ਰਜਿਸਟਰਡ ਉਸਾਰੀ ਕਿਰਤੀਆਂ ਨਾਲ ਸਬੰਧਤ 709 ਕੇਸਾਂ ਨੂੰ ਦਿੱਤੀ ਪ੍ਰਵਾਨਗੀ
ਕਪੂਰਥਲਾ, ਜਨਵਰੀ 2020 - (ਹਰਜੀਤ ਸਿੰਘ ਵਿਰਕ)-
‘ਪੰਜਾਬ ਬਿਲਡਿੰਗ ਐਂਡ ਅਦਰਜ਼ ਕੰਨਸਟਰਕਸ਼ਨ ਵੈਲਫੇਅਰ ਬੋਰਡ’ ਵੱਲੋਂ ਨਿਰਮਾਣ ਕਾਰਜਾਂ ਵਿਚ ਕੰਮ ਕਰਦੇ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਵੱਖ-ਵੱਖ 10 ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ, ਜਿਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਉਸਾਰੀ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤਹਿਤ ਲਾਭ ਦੇਣ ਲਈ ਸਬ-ਡਵੀਜ਼ਨ ਪੱਧਰੀ ਕਮੇਟੀ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਕਮੇਟੀ ਵੱਲੋਂ ਪੰਜੀਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜੀਫ਼ੇ ਅਤੇ ਹੋਰਨਾਂ ਮੱਦਾਂ ਨਾਲ ਸਬੰਧਤ 99,79,992 ਰੁਪਏ ਦੇ ਕੁੱਲ 709 ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਰਜਿਸਟਰਡ ਉਸਾਰੀ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸੇ ਤਰਾਂ ਛੁੱਟੀ ਦੌਰਾਨ ਯਾਤਰਾ ਦੀ ਸਹੂਲਤ ਲਈ 2 ਹਜ਼ਾਰ ਰੁਪਏ ਦੇਣ ਦਾ ਪ੍ਰਾਵਧਾਨ ਹੈ। ਇਸ ਤੋਂ ਇਲਾਵਾ ਵਜੀਫ਼ਾ ਸਕੀਮ ਤਹਿਤ ਕਿਰਤੀਆਂ ਦੇ ਬੱਚਿਆਂ ਨੂੰ 3 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦਾ ਵਜ਼ੀਫਾ ਦਿੱਤਾ ਜਾਂਦਾ ਹੈ। ਕਿਰਤੀਆਂ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਐਨਕਾਂ, ਦੰਦਾਂ ਤੇ ਸੁਣਨ ਵਾਲੇ ਯੰਤਰਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਰਾਂ ਰਜਿਸਟਰਡ ਲਾਭਪਾਤਰੀ ਦੀ ਐਕਸੀਡੈਂਟ ਕੇਸ ਵਿਚ ਮੌਤ ਦੀ ਸੂਰਤ ਵਿਚ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ’ਤੇ 3 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਿੱਤੀ ਜਾਂਦੀ ਹੈ। ਮੌਤ ਹੋਣ ਉਪਰੰਤ ਦਾਹ-ਸੰਸਕਾਰ ਅਤੇ ਅੰਤਿਮ ਕਿਰਿਆ ਕ੍ਰਮ ਦੇ ਖ਼ਰਚੇ ਲਈ 20 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਪ੍ਰਾਵਧਾਨ ਹੈ। ਰਜਿਸਟਰਡ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ-ਸੰਭਾਲ ਵਾਸਤੇ 20 ਹਜ਼ਾਰ ਰੁਪਏ ਪ੍ਰਤੀ ਸਾਲਾਨਾ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਉਨਾਂ ਦੇ ਘਰ ਨਵ ਜਨਮੀ ਬੇਟੀ ਲਈ ਬਾਲੜੀ ਤੋਹਫਾ ਸਕੀਮ ਤਹਿਤ 51 ਹਜ਼ਾਰ ਰੁਪਏ ਫਿਕਸ ਡਿਪੋਜ਼ਟ ਕਰਵਾਏ ਜਾਂਦੇ ਹਨ। ਇਸੇ ਤਰਾਂ 60 ਸਾਲ ਦੀ ਉਮਰ ਪੂਰੀ ਹੋਣ ’ਤੇ ਕਿਰਤੀ ਨੂੰ ਪੈਨਸ਼ਨ ਵੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਕਪੂਰਥਲਾ ਜਾਂ ਕਿਰਤ ਇੰਸਪੈਕਟਰ ਗ੍ਰੇਡ-1 ਕਪੂਰਥਲਾ, ਨਿੳੂ ਗੁਰੂ ਨਾਨਕ ਨਗਰ, ਨਜ਼ਦੀਕ ਮਿਲਟਰੀ ਸਟੇਸ਼ਨ, ਹਮੀਰਾ ਰੋਡ, ਕਪੂਰਥਲਾ ਅਤੇ ਕਿਰਤ ਇੰਸਪੈਕਟਰ ਗ੍ਰੇਡ-1, ਫਗਵਾੜਾ, ਨਵੀਂ ਦਾਣਾ ਮੰਡੀ, ਹੁਸ਼ਿਆਰਪੁਰ ਰੋਡ, ਫਗਵਾੜਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਸ. ਸੁਖਜਿੰਦਰ ਸਿੰਘ ਸਰਾਂ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
ਕੈਪਸ਼ਨ :-ਉਸਾਰੀ ਕਿਰਤੀਆਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ।