ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਰਵਾਇਆ ਕੰਮ ਸ਼ੁਰੂ, ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਲੱਗੇਗਾ 'ਸੀਵਰੇਜ ਟਰੀਟਮੈਂਟ ਪਲਾਂਟ'
ਰਾਏਕੋਟ/ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਰਾਏਕੋਟ ਸ਼ਹਿਰ 'ਚ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਰੂਪ ਧਾਰਨ ਕਰ ਚੁੱਕੀ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਦੂਰ ਕਰਨ ਦੇ ਮੰਤਵ ਨਾਲ ਸੀਵਰੇਜ ਬੋਰਡ ਵੱਲੋਂ ਸੀਵਰੇਜ ਕੰਮਾਂ ਦੀ ਰਸਮੀ ਸ਼ੁਰੂਆਤ ਅੱਜ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਵੱਲੋਂ ਕਰਵਾਈ ਗਈ, ਜਿਸ ਤਹਿਤ ਸ਼ਹਿਰ 'ਚ ਬਣਨ ਵਾਲੇ ਵੱਧ ਸਮਰੱਥਾ ਵਾਲੇ ਪੰਪਿੰਗ ਸਟੇਸ਼ਨ ਦਾ ਨੀਂਹ ਪੱਥਰ ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ, ਕਾਮਿਲ ਬੋਪਾਰਾਏ, ਐਕਸੀਅਨ ਜੀ.ਪੀ ਸਿੰਘ, ਈ.ਓ ਅਮਰਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਅਤੇ ਵੱਡੀ ਗਿਣਤੀ ਇਲਾਕਾ ਨਿਵਾਸੀਆਂ ਦੀ ਮੌਜ਼ੂਦਗੀ ਰੱਖਿਆ ਗਿਆ। ਵੱਖ-ਵੱਖ ਗੇੜਾਂ ਵਿੱਚ ਇਸ ਪ੍ਰੋਜੈਕਟ 'ਤੇ ਕੁੱਲ 30 ਕਰੋੜ ਰੁਪਏ ਖਰਚੇ ਜਾਣਗੇ। ਅਮਰ ਸਿੰਘ ਨੇ ਦੱਸਿਆ ਕਿ ਹੁਡਕੋ ਪ੍ਰੋਜੈਕਟ ਅਧੀਨ ਕੀਤੇ ਜਾ ਰਹੇ ਇਸ ਪਹਿਲੇ ਗੇੜ ਦੇ ਕੰਮ 'ਤੇ 2.92 ਕਰੋੜ ਰੁਪਏ ਖਰਚੇ ਜਾਣਗੇ। ਇਹ ਪ੍ਰੋਜੈਕਟ ਅਗਲੇ 9 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤਿੰਨ ਹਿੱਸਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ, ਜਿਸ ਵਿੱਚ 750 ਮੀਟਰ ਮੇਨ ਸੀਵਰ ਲਾਈਨ, 1790 ਰਾਈਜ਼ਿੰਗ ਮੇਨ ਲਾਈਨ ਅਤੇ ਮੇਨ ਪੰਪਿੰਗ ਸਟੇਸ਼ਨ ਦਾ ਵਿਸਤਾਰ ਕੀਤਾ ਜਾਵੇਗਾ। ਇਸ ਤਰਾਂ ਸ਼ਹਿਰ ਦੇ ਸੀਵਰੇਜ਼ ਦੀ ਕਪੈਸਟੀ ਵਿੱਚ ਵੱਡੀ ਪੱਧਰ 'ਤੇ ਵਾਧਾ ਹੋ ਜਾਵੇਗਾ। ਉਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸ਼ਹਿਰ ਵਿੱਚ 25 ਕਿਲੋਮੀਟਰ ਸੀਵਰੇਜ ਲਾਈਨ ਕੰਮ ਕਰ ਰਹੀ ਹੈ, ਜੋ ਕਿ ਪੁਰਾਣੀ ਅਤੇ ਤੰਗ ਹੈ, ਜਿਸ ਕਾਰਨ ਸ਼ਹਿਰ ਵਿੱਚ ਪਾਣੀ ਰੁਕਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਦਾ ਗੰਦਾ ਪਾਣੀ ਸ਼ਹਿਰ ਦੇ ਬਾਹਰੋਂ-ਬਾਹਰੋਂ ਕੱਚਾ ਕਿਲਾ ਡਰੇਨ ਵਿੱਚ ਪਾ ਦਿੱਤਾ ਜਾਵੇਗਾ। ਡਾ. ਅਮਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ 'ਸੀਵਰੇਜ ਟਰੀਟਮੈਂਟ ਪਲਾਂਟ' ਵੀ ਲਗਾਇਆ ਜਾਵੇਗਾ, ਜਿਸ ਦੀ ਟੈਂਡਰ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਅੱਜ ਸ਼ਹਿਰ ਦੇ ਪੰਪਿੰਗ ਸਟੇਸ਼ਨ ਦੀ ਸਮਰੱਥਾ 10 ਤੋਂ ਵਧਾ ਕੇ 23 ਐਮ.ਐਲ.ਡੀ ਤੱਕ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ 50 ਕਿ. ਮੀ. ਸੀਵਰੇਜ ਲਾਈਨ ਵੀ ਪਾਈ ਜਾਵੇਗੀ, ਜਿਸ ਦੇ ਪੈਣ ਤੋਂ ਬਾਅਦ ਸ਼ਹਿਰ 'ਚ ਗੰਦੇ ਪਾਣੀ ਦੇ ਓਵਰ ਫਲੋਅ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਵਿੱਚ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਉਹ ਛੇਤੀ ਹੀ ਰਾਏਕੋਟ ਸ਼ਹਿਰ ਵਾਸੀਆਂ ਨੂੰ ਗੈਸ ਪਾਈਪ ਲਾਈਨ ਸਪਲਾਈ ਦੀ ਸੁਵਿਧਾ ਵੀ ਮੁਹੱਈਆ ਕਰਵਾ ਦੇਣਗੇ। ਉਨਾਂ ਰਾਏਕੋਟ ਸ਼ਹਿਰ ਨੂੰ ਇਕ ਨਮੂਨੇ ਦਾ ਸ਼ਹਿਰ ਬਣਾਉਣ ਦਾ ਜੋ ਵਾਅਦਾ ਸ਼ਹਿਰ ਵਾਸੀਆਂ ਨਾਲ ਕੀਤਾ ਹੈ ਉਹ ਉਸ ਵਾਅਦੇ ਨੂੰ ਹਰ ਹਾਲਤ ਵਿੱਚ ਪੂਰਾ ਕਰਨਗੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੁਖਪਾਲ ਸਿੰਘ ਗੋਂਦਵਾਲ, ਵਾਈਸ ਚੇਅਰਮੈਨ ਸੁਦਰਸ਼ਨ ਜੋਸ਼ੀ, ਏਬੰਤ ਜੈਨ, ਵਿਨੋਦ ਜੈਨ ਰਾਜੂ, ਬਲਜਿੰਦਰ ਸਿੰਘ ਰਿੰਪਾ, ਪ੍ਰਭਦੀਪ ਸਿੰਘ ਗਰੇਵਾਲ, ਕਮਲਪ੍ਰੀਤ ਸਿੰਘ ਨੱਥੋਵਾਲ, ਨਰੈਣ ਦੱਤ ਕੌਸ਼ਿਕ, ਕੌਂਸਲਰ ਹਰਵਿੰਦਰ ਸਿੰਘ ਬਿੱਟੂ, ਬਲਜਿੰਦਰ ਸਿੰਘ ਗਰੇਵਾਲ, ਠੇਕੇਦਾਰ ਮੁਖਤਿਆਰ ਸਿੰਘ, ਗੋਪਾਲ ਜੋਸ਼ੀ, ਮੰਗਤ ਰਾਏ ਬਾਂਸਲ, ਵਰਿੰਦਰ ਕੁਮਾਰ ਕਾਲਾ, ਸੁਖਪਾਲ ਸਿੰਘ ਕਾਕੂ, ਰਜਿੰਦਰ ਭੀਲ, ਸੋਹਣ ਸਿੰਘ ਬੁਰਜ, ਮੇਜਰ ਗਿੱਲ, ਸੁਮਨਦੀਪ ਸਿੰਘ ਦੀਪਾ, ਪਟਵਾਰੀ ਇਕਬਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਮੌਜ਼ੂਦ ਸਨ।