ਕੇਦਰੀ ਮੰਤਰੀ ਵੱਲੋਂ ਜਗਰਾਂਉ ਸਥਿਤ ਭਾਰਤੀ ਖੁਰਾਕ ਨਿਗਮ ਦੇ ਗੋਦਾਮ ਅਤੇ ਸਾਈਲੋ ਦਾ ਦੌਰਾ
ਜਗਰਾਓਂ/ਲੁਧਿਆਣਾ, ਫਰਵਰੀ 2020- (ਜਸਮੇਲ ਗਾਲਿਬ,ਗੁਰਦੇਵ ਗਾਲਿਬ,ਮਨਜਿੰਦਰ ਗਿੱਲ)-
ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਪ੍ਰਣਾਲੀ ਦੇ ਕੇਂਦਰੀ ਰਾਜ ਮੰਤਰੀ ਸੀ ਰਾਓਸਾਹਿਬ ਪਾਟਿਲ ਦਾਨਵੇ ਨੇ ਕਿਹਾ ਹੈ ਕਿ ਪੰਜਾਬ ਵਿੱਚ ਖਾਧ ਪਦਾਰਥਾਂ ਦੀ ਸਟੋਰੇਜ਼ ਸਮੱਸਿਆ ਨੂੰ ਦੂਰ ਕਰਨ ਲਈ 31 ਸਾਈਲੋਜ਼ ਹੋਰ ਸਥਾਪਤ ਕੀਤੇ ਜਾਣਗੇ। ਇਸ ਲਈ 21 ਸਥਾਨਾਂ ਦੀ ਚੋਣ ਕਰ ਲਈ ਗਈ ਹੈ, ਜਦਕਿ ਬਾਕੀ ਸਥਾਨਾਂ ਦੀ ਵੀ ਚੋਣ ਜਲਦ ਕਰ ਲਈ ਜਾਵੇਗੀ। ਉਹ ਅੱਜ ਜਗਰਾਂਉ ਵਿਖੇ ਸਥਾਪਤ ਭਾਰਤੀ ਖੁਰਾਕ ਨਿਗਮ ਦੇ ਗੋਦਾਮ ਅਤੇ ਸਾਈਲੋ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸਨ। ਇਥੇ ਕਣਕ ਆਧੁਨਿਕ ਤਕਨੀਕ ਨਾਲ ਵੱਡੀ ਮਾਤਰਾ ਵਿੱਚ ਸਟੋਰ, ਸਾਫ ਸਫਾਈ ਅਤੇ ਵੰਡੀ ਕੀਤੀ ਜਾਂਦੀ ਹੈ। ਇਸ ਮੌਕੇ ਉਨਾਂ ਨਾਲ ਜਨਰਲ ਮੈਨੇਜਰ ਫੂਡ ਕਾਰਪੋਰੇਸ਼ਨ ਆਫ ਇੰਡੀਆ ਪੰਜਾਬ ਅਰਸ਼ਦੀਪ ਸਿੰਘ ਥਿੰਦ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਾਨਵੇ ਨੇ ਕਿਹਾ ਕਿ ਦੇਸ਼ ਵਿੱਚ ਲੋਕਾਂ ਨੂੰ ਇੱਕੋ ਹੀ ਰਾਸ਼ਨ ਕਾਰਡ 'ਤੇ ਰਾਸ਼ਨ ਮੁਹੱਈਆ ਕਰਾਉਣ ਲਈ ਸਾਰੇ ਸੂਬਿਆਂ ਨੂੰ ਕਲੱਸਟਰਾਂ ਵਿੱਚ ਵੰਡਿਆ ਜਾ ਰਿਹਾ ਹੈ। ਹੁਣ ਤੱਕ ਦੇਸ਼ ਦੇ 12 ਰਾਜਾਂ ਨੂੰ ਕਲੱਸਟਰਾਂ ਵਿੱਚ ਵੰਡਿਆ ਜਾ ਚੁੱਕਾ ਹੈ। ਜਲਦ ਹੀ ਪੰਜਾਬ ਅਤੇ ਹੋਰ ਰਾਜ਼ਾਂ ਦੀ ਵੀ ਕਲੱਸਟਰ ਵੰਡ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਲੱਸਟਰ ਵਿੱਚ ਆਉਣ ਵਾਲੇ ਸੂਬਿਆਂ ਦੇ ਖ਼ਪਤਕਾਰਾਂ ਨੂੰ ਇੱਕੋ ਰਾਸ਼ਨ ਕਾਰਡ 'ਤੇ ਰਾਸ਼ਨ ਮੁਹੱਈਆ ਹੋਣ ਦੀ ਸੁਵਿਧਾ ਦਾ ਲਾਭ ਮਿਲਦਾ ਹੈ। ਇਸ ਨਾਲ ਲੋਕਾਂ ਦੀ ਸਸਤੀ ਦਰ 'ਤੇ ਖਾਧ ਪਦਾਰਥ ਪ੍ਰਾਪਤ ਕਰਨ ਵਿੱਚ ਆਸਾਨੀ ਹੁੰਦੀ ਹੈ। ਉਨਾਂ ਕਿਹਾ ਕਿ ਉਨਾਂ ਨੇ ਅੱਜ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮੋਗਾ ਜ਼ਿਲਿਆਂ ਵਿੱਚ ਸਥਾਪਤ ਸਾਈਲੋਜ਼ ਦਾ ਵੀ ਦੌਰਾ ਕੀਤਾ ਹੈ, ਜਿਸ ਦੌਰਾਨ ਉਨਾਂ ਨੇ ਸੂਬੇ ਵਿੱਚ ਹੋਰ ਸਾਈਲੋਜ਼ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਕੀਤਾ ਹੈ। ਉਨਾਂ ਕਿਹਾ ਕਿ ਇਸ ਦੌਰੇ ਦੌਰਾਨ ਲੋਕਾਂ, ਖ਼ਪਤਕਾਰਾਂ ਅਤੇ ਹੋਰ ਧਿਰਾਂ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ, ਉਨਾਂ ਨੂੰ ਦੂਰ ਕਰਨ ਲਈ ਉਹ ਦਿੱਲੀ ਪੱਧਰ 'ਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੋਈ ਰਣਨੀਤੀ ਤਿਆਰ ਕਰਨਗੇ। ਉਨਾਂ ਕਿਹਾ ਕਿ ਦੇਸ਼ ਵਿੱਚ ਵਿਕਸਤ ਕੀਤੇ ਜਾ ਰਹੇ ਸਾਈਲੋਜ਼ ਪ੍ਰਣਾਲੀ ਵਿੱਚ ਆਧੁਨਿਕ ਤਕਨੀਕ ਵਰਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਮੰਡੀਆਂ ਵਿੱਚ ਜਾਣ ਦੀ ਲੋੜ ਨਹੀ ਹੁੰਦੀ ਅਤੇ ਕਿਸਾਨ ਆਪਣੀ ਕਣਕ ਨੂੰ ਸਿੱਧੇ ਤੌਰ ਤੇ ਇੱਥੇ ਵੇਚ ਸਕਦੇ ਹਨ। ਇਸ ਪ੍ਰਣਾਲੀ ਵਿੱਚ ਨਾ ਮਾਤਰ ਲੇਬਰ ਵਰਤੀ ਜਾਂਦੀ ਹੈ। ਇਸ ਪ੍ਰਣਾਲੀ ਵਿੱਚ ਆਧੁਨਿਕ ਮਸ਼ੀਨਾਂ ਨਾਲ ਹੀ ਕਣਕ ਸਿੱਧੀ ਟਰਾਲੀਆਂ ਦੇ ਵਿੱਚੋ ਹੀ ਚੁੱਕੀ ਜਾਂਦੀ ਹੈ ਅਤੇ ਉਸਦੀ ਉਸਦੀ ਸੈਪਲਿੰਗ ਹੁੰਦੀ ਹੈ ਅਤੇ ਫਸਲ ਦੀ ਕੁਆਲਿਟੀ ਚੈਕ ਵੀ ਮਸ਼ੀਨਾਂ ਦੇ ਰਾਹੀ ਹੁੰਦੀ ਹੈ। ਇਸ ਉਪਰੰਤ ਉਨਾਂ ਸ਼ਹਿਰ ਵਿੱਚ ਚੱਲ ਰਹੇ ਕਈ ਰਾਸ਼ਨ ਡਿਪੂਆਂ ਦਾ ਵੀ ਦੌਰਾ ਕੀਤਾ ਅਤੇ ਕੰਮ ਕਾਰ 'ਤੇ ਤਸੱਲੀ ਪ੍ਰਗਟਾਈ।