ਟੈਕਸ ਸਲੈਬ ਵਿੱਚ ਫੇਰਬਦਲ ਨਾਲ ਕਰਦਾਤਿਆਂ ਨੂੰ ਰਾਹਤ ਦੇਣ ਦਾ ਯਤਨ
ਖੇਤੀ ਤੇ ਬੁਨਿਆਦੀ ਢਾਂਚਾ ਸੈਕਟਰ ਵਿੱਚ ਰਿਕਾਰਡ ਪੈਸਾ ਖਰਚਣ ਦਾ ਐਲਾਨ
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 16 ਸੂਤਰੀ ਕਾਰਜ ਯੋਜਨਾ
ਬਜਟ-2020 ਦੂਰਦਰਸ਼ੀ ਅਤੇ ਅਸਰਦਾਰ -ਮੋਦੀ
ਨਵੀਂ ਦਿੱਲੀ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਅਰਥਚਾਰੇ ਵਿੱਚ ਮੰਦੀ ਤੇ ਜੀਡੀਪੀ ਦੇ ਪਿਛਲੇ ਇਕ ਦਹਾਕੇ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪੁੱਜਣ ਕਰਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਆਈ ਮੋਦੀ ਸਰਕਾਰ ਵੱਲੋਂ ਆਪਣਾ ਦੂਜਾ ਕੇਂਦਰੀ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਟੈਕਸ ਸਲੈਬ ਵਿੱਚ ਵੱਡਾ ਫੇਰਬਦਲ ਕਰਦਿਆਂ ਆਮਦਨ ਕਰਦਾਤਿਆਂ ਤੇ ਕਾਰਪੋਰੇਟਾਂ ਨੂੰ ਰਾਹਤ ਦੇਣ ਦੇ ਨਾਲ ਹੋਰ ਕਈ ਵੱਡੇ ਐਲਾਨ ਕੀਤੇ ਹਨ। ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਖੇਤੀ ਤੇ ਬੁਨਿਆਦੀ ਢਾਂਚਾ ਸੈਕਟਰ ਨੂੰ ਰਿਕਾਰਡ ਪੈਸਾ ਅਲਾਟ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਬੈਂਕਾਂ ਦੇ ਨਾਕਾਮ ਹੋਣ ਦੀ ਸਥਿਤੀ ਵਿੱਚ ਖਾਤੇ ਵਿੱਚ ਜਮ੍ਹਾਂ ਰਾਸ਼ੀ ’ਤੇ ਇੰਸ਼ੋਰੈਂਸ ਵਜੋਂ ਮਿਲਦੇ ਇਕ ਲੱਖ ਰੁਪਏ ਦੀ ਸੀਮਾ ਨੂੰ ਵਧਾ ਕੇ ਪੰਜ ਲੱਖ ਕਰ ਦਿੱਤਾ ਹੈ। ਵਿੱਤ ਮੰਤਰੀ ਨੇ ਆਈਪੀਓ ਜ਼ਰੀਏ ਐੱਲਆਈਸੀ ਦੇ ਅਪਨਿਵੇਸ਼ ਦਾ ਵੀ ਐਲਾਨ ਕੀਤਾ। ਸਰਕਾਰ ਨੇ ਬਜਟ ਵਿੱਚ ਵਿੱਤੀ ਘਾਟਾ 3.8 ਫੀਸਦ ਤੇ ਜੀਡੀਪੀ 10 ਫੀਸਦ ਰਹਿਣ ਦਾ ਅਨੁਮਾਨ ਲਾਇਆ ਹੈ। ਉਂਜ ਬਜਟ ਪੇਸ਼ ਕਰਨ ਤੋਂ ਪਹਿਲਾਂ ਸੀਤਾਰਾਮਨ ਨੇ ਸਾਬਕਾ ਵਿੱਤ ਮੰਤਰੀ ਤੇ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ਨੂੰ ‘ਜੀਐੱਸਟੀ ਦਾ ਨਿਰਮਾਤਾ’ ਦੱਸ ਕੇ ਸ਼ਰਧਾਂਜਲੀ ਦਿੱਤੀ। ਸੀਤਾਰਾਮਨ ਨੇ ਰਿਕਾਰਡ 2 ਘੰਟੇ 43 ਮਿੰਟ ਤਕ ਬਜਟ ਦੀ ਰਿਪੋਰਟ ਪੜ੍ਹੀ।
1. ਜੇਤਲੀ ਨੂੰ ‘ਜੀਐੱਸਟੀ ਦਾ ਨਿਰਮਾਤਾ’ ਦੱਸ ਕੇ ਸ਼ਰਧਾਂਜਲੀ ਦਿੱਤੀ
2.ਪੌਸ਼ਟਿਕ ਖੁਰਾਕ ਪ੍ਰੋਗਰਾਮ ਲਈ 35600 ਕਰੋੜ ਦੀ ਤਜਵੀਜ਼
3. ਐੱਸਸੀ/ਬੀਸੀ ਲਈ 85000 ਕਰੋੜ ਤੇ ਐੱਸਟੀ ਲਈ 53700 ਕਰੋੜ
4. ਜੰਮੂ ਤੇ ਕਸ਼ਮੀਰ ਲਈ 30757 ਕਰੋੜ ਤੇ ਲੱਦਾਖ ਲਈ 5958 ਕਰੋੜ
5. ਆਮਦਨ ਨੂੰ ਹੁਲਾਰਾ ਤੇ ਖਰੀਦ ਸ਼ਕਤੀ ਵਧਾਉਣ ਨੂੰ ਮੁੱਖ ਟੀਚਾ ਦੱਸਿਆ
6.ਡਿਵੀਡੈਂਡ ਵੰਡ ਟੈਕਸ ਖ਼ਤਮ ਕੀਤਾ
7. ਆਮਦਨ ਕਰ ਸਲੈਬ ਵਿੱਚ ਵੱਡਾ ਬਦਲਾਅ, ਪੰਜ ਲੱਖ ਰੁਪਏ ਤਕ ਨਹੀਂ ਲੱਗੇਗਾ ਟੈਕਸ
8. ਬੈਂਕਾਂ ਵਿੱਚ ਜਮ੍ਹਾਂ ਪੰਜ ਲੱਖ ਰੁਪਏ ਦੀ ਰਾਸ਼ੀ ਸੁਰੱਖਿਅਤ
9. ਐੱਲਆਈਸੀ ਵਿੱਚ ਆਈਪੀਓ ਜ਼ਰੀਏ ਅੱਪਨਿਵੇਸ਼ ਦੀ ਖੁੱਲ੍ਹ
10. ਵਿੱਤੀ ਘਾਟਾ 3.8 ਫੀਸਦ ਤੇ ਜੀਡੀਪੀ 10 ਫੀਸਦ ਰਹਿਣ ਦਾ ਅਨੁਮਾਨ
11. ਕੰਪਨੀਜ਼ ਐਕਟ ਵਿੱਚ ਸੋਧ ਦਾ ਐਲਾਨ
12. ਕਿਸਾਨਾਂ ਲਈ ਕ੍ਰਿਸ਼ੀ ‘ਉਡਾਨ’, ‘ਕਿਸਾਨ ਰੇਲ ਸੇਵਾ’ ਤੇ ਕਿਸਾਨ ਕਰੈਡਿਟ ਸਕੀਮ
13.ਪੇਂਡੂ ਔਰਤਾਂ ਲਈ ਧਨ ਲਕਸ਼ਮੀ ਸਕੀਮ
14. 20 ਲੱਖ ਕਿਸਾਨਾਂ ਲਈ ਸੋਲਰ ਪੰਪ
15. ਸਾਲ 2025 ਤਕ ਟੀਬੀ ਦਾ ਖਾਤਮਾ
16. 2026 ਤਕ 150 ਯੂਨੀਵਰਸਿਟੀਆਂ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ
17. ਕੌਮੀ ਪੁਲੀਸ ਯੂਨੀਵਰਸਿਟੀ ਦੀ ਸਥਾਪਨਾ
18. ਵੱਡੇ ਹਸਪਤਾਲਾਂ ਨੂੰ ਪੀਜੀ ਕੋਰਸ ਸ਼ੁਰੂ ਕਰਨ ਲਈ ਹੱਲਾਸ਼ੇਰੀ
19.ਕੇਂਦਰ ਤੇ ਰਾਜਾਂ ਵਿੱਚ ਨਿਵੇਸ਼ ਕਲੀਅਰੈਂਸ ਸੈੱਲ ਦੀ ਸਥਾਪਨਾ
20. ਪੰਜ ਨਵੇਂ ਸਮਾਰਟ ਸ਼ਹਿਰ ਹੋਣਗੇ ਵਿਕਸਤ
21. ਇੰਡਸਟਰੀ ਤੇ ਵਣਜ ਦੀ ਪ੍ਰਮੋਸ਼ਨ ਲਈ 27300 ਕਰੋੜ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਲਗਾਤਾਰ ਦੂਜੀ ਵਾਰ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕੀਤਾ। ਉਨ੍ਹਾਂ ਵਿੱਤੀ ਸਾਲ 2020-21 ਦੇ ਬਜਟ ਨੂੰ ਮੁੱਖ ਤੌਰ ’ਤੇ ਤਿੰਨ ਹਿੱਸਿਆਂ- ‘ਇੱਛਾ ਤੇ ਖਾਹਿਸ਼ਾਂ ਰੱਖਣ ਵਾਲਾ ਭਾਰਤ, ਸਾਰਿਆਂ ਦਾ ਆਰਥਿਕ ਵਿਕਾਸ ਅਤੇ ਜ਼ਿੰਮੇਵਾਰ ਸਮਾਜ ਦੀ ਉਸਾਰੀ’ ਵਿੱਚ ਵੰਡਿਆ। ਉਨ੍ਹਾਂ ਕਿਹਾ ਕਿ ਬਜਟ ਦਾ ਮੁੱਖ ਨਿਸ਼ਾਨਾ ਆਮਦਨ ਨੂੰ ਹੁਲਾਰਾ ਤੇ ਖਰੀਦ ਸ਼ਕਤੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਦੇ ਮੂਲ ਤੱਤ ਕਾਫ਼ੀ ਮਜ਼ਬੂਤ ਹਨ ਤੇ ਮਹਿੰਗਾਈ ਕਾਬੂ ਹੇਠ ਹੈ। ਖੇਤੀ ਤੇ ਖੇਤੀ ਖੇਤਰ ਦੀ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਸ ਖੇਤਰ ਲਈ 2.83 ਲੱਖ ਕਰੋੜ ਰੁਪਏ ਰੱਖੇ ਹਨ ਤੇ ਇਸ ਰਾਸ਼ੀ ਵਿੱਚੋਂ ਕਿਸਾਨਾਂ ਨੂੰ ਕਰਜ਼ੇ ਦੇ ਰੂਪ ਵਿੱਚ 15 ਲੱਖ ਕਰੋੜ ਰੁਪਏ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਸਾਨਾਂ ਲਈ ‘ਕ੍ਰਿਸ਼ੀ ਉਡਾਨ’, ਕਿਸਾਨ ਰੇਲ ਸੇਵਾ ਤੇ ਕਿਸਾਨ ਕਰੈਡਿਟ ਕਾਰਡ ਜਿਹੀਆਂ ਸਕੀਮਾਂ ਦਾ ਐਲਾਨ ਕੀਤਾ। ਊਰਜਾ ਸੈਕਟਰ ਲਈ 40,740 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਆਮਦਨ ਕਰਦਾਤਿਆਂ ਨੂੰ ਟੈਕਸ ਵਿੱਚ ਰਾਹਤ ਦਿੰਦਿਆਂ ਵਿੱਤ ਮੰਤਰੀ ਨੇ ਟੈਕਸ ਸਲੈਬ ਵਿੱਚ ਮੌਜੂਦਾ 10 ਫੀਸਦ, 20 ਫੀਸਦ ਤੇ 30 ਫੀਸਦ ਦੀ ਥਾਂ ਦੋ ਨਵੀਂ ਟੈਕਸ ਸਲੈਬਾਂ 15 ਫੀਸਦ ਤੇ 25 ਫੀਸਦ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਇਹ ਨਵੀਂ ਸਲੈਬਾਂ ਵਿਅਕਤੀ ਵਿਸ਼ੇਸ਼ ਲਈ ਹਨ, ਜੋ ਵਿਸ਼ੇਸ ਕਟੌਤੀਆਂ ਜਾਂ ਛੋਟਾਂ ਦਾ ਲਾਭ ਨਹੀਂ ਲੈਂਦੇ। ਨਵੀਂ ਟੈਕਸ ਦਰਾਂ ਤਹਿਤ 2.5 ਲੱਖ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਕੋਈ ਟੈਕਸ ਨਹੀਂ ਲੱਗੇਗਾ। ਢਾਈ ਲੱਖ ਤੋਂ ਪੰਜ ਲੱਖ ਤਕ ਪੰਜ ਫੀਸਦ ਜਦੋਂਕਿ 5 ਲੱਖ ਤੋਂ ਸਾਢੇ ਸੱਤ ਲੱਖ ਤਕ 10 ਫੀਸਦ ਟੈਕਸ ਤਾਰਨਾ ਹੋਵੇਗਾ। ਦਸ ਲੱਖ, ਸਾਢੇ ਬਾਰਾਂ ਲੱਖ ਤੇ 15 ਲੱਖ ਤਕ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਕ੍ਰਮਵਾਰ 15, 20 ਤੇ 25 ਫੀਸਦ ਟੈਕਸ ਲੱਗੇਗਾ। 