ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਸਬੰਧੀ ਦਿੱਤੇ ਵਿਵਾਦਿਤ ਬਿਆਨ ਤੋਂ ਸੂਬੇ ਦੀ ਸਿਆਸਤ ਭਖ ਗਈ ਹੈ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ (‘ਆਪ’), ਅਕਾਲੀ ਦਲ ਟਕਸਾਲੀ ਅਤੇ ਹੋਰਨਾਂ ਪਾਰਟੀਆਂ ਨੇ ਡੀਜਪੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਦੇ ਮੁਖੀ ਦਿਨਕਰ ਗੁਪਤਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਛੇ ਘੰਟਿਆਂ ਦੇ ਸਮੇਂ ਵਿੱਚ ਹੀ ਪਾਕਿਸਤਾਨ ਵੱਲੋਂ ਅਤਿਵਾਦੀ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਇਨ੍ਹਾਂ ਨੂੰ ਮੁਕੰਮਲ ਰੂਪ ਵਿੱਚ ਸਿਖਲਾਈ ਯਾਫ਼ਤਾ ਅਤਿਵਾਦੀ ਮੰਨਿਆ ਜਾ ਸਕਦਾ ਹੈ।
ਡੀਜੀਪੀ ਖ਼ਿਲਾਫ਼ ਕਾਰਵਾਈ ਕਰੇ ਸਰਕਾਰ-ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਸਿੱਖਾਂ ਬਾਰੇ ਦਿੱਤੇ ਬਿਆਨ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਇਸ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਇਸ ਮਾਮਲੇ ਵਿਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਡੀਜੀਪੀ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਰਵਾਈ ਲਈ ਆਖਿਆ।
ਸਿੱਖ ਵਿਰੋਧੀ ਤਾਕਤਾਂ ਇਸ ਲਾਂਘੇ ਨੂੰ ਬੰਦ ਕਰਾਉਣ ਲਈ ਸਾਜ਼ਿਸ਼ਾਂ ਰਚ ਰਹੀਆਂ ਹਨ - ਬਿਕਰਮ ਸਿੰਘ ਮਜੀਠੀਆ
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਦਿਨਕਰ ਗੁਪਤਾ ਨੂੰ ਕਾਂਗਰਸ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਦੇ ਕੇ ਡੀਜੀਪੀ ਬਣਾਇਆ ਗਿਆ ਸੀ ਅਤੇ ਇਸ ਪੁਲੀਸ ਅਧਿਕਾਰੀ ਵੱਲੋਂ ਕਾਂਗਰਸ ਤੇ ਖਾਸ ਕਰਕੇ ਗਾਂਧੀ ਪਰਿਵਾਰ ਦਾ ਅਹਿਸਾਨ ਉਤਾਰਨ ਲਈ ਸਿੱਖਾਂ ਖ਼ਿਲਾਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਤੋਂ ਲੈ ਕੇ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਅਕਾਲੀ ਆਗੂ ਨੇ ਡੀਜੀਪੀ ਨੂੰ ਸਵਾਲ ਕੀਤਾ ਕਿ ਕੀ ਸਾਰੇ 50 ਹਜ਼ਾਰ ਹੀ ਅਤਿਵਾਦੀ ਬਣ ਗਏ ਤੇ ਜੇਕਰ ਬਣ ਗਏ ਤਾਂ ਪੁਲੀਸ ਤਫ਼ਤੀਸ਼ ਕਿਉਂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਇਸ ਲਾਂਘੇ ਨੂੰ ਬੰਦ ਕਰਾਉਣ ਲਈ ਸਾਜ਼ਿਸ਼ਾਂ ਰਚ ਰਹੀਆਂ ਹਨ ਤੇ ਡੀਜੀਪੀ ਦਾ ਬਿਆਨ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਇਸ ਬਿਆਨ ਦੀ ਨਿੰਦਾ ਨਾ ਕੀਤੀ ਤਾਂ ਸੋਮਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਵਿੱਚ ਸਰਕਾਰ ਨੂੰ ਘੇਰਿਆ ਜਾਵੇਗਾ।
ਦਿਨਕਰ ਗੁਪਤਾ ਨੂੰ ਤੁਰੰਤ ਅਹੁਦੇ ਤੋਂ ਲਾਹ ਕੇ ਅਤਿਵਾਦੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ-ਸੁਖਪਾਲ ਸਿੰਘ ਖਹਿਰਾ
‘ਆਪ’ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੀਜੀਪੀ ਦੇ ਇਸ ਬਿਆਨ ’ਤੇ ਸਪੱਸ਼ਟੀਕਰਨ ਨਹੀਂ ਦਿੰਦੇ ਤਾਂ ਮੰਨਿਆ ਜਾਵੇਗਾ ਕਿ ਲਾਂਘੇ ਨੂੰ ਬੰਦ ਕਰਾਉਣ ਲਈ ਮੁੱਖ ਮੰਤਰੀ ਸਾਜ਼ਿਸ਼ ਦਾ ਹਿੱਸਾ ਹਨ। ਉਨ੍ਹਾਂ ਮੰਗ ਕੀਤੀ ਕਿ ਦਿਨਕਰ ਗੁਪਤਾ ਨੂੰ ਤੁਰੰਤ ਅਹੁਦੇ ਤੋਂ ਲਾਹ ਕੇ ਅਤਿਵਾਦੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੀਜੀਪੀ ਦੇ ਸਬੰਧ ਤਾਂ ਖ਼ੁਦ ਪਾਕਿਸਤਾਨੀਆਂ ਨਾਲ ਹਨ ਤੇ ਇਹ ਸਿੱਖਾਂ ਨੂੰ ਅਤਿਵਾਦੀ ਗਰਦਾਨ ਰਿਹਾ ਹੈ।
ਡੀਜੀਪੀ ਦਾ ਬਿਆਨ ਪ੍ਰਧਾਨ ਮੰਤਰੀ ਦੇ ਦਾਅਵੇ ਦੇ ਉਲਟ- ਪਰਗਟ ਸਿੰਘ
ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਦਿਨਕਰ ਗੁਪਤਾ ਦਾ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਤਾਰਪੁਰ ਲਾਂਘਾ ਸ਼ੁਰੂ ਕਰਨ ਸਮੇਂ ਕੀਤੇ ਦਾਅਵੇ ਦੇ ਐਨ ਉਲਟ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ 70 ਸਾਲਾਂ ਵਿਚ ਕਾਂਗਰਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ ਸੀ। ਭਾਜਪਾ ਨੇ ਕੌਮੀ ਪੱਧਰ ’ਤੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦਾ ਸਿਹਰਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਬੰਨ੍ਹਿਆ ਸੀ। ਪਰਗਟ ਸਿੰਘ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦੀ ਫਿਰਕੂ ਸੋਚ ਨੇ ਪ੍ਰਧਾਨ ਮੰਤਰੀ ਦੇ ਦਾਅਵਿਆਂ ’ਤੇ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕੀਤੀ ਗਈ ਪਹਿਲਕਦਮੀ ਦਾ ਸਵਾਗਤ ਕੀਤਾ ਸੀ। ਜਦੋਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਇਕਸੁਰ ਹਨ ਤਾਂ ਡੀਜੀਪੀ ਦਾ ਬਿਆਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਦਿਨਕਰ ਗੁਪਤਾ ਨੂੰ ਬਰਖਾਸਤ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇ- ਬੀਰ ਦਵਿੰਦਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਾਬਕਾ ਉੱਪ-ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਮੁਖੀ ਦੇ ਸਿੱਖਾਂ ਵਿਰੁੱਧ ਨਫਰਤ ਫੈਲਾਉਣ ਵਾਲੇ ਬਿਆਨ ਕਰਕੇ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਭਾਰਤੀ ਦੰਡਾਵਲੀ ਦੀ ਧਾਰਾ 153-ਬੀ ਤਹਿਤ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ।
ਫਿਰਕਾਪ੍ਰਸਤ ਜਹਿਨੀਅਤ ਵਾਲੇ ਦਿਨਕਰ ਗੁਪਤਾ ਦਾ ਪੁਲਿਸ ਮੁਖੀ ਬਣੇ ਰਹਿਣਾ ਖਤਰਨਾਕ- ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ
ਬਰਮਿੰਘਮ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-
