰੈੱਸ ਪਹਿਨ ਚੁੱਕੀ ਹੈ। ਇਕ ਅਮਰੀਕੀ ਵੈਬਸਾਈਟ ਮੁਤਾਬਿਕ ਇਸ ਡਰੈੱਸ ਦੀ ਕੀਮਤ 1,21,450 ਰੁਪਏ ਹੈ।

 

ਸਾਬਰਮਤੀ ਆਸ਼ਰਮ ਗਏ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ ਟਰੰਪ ਨਾਲ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਜੋ ਪਹਿਲਾਂ ਤੋਂ ਹੀ ਆਸ਼ਰਮ 'ਚ ਮੌਜੂਦ ਸਨ, ਨੇ ਟਰੰਪ ਅਤੇ ਮੇਲਾਨੀਆ ਨੂੰ 'ਹਿਰਦੇ ਕੁੰਜ' ਵਿਖਾਇਆ, ਜਿੱਥੇ ਮਹਾਤਮਾ ਗਾਂਧੀ ਪਤਨੀ ਕਸਤੂਰਬਾ ਨਾਲ ਰਹਿੰਦੇ ਸਨ। ਮੋਦੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਇਸ ਥਾਂ ਦੇ ਮਹੱਤਵ ਸਬੰਧੀ ਜਾਣੂੰ ਕਰਵਾਇਆ। ਇਸ ਮੌਕੇ ਟਰੰਪ ਅਤੇ ਮੇਲਾਨੀਆ ਨੇ ਚਰਖਾ ਵੀ ਚਲਾਇਆ। ਮੇਲਾਨੀਆ ਨੇ ਟਰੰਪ ਦੀ ਚਰਖਾ ਚਲਾਉਣ 'ਚ ਮਦਦ ਕੀਤੀ। ਟਰੰਪ ਨੇ ਆਸ਼ਰਮ ਦੀ ਸੈਲਾਨੀਆਂ ਲਈ ਕਿਤਾਬ 'ਚ ਸੰਦੇਸ਼ ਵੀ ਲਿਖਿਆ 'ਮੇਰੇ ਚੰਗੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਸ ਸ਼ਾਨਦਾਰ ਯਾਤਰਾ ਲਈ ਤੁਹਾਡਾ ਧੰਨਵਾਦ'। ਟਰੰਪ ਤੇ ਮੇਲਾਨੀਆ ਨੇ ਇਸ ਸੰਦੇਸ਼ 'ਤੇ ਦਸਤਖ਼ਤ ਵੀ ਕੀਤੇ। ਟਰੰਪ ਤੇ ਮੇਲਾਨੀਆ ਆਸ਼ਰਮ 'ਚ ਕਰੀਬ 15 ਮਿੰਟ ਰੁਕੇ। ਮੋਦੀ ਨੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਦਰਸਾਉਣ ਵਾਲੇ 'ਤਿੰਨ ਸਮਝਦਾਰ ਬੰਦਰਾਂ' ਦੇ ਇਕ ਯਾਦਗਾਰੀ ਚਿੰਨ੍ਹ ਨੂੰ ਟਰੰਪ ਨੂੰ ਭੇਟ ਕੀਤਾ।

ਤਾਜ ਮਹੱਲ ਦਾ ਦੀਦਾਰ

ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ, ਬੇਟੀ ਇਵਾਂਕਾ ਤੇ ਜਵਾਈ ਜਾਰੇਡ ਕੁਸ਼ਨਰ ਸਮੇਤ ਤਾਜ ਮਹੱਲ ਦਾ ਦੀਦਾਰ ਕੀਤਾ। ਤਾਜ ਮਹੱਲ 'ਚ ਟਰੰਪ ਤੇ ਮੇਲਾਨੀਆ ਇਕ ਦੂਸਰੇ ਦੇ ਹੱਥਾਂ 'ਚ ਹੱਥ ਪਾ ਕੇ ਘੁੰੰਮਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੂੰ ਤਾਜ ਮਹੱਲ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਟਰੰਪ ਤੇ ਮੇਲਾਨੀਆ ਅਤੇ ਇਵਾਂਕਾ ਤੇ ਕੁਸ਼ਨਰ ਨੇ ਤਾਜ ਮਹੱਲ 'ਚ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ। ਰਾਸ਼ਟਰਪਤੀ ਟਰੰਪ ਨੇ ਸੈਲਾਨੀਆਂ ਲਈ ਕਿਤਾਬ (ਵਿਜ਼ੀਟਰ ਬੁੱਕ) 'ਚ ਸੰਦੇਸ਼ ਵੀ ਲਿਖਿਆ।