You are here

ਬੰਦ ਪਈਆਂ ਸਹਿਕਾਰੀ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ-ਚੇਅਰਮੈਨ ਆਲੀਵਾਲ

ਚੰਡੀਗੜ੍ਹ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਪੰਜਾਬ ਦੀ ਕਿਰਸਾਨੀ ਨੂੰ ਉਤਸ਼ਾਹਿਤ ਅਤੇ ਫ਼ਸਲੀ ਚੱਕਰ 'ਚੋਂ ਕੱਢਣ ਲਈ ਸਹਿਕਾਰਤਾ ਵਿਭਾਗ ਨਾਲ ਜੁੜਿਆ ਅਦਾਰਾ ਸ਼ੂਗਰਫੈੱਡ ਪੰਜਾਬ ਹੁਣ ਸਹਿਕਾਰੀ ਖੰਡ ਮਿੱਲਾਂ ਅੰਦਰ ਗੁਣਵੱਤਾ ਵਧਾ ਕੇ ਉਤਪਾਦਨ ਤਹਿਤ ਗੁੜ-ਸ਼ੱਕਰ ਪੈਦਾ ਕਰੇਗਾ | ਇਹ ਪ੍ਰਗਟਾਵਾ ਸ਼ੂਗਰਫੈੱਡ ਪੰਜਾਬ ਚੇਅਰਮੈਨ ਅਮਰੀਕ ਸਿੰਘ ਆਲੀਵਾਲ ਵਲੋਂ ਕੀਤਾ ਗਿਆ | ਚੇਅਰਮੈਨ ਆਲੀਵਾਲ ਦੱਸਿਆ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਬਾਅਦ ਪੰਜਾਬ ਦੀਆਂ ਘਾਟੇ ਵਾਲੀਆਂ ਸਹਿਕਾਰੀ ਖੰਡਾ ਮਿੱਲਾਂ ਦੀ ਮੁੜ ਸੁਰਜੀਤੀ ਲਈ ਕਦਮ ਚੁੱਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਗੰਨਾ ਕਾਸ਼ਤਕਾਰਾਂ ਨੂੰ ਉੱਤਮ ਕਿਸਮ ਦਾ ਬੀਜ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਪੰਜਾਬ ਦੇ ਕਿਸਾਨ ਵੀ ਯੂ.ਪੀ. ਵਾਂਗ ਗੰਨੇ ਦੀ ਫ਼ਸਲ ਦਾ ਚੰਗਾ ਝਾੜ ਲੈ ਸਕਣ | ਚੇਅਰਮੈਨ ਆਲੀਵਾਲ ਦੱਸਿਆ ਕਿ ਉੱਤਮ ਸੀਡ ਲਈ ਇੰਡੀਅਨ ਕੌਾਸਲ ਆਫ ਰਿਸਰਚ ਕਰਨਾਲ ਦੁਆਰਾ ਗੰਨੇ ਦਾ ਸੀਡ ਪ੍ਰਾਪਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਸੰਭਾਲਣ ਲਈ ਕਿਸਾਨਾਂ ਨੂੰ ਮਜਦੂਰਾਂ ਦੀ ਥੁੜ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਥੁੜ ਪੂਰੀ ਕਰਨ ਲਈ ਚੰਗੀ ਕਿਸਮ ਦੀ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ, ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਮਜਦੂਰੀ ਰਹਿਤ ਕਰਨ ਲਈ ਸ਼ੂਗਰਫੈਡ ਵਲੋਂ ਗੰਨੇ ਦੀ ਬਿਜਾਈ ਅਤੇ ਗੁਡਾਈ ਲਈ ਵਿਸ਼ੇਸ਼ ਹਾਈਟੈਕਨਾਲੋਜੀ ਮਸ਼ੀਨਾਂ ਤਿਆਰ ਕਰਵਾਈਆਂ ਜਾਣਗੀਆਂ, ਜਿਸ ਨਾਲ ਕਿਸਾਨਾਂ ਦਾ ਖੇਤੀ ਖਰਚਾ ਘਟੇਗਾ | ਖੰਡ ਦੇ ਇਲਾਵਾ ਗੁੜ-ਸ਼ੱਕਰ ਦੇ ਮੰਡੀਕਰਨ ਬਾਰੇ ਸਵਾਲ 'ਚ ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਆਲੀਵਾਲ ਦੱਸਿਆ ਕਿ ਵਿਕਰੀ ਲਈ ਪਰਖ ਦੇ ਤੌਰ 'ਤੇ ਪੰਜਾਬ ਅਤੇ ਗੁਆਂਢੀ ਸੂਬਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ, ਪੰਜਾਬ ਦਾ ਗੁੜ-ਸ਼ੱਕਰ ਤਾਂ ਅਮਰੀਕਾ-ਕੈਨੇਡਾ ਵਰਗੇ ਦੇਸ਼ਾਂ ਵਿਚ ਵੀ ਹੱਥੋ-ਹੱਥ ਵਿਕ ਜਾਵੇਗਾ | ਆਲੀਵਾਲ ਕਿਹਾ ਕਿ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਉੱਚ ਗੁਣਵੱਤਾ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ ਸ਼ੂਗਰਫੈਡ ਵਲੋਂ ਫਤਿਹ ਬਰਾਂਡ ਦੇ ਨਾਂਅ ਹੇਠ ਸ਼ੁਰੂ ਕੀਤਾ ਗਿਆ ਹੈ |