*ਪ੍ਰਲੇਸ ਚੰਡੀਗੜ੍ਹ ਇਕਾਈ ਦੀ ਨਵੀੰ ਟੀਮ ਦੀ ਵੀ ਹੋਈ ਚੋਣ*
ਚੰਡੀਗੜ੍ਹ, 24ਮਾਰਚ (ਬਲਵੀਰ ਸਿੰਘ ਬੱਬੀ)ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਵੱਲੋੰ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਵਸ ਮੌਕੇ ਭਾਈ ਸੰਤੋਖ ਸਿੰਘ ਹਾਲ ਸੈਕਟਰ 21 ਵਿਖੇ 'ਭਗਤ ਸਿੰਘ ਦੀ ਵਿਚਾਰਧਾਰਾ ਤੇ ਘਾਲਣਾ ਵਿਸ਼ੇ 'ਤੇ ਸਮਾਗਮ ਕਰਵਾਇਆ ਗਿਆ। ਮੁਖ ਸੁਰ ਭਾਸ਼ਣ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਸਰਬਜੀਤ ਸਿੰਘ ਨੇ ਦਿੱਤਾ। ਉਨ੍ਹਾਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ਲਈ ਤਤਕਾਲੀ ਰਾਜਸੀ, ਧਾਰਮਿਕ ਤੇ ਸਮਾਜਿਕ ਸੰਦਰਭਾਂ ਨੂੰ ਧਿਆਨ 'ਚ ਰੱਖਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਦੀ ਬੁੱਤਕਾਰੀ ਦੀ ਨਹੀੰ, ਸਗੋੰ ਭਗਤ ਸਿੰਘ ਦੀ ਵਿਚਾਰਧਾਰਾ ਤੋੰ ਪ੍ਰੇਰਣਾ ਲੈਣ ਦੀ ਲੋੜ ਹੈ। ਪ੍ਰਲੇਸ, ਭਾਰਤ ਦੇ ਜਨਰਲ ਸਕੱਤਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਅਜੋਕੇ ਸੰਕਟਗ੍ਰਸਤ ਸਮਿਆਂ 'ਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਹੀ ਪਰੀਪੇਖ ਵਿੱਚ ਰੱਖ ਕੇ ਦੇਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਉਸ ਦੇ ਸਖਸ਼ੀ ਬਿੰਬ ਨੂੰ ਤੋੜ ਮਰੋੜ ਕੇ ਦੇਖਣ ਤੇ ਵਰਤਣ ਦਾ ਰੁਝਾਨ ਵਧੇਗਾ।ਇਸ ਮੌਕੇ ਗੁਰਨਾਮ ਕੰਵਰ ਨੇ ਲੋਕਵਿਰੋਧੀ ਤਾਕਤਾਂ ਵੱਲੋੰ ਭਗਤ ਸਿੰਘ ਦੇ ਬਿੰਬ ਨੂੰ ਵਿਗਾੜਨ ਤੋੰ ਵੀ ਸੁਚੇਤ ਕੀਤਾ। ਬਲਕਾਰ ਸਿੱਧੂ ਨੇ ਕਿਹਾ ਕਿ ਅਜਿਹੇ ਗਿਆਨਭਰਪੂਰ ਲੈਕਚਰ ਸਮੇੰ ਦੀ ਲੋੜ ਹਨ। ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਪ੍ਰਲੇਸ ਚੰਡੀਗੜ੍ਹ ਅਜਿਹੇ ਸਾਰਥਿਕ ਸਮਾਗਮ ਕਰਵਾਉਣ ਲਈ ਵਚਨਬੱਧ ਰਹੇਗਾ। ਬਲਵਿੰਦਰ ਚਹਿਲ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਮੌਕੇ ਸੁਰਿੰਦਰ ਗਿੱਲ, ਸਿਰੀ ਰਾਮ ਅਰਸ਼, ਸਰਦਾਰਾ ਸਿੰਘ ਚੀਮਾ, ਸੰਜੀਵਨ ਸਿੰਘ, ਗੁਰਮਿੰਦਰ ਸਿੱਧੂ, ਬਲਵਿੰਦਰ ਢਿੱਲੋਂ, ਦਰਸ਼ਨ ਤਿਉਣਾ, ਪਾਲ ਅਜਨਬੀ, ਸਿਮਰਜੀਤ ਕੌਰ ਗਰੇਵਾਲ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ ।ਸਮਾਗਮ ਤੋੰ ਬਾਅਦ ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਇਕਾਈ ਦੀ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਟੀਮ ਦੀ ਚੋਣ ਹੋਈ ਜਿਸ ਵਿੱਚ ਡਾ. ਲਾਭ ਸਿੰਘ ਖੀਵਾ ਨੂੰ ਸਰਪ੍ਰਸਤ, ਡਾ. ਗੁਰਮੇਲ ਸਿੰਘ ਨੂੰ ਪ੍ਰਧਾਨ, ਡਾ. ਰਾਜਿੰਦਰ ਸਿੰਘ (ਡੀ.ਏ.ਵੀ. ਕਾਲਜ) ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰ ਚਹਿਲ ਨੂੰ ਜਨਰਲ ਸਕੱਤਰ, ਸਿਮਰਜੀਤ ਕੌਰ ਗਰੇਵਾਲ ਨੂੰ ਮੀਤ ਪ੍ਰਧਾਨ, ਕਰਮ ਸਿੰਘ ਵਕੀਲ ਨੂੰ ਪ੍ਰੈੱਸ ਸਕੱਤਰ ਅਤੇ ਮਲਕੀਅਤ ਬਸਰਾ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਦੇਵੀ ਦਿਆਲ ਸ਼ਰਮਾ, ਖੁਸ਼ਹਾਲ ਸਿੰਘ ਨਾਗਾ, ਡਾ. ਬਲਦੇਵ ਖਹਿਰਾ, ਪ੍ਰਲਾਦ ਸਿੰਘ, ਊਸ਼ਾ ਕੰਵਰ, ਮਨਜੀਤ ਕੌਰ ਮੀਤ, ਕਰਮ ਸਿੰਘ ਵਕੀਲ,ਸੁਰਜੀਤ ਸੁਮਨ, ਸ਼ਿੰਗਾਰਾ ਸਿੰਘ, ਐਡਵੋਕੇਟ ਜੁਗਿੰਦਰ ਸ਼ਰਮਾ ਸਮੇਤ ਵਿਦਿਆਰਥੀ ਨੌਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ।