ਲੰਡਨ,ਫ਼ਰਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-
ਬਿ੍ਟਿਸ਼ ਸ਼ਾਹੀ ਪਰਿਵਾਰ ਵਿਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਰਕਲ ਨੇ ਸਸੈਕਸ ਸ਼ਾਹੀ ਉਪਾਧੀ ਛੱਡਣ ਲਈ ਮਜਬੂਰ ਕਰਨ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਮਹਾਰਾਣੀ 'ਤੇ ਨਿਸ਼ਾਨਾ ਸਾਧਿਆ ਹੈ। ਜੋੜੇ ਨੇ ਕਿਹਾ ਹੈ ਕਿ ਵਿਦੇਸ਼ੀ ਧਰਤੀ 'ਤੇ 'ਸ਼ਾਹੀ' ਸ਼ਬਦ ਦੀ ਵਰਤੋਂ ਮਹਾਰਾਣੀ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੀ।
ਹੈਰੀ ਅਤੇ ਮੇਘਨ ਨੇ ਹਾਲ ਹੀ ਵਿਚ ਸ਼ਾਹੀ ਪਰਿਵਾਰ ਤੋਂ ਅਲੱਗ ਹੋਣ ਦੇ ਰਸਮੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਸ ਤਹਿਤ ਉਨ੍ਹਾਂ ਨੂੰ ਸ਼ਾਹੀ ਉਪਾਧੀ 'ਹਿਜ ਅਤੇ ਹਰ ਰਾਇਲ ਹਾਈਨੈੱਸ' (ਐੱਚ ਆਰ ਐੱਚ) ਛੱਡਣੀ ਸੀ। ਨਾਲ ਹੀ ਦੋਵੇਂ ਹੁਣ ਆਪਣੇ ਕਰਤੱਵਾਂ ਦੇ ਪਾਲਣ ਲਈ ਕਿਸੇ ਤਰ੍ਹਾਂ ਦੇ ਜਨਤਕ ਫੰਡ ਦੀ ਵੀ ਵਰਤੋਂ ਨਹੀਂ ਕਰ ਸਕਣਗੇ। ਮੈਟਰੋ ਅਖ਼ਬਾਰ 'ਚ ਸ਼ਨਿਚਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਅਨੁਸਾਰ ਰਾਜਸ਼ਾਹੀ ਦੇ ਅੰਦਰ ਆਪਣੀਆਂ ਨਵੀਆਂ ਭੂਮਿਕਾਵਾਂ ਨੂੰ ਚਿੰਨਿ੍ਹਤ ਕਰਦੇ ਹੋਏ ਜੋੜੇ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਨਾਲ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਦੀ ਤਰ੍ਹਾਂ ਵਿਵਹਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਾਹੀ ਪਰਿਵਾਰ ਵਿਚ ਅਜਿਹੇ ਵੀ ਮੈਂਬਰ ਹਨ ਜਿਨ੍ਹਾਂ ਨੂੰ ਆਪਣਾ ਖ਼ਿਤਾਬ ਬਰਕਰਾਰ ਰੱਖਦੇ ਹੋਏ ਵਿਦੇਸ਼ ਵਿਚ ਰੁਜ਼ਗਾਰ ਦੀ ਇਜਾਜ਼ਤ ਦਿੱਤੀ ਗਈ ਹੈ। ਸਾਨੂੰ ਉਹ ਸਾਰੀਆਂ ਰਿਆਇਤਾਂ ਨਹੀਂ ਮਿਲੀਆਂ ਜਿਸ ਦੀ ਸਾਨੂੰ ਉਮੀਦ ਸੀ। ਜੋੜੇ ਦਾ ਇਹ ਬਿਆਨ ਬਕਿੰਘਮ ਪੈਲੇਸ ਵੱਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਉਸ ਐਲਾਨ ਪਿੱਛੋਂ ਸਾਹਮਣੇ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੋੜਾ ਹੁਣ ਡਿਊਕ ਅਤੇ ਡੱਚਿਜ ਆਫ ਸਸੈਕਸ ਦੀ ਆਪਣੀ ਉਪਾਧੀ ਦੀ ਵਰਤੋਂ ਨਹੀਂ ਕਰ ਸਕੇਗਾ।