15 ਲੱਖ ਤੋਂ ਵੱਧ ਦੀ ਆਮਦਨ ਵਾਲੇ ਨੂੰ 30 ਫੀਸਦ ਟੈਕਸ ਅਦਾ ਕਰਨਾ ਹੋਵੇਗਾ। ਬਜਟ ਮੁਤਾਬਕ ਤਜਵੀਜ਼ਤ ਨਵੇਂ ਆਮਦਨ ਕਰ ਢਾਂਚੇ ਦੀ ਚੋਣ ਕਰਨ ਵਾਲੇ ਕਰਦਾਤੇ ਨੂੰ ਆਮਦਨ ਕਰ ਕਾਨੂੰਨ ਦੀ ਧਾਰਾ 80ਸੀ ਤੇ 80ਡੀ, ਯਾਤਰਾ ਭੱਤਾ, ਮਕਾਨ ਦੇ ਕਿਰਾਏ ਭੱਤੇ, ਖੁ਼ਦ ਦੇ ਮਕਾਨ ਲਈ ਕਰਜ਼ੇ ਦੇ ਵਿਆਜ ’ਤੇ ਮਿਲਣ ਵਾਲੇ ਲਾਭ ਤੇ ਕਟੌਤੀ ਉਪਲੱਬਧ ਨਹੀਂ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਆਮਦਨ ਕਰ ਦੀਆਂ ਨਵੀਆਂ ਦਰਾਂ ਵਿਕਲਪਕ ਹਨ। ਕਿਸੇ ਵੀ ਵਿਅਕਤੀ ਨੂੰ ਨਵੀਂ ਜਾਂ ਪੁਰਾਣੀ ਵਿਵਸਥਾ ਮੁਤਾਬਕ ਟੈਕਸ ਅਦਾ ਕਰਨ ਦੀ ਖੁੱਲ੍ਹ ਹੈ।
ਨਿਵੇਸ਼ ਨੂੰ ਹੁਲਾਰਾ ਦਿੰਦਿਆਂ ਵਿੱਤ ਮੰਤਰੀ ਨੇ ਸਟਾਰਟ-ਅੱਪਜ਼ ਲਈ ਟਰਨਓਵਰ ਦੀ ਲਿਮਟ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਈਐੱਸਪੀਓ’ਜ਼ (ਇੰਪਲਾਈ ਸਟਾਕ ਓਨਰਸ਼ਿਪ) ਨੂੰ ਲੱਗਣ ਵਾਲੇ ਟੈਕਸ ਨੂੰ ਪੰਜ ਸਾਲਾਂ ਲਈ ਮੁਲਤਵੀ ਕਰ ਦਿੱਤਾ। ਵਿੱਤ ਮੰਤਰੀ ਨੇ ਇੰਡਸਟਰੀ ਦੀ ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ ਖ਼ਤਮ ਕਰਨ ਦੀ ਮੰਗ ਨੂੰ ਵੀ ਮੰਨ ਲਿਆ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਇਕੁਇਟੀ ਨਿਵੇਸ਼ ਵਧੇਰੇ ਖਿੱਚਵਾਂ ਹੋ ਜਾਵੇਗਾ, ਹਾਲਾਂਕਿ ਸਰਕਾਰੀ ਖ਼ਜ਼ਾਨੇ ਨੂੰ 25000 ਕਰੋੜ ਦਾ ਨੁਕਸਾਨ ਝੱਲਣਾ ਪਏਗਾ। ਉਨ੍ਹਾਂ ਕੇਂਦਰ ਤੇ ਰਾਜਾਂ ਵਿੱਚ ਨਿਵੇਸ਼ ਕਲੀਅਰੈਂਸ ਸੈੱਲ ਦੀ ਸਥਾਪਤ ਕਰਨ ਦੀ ਵੀ ਤਜਵੀਜ਼ ਰੱਖੀ। ਉਨ੍ਹਾਂ ਕੰਪਨੀਜ਼ ਐਕਟ ਵਿੱਚ ਸੋਧ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਨਾਨ ਗਜ਼ਟਿਡ ਅਹੁਦਿਆਂ ਲਈ ਕੌਮੀ ਰਿਕਰੂਟਮੈਂਟ ਏਜੰਸੀ ਗਠਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਲੱਖ ਪੰਚਾਇਤਾਂ ਨੂੰ ‘ਭਾਰਤ ਨੈੱਟ’ ਨਾਲ ਜੋੜਿਆ ਜਾਵੇਗਾ। ਬਜਟ ਵਿੱਚ ਸਿੱਖਿਆ ਖੇਤਰ ਲਈ 99300 ਕਰੋੜ, ਸਿਹਤ ਲਈ 69000 ਕਰੋੜ, ਬੁਨਿਆਦੀ ਢਾਂਚੇ ਲਈ 100 ਲੱਖ ਕਰੋੜ, ਪਾਵਰ ਤੇ ਊਰਜਾ ਲਈ 22000 ਕਰੋੜ ਰੁਪਏ ਰੱਖੇ ਗਏ ਹਨ।
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ 16 ਸੂਤਰੀ ਕਾਰਜ ਯੋਜਨਾ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਖੇਤੀ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ 'ਮੰਤਰੀ ਫ਼ਸਲ ਬੀਮਾ ਯੋਜਨਾ' ਤਹਿਤ ਕਰੋੜਾਂ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚਾਇਆ ਜਾ ਰਿਹਾ ਹੈ | ਸੰਸਦ 'ਚ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ 6 ਕਰੋੜ 11 ਲੱਖ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਬੀਮਾ ਸਕੀਮ ਨਾਲ ਜੋੜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ | ਇਸ ਲਈ ਕਿਸਾਨਾਂ ਲਈ ਵਿਸ਼ੇਸ਼ ਮਾਰਕੀਟ ਖੋਲ੍ਹੀ ਜਾਵੇਗੀ, ਜਿਸ ਨਾਲ ਉਨ੍ਹਾਂ ਦੀ ਆਮਦਨ ਨੂੰ ਵਧਾਇਆ ਜਾਵੇਗਾ | ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਲਈ 16 ਸੂਤਰੀ ਫ਼ਾਰਮੂਲੇ ਦਾ ਐਲਾਨ ਕੀਤਾ ਹੈ ਜਿਸ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਇਆ
ਜਾਵੇਗਾ | ਉਨ੍ਹਾਂ ਕਿਹਾ ਕਿ ਅਗਲੇ 5 ਸਾਲਾ 'ਚ ਕਿਸਾਨਾਂ ਦੇ ਵਿਕਾਸ ਲਈ ਹੇਠ ਲਿਖੇ ਮੁੱਖ ਕੰਮ ਕੀਤੇ ਜਾਣਗੇ |
1- ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ 100 ਜ਼ਿਲਿ੍ਹਆਂ 'ਚ ਪਾਣੀ ਦਾ ਪ੍ਰਬੰਧ ਕਰਨ ਲਈ ਵੱਡੀ ਯੋਜਨਾ ਚਲਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕੋਈ ਸਮੱਸਿਆ ਪੇਸ਼ ਨਾ ਆ ਸਕੇ |
