ਇਨਸਾਫ਼ ਮਿਲਣ ਤੱਕ ਨਹੀ ਕੀਤਾ ਜਾਵੇਗਾ ਅੰਤਿਮ ਸੰਸਕਾਰ
ਮਹਿਲ ਕਲਾਂ/ਬਰਨਾਲਾ,ਫਰਵਰੀ 2020- (ਗੁਰਸੇਵਕ ਸਿੰਘ ਸੋਹੀ )-
ਪਿੰਡ ਚੱਕ ਭਾਈਕਾ ਦੇ ਦਲਿਤ ਵਰਗ ਨਾਲ ਸਬੰਧਿਤ ਹਰਬੰਸ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਅੱਜ ਸਿਵਲ ਹਸਪਤਾਲ ਜਗਰਾਉਂ ਵਿਖੇ ਕੀਤਾ ਗਿਆ।ਇਨਸਾਫ਼ ਪਸੰਦ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਖੜ ਜਾਣ ਪਿੱਛੋਂ ਇਹ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡ ਭਾਈਕਾ ਚੱਕ ਵਿਖੇ ਦਲਿਤ ਭਾਈਚਾਰੇ ਦੇ ਇੱਕ ਘਰ 'ਤੇ ਪਿੰਡ ਦੇ ਹੀ ਉੱਚ ਜਾਤੀ ਨਾਲ ਸਬੰਧਿਤ ਵਿਦੇਸ਼ ਰਹਿੰਦੇ ਦੋ ਭਰਾਵਾਂ ਦੀ ਸਹਿ 'ਤੇ ਤਿੰਨ ਦਰਜਨ ਗੁੰਡਿਆਂ ਵੱਲੋਂ ਹਮਲਾ ਕਰਨ ਅਤੇ ਹਠੂਰ ਪੁਲਿਸ ਦੇ ਇੱਕ ਏਐੱਸਆਈ ਵੱਲੋਂ ਦੋਸ਼ੀ ਉੱਚ ਜਾਤੀ ਲੋਕਾਂ ਦਾ ਕਬਜਾ ਕਰਵਾਉਣ ਲਈ ਧਮਕੀਆਂ ਤੋਂ ਡਰ ਕੇ ਥਾਣੇ ਵਿੱਚ ਬੇਹੋਸ਼ ਹੋਣ ਉਪਰੰਤ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਭੇਜੇ ਗਏ ਦਲਿਤ ਵਿਅਕਤੀ ਵਿੱਚ ਮੌਤ ਹੋ ਗਈ ਸੀ। ਸਮਾਜਿਕ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਦੇ ਆਗੂਆਂ ਨੇ ਅੱਜ ਪੀੜਤ ਪਰਿਵਾਰ ਦੇ ਘਰ ਪੁੱਜ ਕੇ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਲਈ ਹਰ ਤਰਾਂ ਸੰਘਰਸ਼ ਕਰਨ ਦਾ ਭਰੋਸਾ ਦਵਾਇਆ।ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਹੁਕਮ ਰਾਜ ਦੇਹੜਕਾ, ਜ਼ਿਲ੍ਹਾ ਜਨਰਲ ਸਕੱਤਰ ਭੋਲ਼ਾ ਸਿੰਘ ਕਲਾਲਮਾਜਰਾ, ਬਲਾਕ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ, ਰਾਜਵਿੰਦਰ ਸਿੰਘ ਰਾਹੀ, ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਰਾਏਕੋਟ ਅਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਟਿੱਬਾ, ਏਕਮ ਸਿੰਘ ਛੀਨੀਵਾਲ ਆਦਿ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲਮਾਜਰਾ ਨੇ ਦੱਸਿਆ ਕਿ ਹਰਬੰਸ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਤੋਂ ਬਾਅਦ ਘਰ ਲਿਆਂਦੀ ਗਈ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਵਿਰੁੱਧ ਐੱਸ ਸੀ ਐਕਟ ਸਮੇਤ ਹੋਰ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਨਹੀ ਕੀਤਾ ਜਾਂਦਾ, ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀ ਕੀਤਾ ਜਾਵੇਗਾ।