ਬਰਤਾਨੀਆ ਵਿਚਲੀਆਂ ਸਿੱਖ ਜੱਥੇਬੰਦੀਆਂ ਦੇ ਇੱਕ ਸਾਂਝੇ ਮੰਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਦਿੱਤਾ ਹਾਲੀਆ ਬਿਆਨ ਉਸ ਦੀ ਫਿਰਕੂ ਜਹਿਨੀਅਤ ਨੂੰ ਦਰਸਾਉਂਦਾ ਹੈ।
ਜਥੇਬੰਦੀ ਦੇ ਆਗੂਆਂ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਡੀਜੀਪੀ ਦਿਨਕਰ ਗੁਪਤਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਡੀਜੀਪੀ ਦੇ ਬਿਆਨ ਨੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀਆਂ ਸੰਵੇਦਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਦਾ ਪੁਲਿਸ ਮੁਖੀ ਬਣਿਆ ਰਹਿਣਾ ਖਤਰਨਾਕ ਹੈ।
ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨਾ ਮੰਦਭਾਗਾ- ਗੋਬਿੰਦ ਸਿੰਘ ਲੌਂਗੋਵਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਪੁਲਿਸ ਮੁਖੀ ਦੇ ਬਿਆਨ ਨੂੰ ਮੰਦਭਾਗਾ ਕਰਾਰ ਦੇੰਦਿਆਂ ਕਿਹਾ ਹੈ ਕਿ ਜਦੋਂ ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਨਟੋਨੀਓ ਗੁਟਰੇਜ਼ ਨੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਇਸ ਲਾਂਘੇ ਨੂੰ ਵਿਸ਼ਵ ਸ਼ਾਂਤੀ ਦਾ ਸੋਮਾ ਕਰਾਰ ਦਿੱਤਾ ਹੈ ਤਾਂ ਅਜਿਹੇ ਮੌਕੇ ਪੰਜਾਬ ਪੁਲੀਸ ਮੁਖੀ ਸਿਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਅਜਿਹੀ ਮੰਦਭਾਗੀ ਬਿਆਨਬਾਜੀ ਕਿਉਂ ਕਰ ਰਿਹਾ ਹੈ। ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਕਿਹਾ ਕਿ ਪੁਲਿਸ ਮੁਖੀ ਦੇ ਬਿਆਨ ਨਾਲ ਪੰਜਾਬ ਵਿਚਲੀ ਕਾਂਗਰਸ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਪੁਲਿਸ ਮੁਖੀ ਦਾ ਬਿਆਨ ਸਿੱਖ ਵਿਰੋਧੀ ਨਫਰਤ ਦਾ ਮੁਜ਼ਾਹਰਾ- ਸਿੱਖ ਬੁੱਧੀਜੀਵੀ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਇਕੱਤਰ ਹੋਏ ਸਿੱਖ ਬੁੱਧੀਜੀਵੀਆਂ ਜਿਨ੍ਹਾਂ ਵੁਚ ਭਾਈ ਅਸ਼ੋਕ ਸਿੰਘ ਬਾਗੜੀਆ, ਗੁਰਪ੍ਰੀਤ ਸਿੰਘ, ਪ੍ਰੋ. ਮਨਜੀਤ ਸਿੰਘ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਿੰਦਰ ਸਿੰਘ, ਸਾਬਕਾ ਆਈਏਐਸ ਗੁਰਤੇਜ ਸਿੰਘ, ਇਤਿਹਾਸਕਾਰ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਆਗੂ ਭਾਈ ਰਾਜਿੰਦਰ ਸਿੰਘ ਖਾਲਸਾ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਰਮਜੀਤ ਸਿੰਘ ਅਤੇ ਗੁਰਬਚਨ ਸਿੰਘ ਜਲੰਧਰ ਸ਼ਾਮਿਲ ਸਨ, ਨੇ ਪੰਜਾਬ ਪੁਲਿਸ ਮੁਖੀ ਦੇ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਬਿਆਨ ਦੀ ਕਰੜੀ ਨਿਖੇਧੀ ਕੀਤੀ ਹੈ।