2- ਸੂਬਾ ਸਰਕਾਰਾਂ ਨੂੰ ਮਾਡਰਨ ਐਗਰੀਕਲਚਰਲ ਲੈਂਡ ਐਕਟ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ |
3- ਅੰਨਦਾਤਾ ਊਰਜਾ ਦਾਤਾ ਵੀ ਹੈ | ਪ੍ਰਧਾਨ ਮੰਤਰੀ 'ਕੁਸਮ ਸਕੀਮ' ਦਾ ਲਾਭ ਹੋਇਆ ਹੈ | ਹੁਣ ਅਸੀਂ 20 ਲੱਖ ਕਿਸਾਨਾਂ ਨੂੰ ਸੋਲਰ ਪੰਪ ਦੇਵਾਂਗੇ ਅਤੇ 15 ਲੱਖ ਕਿਸਾਨਾਂ ਦੇ ਗਰਿੱਡ ਪੰਪਾਂ ਨੂੰ ਸੌਰ ਊਰਜਾ ਨਾਲ ਜੋੜਿਆ ਜਾਵੇਗਾ |
4- ਖਾਦਾਂ ਦੀ ਸੰਤੁਲਿਤ ਵਰਤੋਂ 'ਤੇ ਜ਼ੋਰ ਦਿੱਤਾ ਜਾਵੇਗਾ | ਵੱਧ ਕੈਮੀਕਲ ਅਤੇ ਕੀੜੇਮਾਰ ਦਵਾਈਆਂ ਦੀ ਘੱਟ ਵਰਤੋਂ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ |
5- 162 ਮਿਲੀਅਨ ਟਨ ਭੰਡਾਰ ਕਰਨ ਦੀ ਸਮਰੱਥਾ ਹੈ | ਦੇਸ਼ 'ਚ ਮੌਜੂਦ ਗੋਦਾਮ, ਕੋਲਡ ਸਟੋਰੇਜ ਨੂੰ ਨਬਾਰਡ ਆਪਣੇ ਅੰਡਰ ਲਵੇਗਾ ਅਤੇ ਨਵੇਂ ਤਰੀਕਿਆਂ ਨਾਲ ਵਿਕਸਿਤ ਕੀਤਾ ਜਾਵੇਗਾ | ਦੇਸ਼ 'ਚ ਹੋਰ ਵੀ ਗੋਦਾਮ, ਕੋਲਡ ਸਟੋਰੇਜ ਬਣਾਏ ਜਾਣਗੇ | ਇਸ ਲਈ ਪੀ.ਪੀ.ਪੀ. ਮਾਡਲ ਅਪਣਾਇਆ ਜਾਵੇਗਾ | ਇਨ੍ਹਾਂ ਨੂੰ ਬਣਾਉਣ ਲਈ ਰਾਜ ਸਰਕਾਰ ਜ਼ਮੀਨ ਦੇ ਸਕਦੀ ਹੈ | ਐਫ.ਸੀ.ਆਈ. ਵੀ ਆਪਣੀ ਜ਼ਮੀਨ 'ਤੇ ਬਣਾ ਸਕਦੀ ਹੈ |
6- 'ਵਿਲੇਜ਼ ਸਟੋਰੇਜ ਸਕੀਮ: ਸੈਲਫ਼ ਹੈਲਪ ਗਰੁੱਪ ਦੇ ਰਾਹੀਂ ਚਲਾਈ ਜਾਵੇਗੀ |
7- ਦੁੱਧ, ਮੀਟ, ਮੱਛੀ ਸਮੇਤ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਦੀ ਟਰਾਂਸਪੋਰਟੇਸ਼ਨ ਲਈ ਵਿਸ਼ੇਸ਼ ਰੇਲਾਂ ਚਲਾਈਆਂ ਜਾਣਗੀਆਂ |
8-'ਕ੍ਰਿਸ਼ੀ ਉਡਾਨ ਯੋਜਨਾ' ਆਰੰਭ ਕੀਤੀ ਜਾਵੇਗੀ | ਇਹ ਯੋਜਨਾ ਖੇਤੀਬਾੜੀ ਮੰਤਰਾਲੇ ਵਲੋਂ ਆਰੰਭ ਹੋਵੇਗੀ | ਇਹ ਯੋਜਨਾ ਕੌਮਾਂਤਰੀ, ਰਾਸ਼ਟਰੀ ਮਾਰਗਾਂ 'ਤੇ ਸ਼ੁਰੂ ਕੀਤੀ ਜਾਵੇਗੀ |
9- 'ਹਾਰਟੀਕਲਚਰ' 311 ਮਿਲੀਅਨ ਟਨ ਦੇ ਨਾਲ ਇਹ ਅੰਨ ਉਤਪਾਦਨ ਤੋਂ ਅੱਗੇ ਨਿਕਲ ਚੁੱਕਾ ਹੈ | ਅਸੀਂ ਰਾਜਾਂ ਦੀ ਸਹਾਇਤਾ ਕਰਾਂਗੇ | 'ਇਕ ਉਤਪਾਦ ਇਕ ਜ਼ਿਲ੍ਹਾ' ਯੋਜਨਾ ਬਣਾਈ ਜਾਵੇਗੀ |
