ਲੁਧਿਆਣਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਗਿੱਲ ਰੋਡ ਸਥਿਤ ਇੰਡੀਆ ਇੰਫੋਲਾਈਨ ਫਾਇਨਾਂਸ ਕੰਪਨੀ ਦੀ ਬ੍ਰਾਂਚ ਵਿਚ ਵੱਡੇ ਕਾਰੋਬਾਰੀ ਆਪਣਾ ਸੋਨਾ ਰੱਖ ਕੇ ਲੋਨ ਲੈਂਦੇ ਸਨ। ਗਿੱਲ ਰੋਡ 'ਤੇ ਜ਼ਿਆਦਾਤਰ ਲੋਹਾ ਵਪਾਰੀ ਹਨ। ਇਥੇ ਲਗਪਗ 200 ਲੋਕਾਂ ਨੇ ਸੋਨਾ ਗਿਰਵੀ ਰੱਖ ਕੇ ਛੇ ਕਰੋੜ ਦਾ ਲੋਨ ਲਿਆ ਸੀ। ਜਿਵੇਂ ਹੀ ਲੁੱਟ ਦੀ ਵਾਰਦਾਤ ਬਾਰੇ ਸਬੰਧਤ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਥੇ ਪਹੁੰਚ ਗਏ। ਪੁਲਿਸ ਨੇ ਦੋਸ਼ੀਆਂ ਦਾ ਪਤਾ ਦੱਸਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਪੁਲਿਸ ਨੇ ਸੈਫ ਸਿਟੀ ਪ੍ਰੋਜੈਕਟ ਤਹਿਤ ਲੱਗੇ ਕੈਮਰਿਆਂ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ 12 ਮਿੰਟ ਵਿਚ 30 ਕਿਲੋ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਭੱਜਣ ਵਾਲੇ ਦੋਸ਼ੀ ਦੱਖਣੀ ਬਾਈਪਾਸ ਤੋਂ ਹੁੰਦੇ ਹੋਏ ਪਹਿਲਾਂ ਦੋਰਾਹਾ ਪਹੁੰਚੇ ਅਤੇ ਉਸ ਤੋਂ ਬਾਅਦ ਦਿੱਲੀ ਰੋਡ ਤੋਂ ਹੁੰਦੇ ਹੋਏ ਅੰਬਾਲਾ ਵੱਲ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਦੀ ਟੀਮਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਕਾਰ ਦਾ ਕ੍ਰਾਈਮ ਟ੍ਰੈਕ ਬਣਾ ਕੇ ਪਿੱਛਾ ਕਰ ਰਹੀਆਂ ਹਨ।