ਸਿੱਖ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਪੁਲਿਸ ਮੁਖੀ ਦੇ ਨਫਰਤ ਭਰੇ ਹਿੰਦੂਤਵੀ ਬਿਆਨ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਅਤੇ ਸਰਕਾਰ ਹੁਣ ਹਊਆ ਖੜ੍ਹਾ ਕਰਕੇ ਸਿੱਖ ਸ਼ਰਧਾਲੂਆਂ ਦੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਵਿੱਚ ਅੜਿੱਕਾ ਪਾਉਣ ਉੱਤੇ ਉਤਾਰੂ ਹੋ ਗਈ ਹੈ।
ਦਿਨਕਰ ਗੁਪਤਾ ਰ.ਸ.ਸ. ਦੀ ਬੋਲੀ ਬੋਲ ਰਿਹਾ ਹੈ- ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਖਿਲਾਫ ਕੀਤੀ ਗਈ ਬਿਆਨਬਾਜੀ ਦੀ ਕਰੜੀ ਨਿਖੇਧੀ ਕੀਤੀ ਗਈ ਹੈ।
ਆਗੂਆਂ ਨੇ ਪੁਲਿਸ ਮੁਖੀ ਦੇ ਬਿਆਨ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਦਾ ਅਕਸ ਕੌਮਾਂਤਰੀ ਪੱਧਰ ਉੱਤੇ ਖਰਾਬ ਕਰਨ ਦੀ ਸਾਜਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਪੁਲਿਸ ਮੁਖੀ ਰਾਸ਼ਟਰੀ ਸਵੈਸੇਵਕ ਸੰਘ (ਰ.ਸ.ਸ.) ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਖੀ ਨੂੰ ਬਰਖਾਸਤ ਕਰਕੇ ਉਸ ਉੱਪਰ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਕਿਸੇ ਧਰਮ ਜਾਂ ਭਾਈਚਾਰੇ ਵਿਰੁੱਧ ਨਹੀਂ ਕੀਤੀਆਂ ਟਿੱਪਣੀਆਂ- ਡੀਜੀਪੀ
ਪੰਜਾਬ ਪੁਲੀਸ ਦੇ ਡੀਜਪੀ ਦਿਨਕਰ ਗੁਪਤਾ ਨੇ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਪੈਦਾ ਹੋਏ ਵਿਵਾਦ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਸਮਝਿਆ ਗਿਆ ਹੈ ਜਾਂ ਜਾਣ-ਬੁੱਝ ਕੇ ਗਲਤ ਪੇਸ਼ ਕੀਤਾ ਜਾ ਰਿਹਾ ਹੈ। ਇੱਥੇ ਜਾਰੀ ਬਿਆਨ ਰਾਹੀਂ ਗੁਪਤਾ ਨੇ ਕਿਹਾ, ‘‘ਮੈਂ ਕੇਵਲ ਭਾਰਤ ਨਾਲ ਦੁਸ਼ਮਣੀ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ਵਲੋਂ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ ਲਈ ਹਰ ਮੌਕੇ ਦੀ ਦੁਰਵਰਤੋਂ ਕਰ ਸਕਣ ਦੀ ਸੰਭਾਵੀ ‘ਸਮਰੱਥਾ’ ਬਾਰੇ ਚਿਤਾਵਨੀ ਦਿੱਤੀ ਸੀ। ਇੱਥੋਂ ਤੱਕ ਕਿ ਉਹ (ਸ਼ਰਾਰਤੀ ਅਨਸਰ) ਸੱਚੇ-ਸੁੱਚੇ ਅਤੇ ਪਵਿੱਤਰ ਮੌਕਿਆਂ ਨੂੰ ਵੀ ਆਪਣੇ ਹੱਕ ਵਿਚ ਭੁਗਤਾਉਣ ਲਈ ਵਰਤਦੇ ਹਨ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟਿੱਪਣੀਆਂ ਕੇਵਲ ਪੰਜਾਬ ਅਤੇ ਭਾਰਤ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਦੇ ਮੱਦੇਨਜ਼ਰ ਕੀਤੀਆਂ ਸਨ। ਉਨ੍ਹਾਂ ਦੀਆਂ ਟਿੱਪਣੀਆਂ ਵਿੱਚ ਕਿਸੇ ਧਰਮ ਜਾਂ ਭਾਈਚਾਰੇ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਇਸ ਲਾਂਘੇ ਤੋਂ ਪਹਿਲਾ ਜਥਾ ਲੰਘਿਆ ਸੀ ਤਾਂ ਉਹ ਖ਼ੁਦ ਉੱਥੇ ਮੌਜੂਦ ਸਨ ਅਤੇ ਪਿਛਲੇ ਚਾਰ ਮਹੀਨਿਆਂ ਦੌਰਾਨ ਕਰੀਬ 51 ਹਜ਼ਾਰ ਸ਼ਰਧਾਲੂਆਂ ਦੇ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਜਾ ਕੇ ਦਰਸ਼ਨ ਕਰਨ ਦੌਰਾਨ ਪੰਜਾਬ ਪੁਲੀਸ ਉੱਥੇ ਕਾਰਜਸ਼ੀਲ ਰਹੀ ਹੈ ਅਤੇ ਭਵਿੱਖ ਵਿੱਚ ਵੀ ਰਹੇਗੀ।