10- ਏਕੀਕ੍ਰਿਤ ਖੇਤੀ ਪ੍ਰਣਾਲੀ, ਸਿੰਚਾਈਯੋਗ ਇਲਾਕਿਆਂ 'ਚ ਕੁਦਰਤੀ ਖੇਤੀ ਅਤੇ ਜੈਵਿਕ ਖੇਤੀ ਦੇ ਰਾਹੀਂ ਆਨਲਾਈਨ ਮਾਰਕੀਟ 'ਚ ਵਾਧਾ ਕੀਤਾ ਜਾਵੇਗਾ |
11- ਔਰਤ ਕਿਸਾਨਾਂ ਲਈ ਧੰਨ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ ਗਿਆ |
12- ਕਿਸਾਨ ਕ੍ਰੈਡਿਟ ਕਾਰਡ ਯੋਜਨਾ 2021 ਤੱਕ ਵਧਾਈ ਜਾਵੇਗੀ | ਨਾਨ-ਬੈਂਕਿੰਗ ਫਾਈਨਾਂਸ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ | 15 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਸਾਨਾਂ ਨੂੰ ਦੇਣ ਦਾ ਟੀਚਾ ਰੱਖਿਆ ਗਿਆ ਹੈ |
13- ਮੂੰਹ ਖੋਰ ਦੀ ਬਿਮਾਰੀ, ਪੀ.ਪੀ.ਆਰ. ਦੀ ਬਿਮਾਰੀ 2025 ਤੱਕ ਖ਼ਤਮ ਹੋ ਜਾਵੇਗੀ | ਸਰਕਾਰ ਦੁੱਧ ਦੇ ਉਤਪਾਦਨ ਨੂੰ ਦੁਗਣਾ ਕਰਨ ਲਈ ਇਕ ਯੋਜਨਾ ਚਲਾਏਗੀ |
14- ਮਨਰੇਗਾ ਅੰਦਰ ਚਾਰਾਗਾਹ ਨੂੰ ਜੋੜਿਆ ਜਾਵੇਗਾ |
15- ਸਮੁੰਦਰੀ ਇਲਾਕਿਆਂ ਦੇ ਕਿਸਾਨਾਂ ਲਈ ਮੱਛੀ ਉਤਪਾਦਨ ਦਾ ਟੀਚਾ 208 ਮਿਲੀਅਨ ਟਨ, 3077 ਸਾਗਰ ਮਿੱਤਰ ਬਣਾਏ ਜਾਣਗੇ | ਤੱਟਵਰਤੀ ਇਲਾਕਿਆਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ | ਮੱਛੀ ਪ੍ਰੋਸੈਸਿੰਗ ਨੂੰ ਉਤਸ਼ਾਹਤ ਕੀਤਾ ਜਾਵੇਗਾ |
16- ਦੀਨ ਦਿਆਲ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਹਾਇਤਾ 'ਚ ਵਾਧਾ ਕੀਤਾ ਜਾਵੇਗਾ | ਇਸ ਦੇ 58 ਲੱਖ ਐਸ.ਐਚ.ਜੀ. ਬਣੇ ਹਨ, ਇਨ੍ਹਾਂ ਨੂੰ ਮਜ਼ਬੂਤ ਬਣਾਇਆ ਜਾਵੇਗਾ |
ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ 16 ਯੋਜਨਾਵਾਂ ਲਈ 2.83 ਲੱਖ ਕਰੋੜ ਰੁਪਏ ਦਾ ਫ਼ੰਡ ਰੱਖਿਆ ਗਿਆ ਹੈ ਅਤੇ ਕੁੱਲ ਫ਼ੰਡ 'ਚ ਖੇਤੀਬਾੜੀ, ਸਿੰਚਾਈ ਲਈ 1.2 ਲੱਖ ਕਰੋੜ ਰੁਪਏ ਦੀ ਰਾਸ਼ੀ ਸ਼ਾਮਿਲ ਹੈ |
ਬਜਟ-2020 ਦੂਰਦਰਸ਼ੀ ਅਤੇ ਅਸਰਦਾਰ, ਦੇਸ਼ ਦੇ ਹਰ ਨਾਗਰਿਕ ਨੂੰ ਵਿੱਤੀ ਤੌਰ ਉਤੇ ਮਜ਼ਬੂਤ ਕਰੇਗਾ -ਮੋਦੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਦਿੱਤਾ ਬਜਟ ਭਾਸ਼ਣ ਬਹੁਤ ‘ਲੰਮਾ’ ਸੀ -ਮਨਮੋਹਨ ਸਿੰਘ
ਬਜਟ ਰਣਨੀਤਕ ਪੱਖੋਂ ਕੋਰਾ, ਕੁਝ ਵੀ ਠੋਸ ਨਹੀਂ ਅਤੇ ਸਰਕਾਰ ਦੀਆਂ ਨੀਤੀਆਂ ਖੋਖ਼ਲੀਆਂ -ਰਾਹੁਲ
ਕੁਝ ਵੀ ਠੋਸ ਨਹੀਂ, ਸਿਰਫ਼ ਸ਼ੋਸ਼ੇਬਾਜ਼ੀ ਦੇ ਐਲਾਨ-ਕੈਪਟਨ
ਚੰਡੀਗੜ੍ਹ,ਕੇਂਦਰੀ ਬਜਟ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ 'ਚ ਕੁਝ ਵੀ ਠੋਸ ਨਹੀਂ, ਸਿਰਫ਼ ਸ਼ੋਸ਼ੇਬਾਜ਼ੀ ਦੇ ਐਲਾਨ ਹਨ | ਕੇਂਦਰ ਸਰਕਾਰ ਨੇ ਇਸ ਬਜਟ ਰਾਹੀਂ ਸਾਫ਼ ਕਰ ਦਿੱਤਾ ਕਿ ਆਰਥਿਕਤਾ ਉਨ੍ਹਾਂ ਦੀ ਪਹਿਲ ਨਹੀਂ, ਸਗੋਂ ਉਨ੍ਹਾਂ ਦਾ ਏਜੰਡਾ ਨਕਾਰਾਤਮਿਕਤਾ ਤੇ ਵੰਡ ਪਾਊ ਹੈ |
ਬਜਟ ਨੇ ਹਰੇਕ ਦੀਆਂ ਉਮੀਦਾਂ ਨੂੰ ਢਾਹ ਲਾਈ ਹੈ |
ਦਿੱਲੀ ਨਾਲ ਮੁੜ ਮਤਰੇਆਂ ਵਾਲਾ ਸਲੂਕ ਹੋਇਆ, ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ -ਕੇਜਰੀਵਾਲ
ਬਜਟ ਕਿਸਾਨ ਤੇ ਗ਼ਰੀਬ-ਪੱਖੀ-ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਬਜਟ ਦੀ ਕਿਸਾਨ-ਪੱਖੀ ਅਤੇ ਗਰੀਬ-ਪੱਖੀ ਬਜਟ ਵਜੋਂ ਸ਼ਲਾਘਾ ਕਰਦਿਆਂ ਕਿਹਾ ਕਿ ਆਮਦਨ ਕਰ ਵਿਚ ਦਿੱਤੀ ਛੋਟ ਨਾਲ ਆਮ ਆਦਮੀ ਨੂੰ ਲਾਭ ਹੋਵੇਗਾ | ਡਿਜੀਟਾਈਜੇਸ਼ਨ, ਬੁਨਿਆਦੀ ਢਾਂਚੇ ਅਤੇ ਇੰਡਸਟਰੀ ਨੂੰ ਹੁਲਾਰਾ ਦੇ ਕੇ ਉੱਚੀ ਜੀ.ਡੀ.ਪੀ. ਹਾਸਿਲ ਕਰਨ ਲਈ ਜ਼ਮੀਨ ਤਿਆਰ ਕਰ ਦਿੱਤੀ ਗਈ ਹੈ | ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਰੱਖੇ ਜਾਣ ਦਾ ਸਵਾਗਤ ਕੀਤਾ |
ਪੂਰੇ ਦੇਸ਼ ਨੂੰ ਨਿਰਾਸ਼ ਕਰ ਗਿਆ ਬਜਟ-ਭਗਵੰਤ ਮਾਨ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵਲੋਂ ਪੇਸ਼ ਬਜਟ ਨੂੰ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਇਸ ਵਾਰ ਫਿਰ ਨਾ ਕੇਵਲ ਪੰਜਾਬ ਅਤੇ ਦਿੱਲੀ ਨਾਲ ਮਤਰੇਆ ਸਲੂਕ ਕੀਤਾ ਹੈ, ਸਗੋਂ ਦੇਸ਼ ਦੇ ਹਰੇਕ ਵਰਗ ਨੂੰ ਨਿਰਾਸ਼ ਅਤੇ ਬੇ-ਉਮੀਦ ਕੀਤਾ ਹੈ |